Latest News
ਨਾਗੋਰਨੋ-ਕਾਰਾਬਾਖ 'ਚ ਅਰਮੇਨੀਆ ਤੇ ਅਜ਼ਰਬਾਈਜਾਨ ਵਿਚਾਲੇ ਲੜਾਈ ਛਿੜੀ

Published on 27 Sep, 2020 10:24 AM.

ਯੇਰੇਵਾਨ : ਅਰਮੇਨੀਆ ਅਤੇ ਅਜ਼ਰਬਾਈਜਾਨ ਵਿਚਾਲੇ ਐਤਵਾਰ ਵੱਖਵਾਦੀ ਖਿੱਤੇ ਨਾਗੋਰਨੋ-ਕਾਰਾਬਾਖ ਉਦਾਲੇ ਲੜਾਈ ਛਿੜ ਪਈ ਅਤੇ ਅਰਮੇਨੀਅਨ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਜ਼ਰਬਾਈਜਾਨ ਦੇ ਦੋ ਹੈਲੀਕਾਪਟਰ ਫੁੰਡ ਦਿੱਤੇ ਗਏ ਹਨ। ਰੱਖਿਆ ਮੰਤਰਾਲੇ ਦੀ ਤਰਜਮਾਨ ਸੁਸ਼ਆਨ ਸਤੇਪਨਿਆਨ ਨੇ ਇਹ ਵੀ ਦੱਸਿਆ ਕਿ ਅਰਮੇਨੀਅਨ ਫੌਜਾਂ ਨੇ ਅਜ਼ਰਬਾਈਜਾਨ ਦੇ ਤਿੰਨ ਟੈਂਕ ਵੀ ਤਬਾਹ ਕਰ ਦਿੱਤੇ ਹਨ। ਮਰਨ ਜਾਂ ਜ਼ਖਮੀ ਹੋਣ ਵਾਲਿਆਂ ਬਾਰੇ ਫੌਰੀ ਤੌਰ 'ਤੇ ਪਤਾ ਨਹੀਂ ਲੱਗ ਸਕਿਆ। ਨਾਗੋਰਨੋ-ਕਾਰਾਬਾਖ ਅਜ਼ਰਬਾਈਜਾਨ ਵਿਚ ਘਿਰਿਆ ਹੋਇਆ ਨਸਲੀ ਅਰਮੇਨੀਅਨ ਇਲਾਕਾ ਹੈ, ਜਿਹੜਾ 1994 ਦੀ ਜੰਗ ਦੇ ਅੰਤ ਤੋਂ ਲੈ ਕੇ ਅਜ਼ਰਬਾਈਜਾਨ ਦੇ ਕੰਟਰੋਲ ਤੋਂ ਬਾਹਰ ਹੈ। ਦੋਹਾਂ ਦੇਸ਼ਾਂ ਦੀ ਉਥੇ ਕਾਫੀ ਫੌਜੀ ਮੌਜੂਦਗੀ ਹੈ। ਨਾਗੋਰਨੋ-ਕਾਰਾਬਾਖ ਨੇ ਖੁਦ ਨੂੰ ਗਣਰਾਜ ਐਲਾਨਿਆ ਹੋਇਆ ਹੈ। ਅਜ਼ਰਬਾਈਜਾਨ ਦੇ ਰੱਖਿਆ ਮੰਤਰਾਲੇ ਨੇ ਹੈਲੀਕਾਪਟਰ ਜਾਂ ਟੈਂਕਾਂ ਦੀ ਤਬਾਹੀ ਦਾ ਖੰਡਨ ਕੀਤਾ ਹੈ, ਪਰ ਰਾਸ਼ਟਰਪਤੀ ਇਲਹਾਮ ਅਲੀਏਵ ਨੇ ਕਿਹਾ ਕਿ ਫੌਜਾਂ ਤੇ ਆਮ ਲੋਕਾਂ ਦਾ ਨੁਕਸਾਨ ਹੋਇਆ ਹੈ। ਅਜ਼ਰਬਾਈਜਾਨ ਦੇ ਕੱਟੜ ਹਮਾਇਤੀ ਤੁਰਕੀ ਨੇ ਅਰਮੇਨੀਆ ਦੀ ਨਿੰਦਾ ਕੀਤੀ ਹੈ। ਨਾਗੋਰਨੋ-ਕਾਰਾਬਾਖ ਕੋਈ 4400 ਵਰਗ ਕਿਲੋਮੀਟਰ ਦਾ ਇਲਾਕਾ ਹੈ ਤੇ ਇਥੇ ਬਹੁਤੇ ਪਹਾੜ ਹਨ। ਇਹ ਅਰਮੇਨੀਅਨ ਸਰਹੱਦ ਤੋਂ 50 ਕਿਲੋਮੀਟਰ ਦੂਰ ਹੈ। ਜੁਲਾਈ ਵਿਚ ਹੋਈ ਝੜਪ ਵਿਚ ਦੋਹਾਂ ਦੇਸ਼ਾਂ ਦੇ 16 ਲੋਕ ਮਾਰੇ ਗਏ ਸਨ।

128 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper