Latest News
ਬਿਜਲੀ ਮੁਲਾਜ਼ਮਾਂ ਵੱਲੋਂ ਸੰਘਰਸ਼ ਤਿੱਖਾ ਕਰਨ ਦਾ ਪ੍ਰਣ

Published on 27 Sep, 2020 10:25 AM.


ਜਲੰਧਰ (ਰਾਜੇਸ਼ ਥਾਪਾ)
ਬਿਜਲੀ ਕਾਮਿਆਂ ਦੀ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਕਮੇਟੀ ਅਹੁਦੇਦਾਰਾਂ ਤੋ ਇਲਾਵਾ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਸਤਨਾਮ ਸਿੰਘ ਛਲੇੜੀ ਸਮੇਤ ਸਾਰੇ ਪੰਜਾਬ ਤੋਂ ਸਰਕਲਾਂ ਦੇ ਪ੍ਰਧਾਨ/ਸਕੱਤਰਾਂ ਨੇ ਭਰਵੀਂ ਸਮੂਲੀਅਤ ਕੀਤੀ। ਮੀਟਿੰਗ ਸ਼ੁਰੂ ਹੋਣ ਤੋ ਪਹਿਲਾਂ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਵੱਲੋਂ ਪੇਸ਼ ਕੀਤੇ ਸ਼ੋਕ ਮਤੇ ਰਾਹੀਂ ਪਿਛਲੇ ਸਮੇਂ ਵਿੱਚ ਜਥੇਬੰਦੀ ਦੇ ਆਗੂਆਂ/ਵਰਕਰਾਂ ਸਮੇਤ ਆਗੂਆਂ ਦੇ ਸਕੇ-ਸੰਬੰਧੀਆਂ ਦੇ ਬੇਵਕਤੀ ਵਿਛੋੜੇ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਪੇਸ਼ ਕੀਤੇ ਏਜੰਡੇ 'ਤੇ ਸਰਕਲਾਂ ਦੇ ਪ੍ਰਧਾਨ/ ਸਕੱਤਰਾਂ ਨੇ ਭਖਵੀਂ ਬਹਿਸ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖਿਲਾਫ ਚੱਲ ਰਹੇ ਸੰਘਰਸ਼ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਗਲੇ ਸੰਘਰਸ਼ਾਂ ਨੂੰ ਕਾਮਯਾਬ ਕਰਨ ਦਾ ਅਹਿਦ ਲਿਆ।
ਸੂਬਾ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਨਰਿੰਦਰ ਬੱਲ, ਰਮਨ ਭਾਰਦਵਾਜ, ਬਲਜਿੰਦਰ ਕੌਰ, ਸਰਿੰਦਰਪਾਲ ਸਿੰਘ ਲਹੌਰੀਆ, ਪ੍ਰਦਿਊਮਨ ਗੌਤਮ, ਗੁਰਵਿੰਦਰ ਸਿੰਘ ਰੋਪੜ, ਬਲਬੀਰ ਸਿੰਘ ਮਾਨ, ਸੁਖਦੇਵ ਸਿੰਘ ਬਾਬਾ ਨੇ ਮੋਨਟੇਕ ਸਿੰਘ ਆਹਲੂਵਾਲੀਆ ਦੀਆਂ ਲੋਕ ਵਿਰੋਧੀ ਸਿਫਾਰਸ਼ਾਂ ਤੇ ਵਿਭਾਗ ਵਿੱਚ ਖਾਲੀ ਪਈਆਂ 40,000 ਅਸਾਮੀਆਂ ਖਤਮ ਕਰਨ ਦੀ ਤਜਵੀਜ਼ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਪੋਰਟਸ ਸੈੱਲ ਖਤਮ ਕਰਨ ਦੀ ਕਰੜੀ ਨਿੰਦਾ ਕੀਤੀ। ਜ਼ੋਨ ਕਨਵੀਨਰਾਂ ਪੂਰਨ ਸਿੰਘ ਮਾੜੀਮੇਘਾ, ਮਨਜੀਤ ਸਿੰਘ ਮਨਸੂਰਾਂ, ਗੁਰਮੇਲ ਸਿੰਘ ਨਾਹਰ, ਮਨਜੀਤ ਸਿੰਘ ਬਾਸਰਕੇ, ਰਾਜਪਾਲ ਸਿੰਘ, ਬਾਬੂ ਰਾਮ ਤੇ ਦਵਿੰਦਰ ਸਿੰਘ ਸੈਣੀ ਨੇ ਪੈਸਕੋ ਕੰਪਨੀ ਰਾਹੀਂ ਭਰਤੀ ਕੀਤੇ ਕਾਮਿਆਂ ਦੀ ਛਾਂਟੀ ਕਰਨ, ਨਵੇਂ ਭਰਤੀ ਹੋ ਰਹੇ ਕਰਮਚਾਰੀਆਂ ਦੇ ਸੀ ਪੀ ਅੱੈਫ ਵਿੱਚ 14 ਫੀਸਦੀ ਮੈਚਿੰਗ ਸ਼ੇਅਰ ਜਮ੍ਹਾਂ ਰਾਸੀ ਵਿੱਚ ਕਟੌਤੀ ਕਰਨ ਦੇ ਮਾਰੂ ਫੈਸਲਿਆਂ ਵਿਰੁੱਧ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਐਲਾਨ ਕੀਤੇ ਸੰਘਰਸ਼ ਪ੍ਰੋਗਰਾਮ 7 ਅਕਤੂਬਰ ਤੋਂ 10 ਅਕਤੂਬਰ ਤੱਕ ਸਬ-ਡਵੀਜ਼ਨ ਅਤੇ ਡਵੀਜ਼ਨ ਪੱਧਰ 'ਤੇ ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ 18 ਅਕਤੂਬਰ ਤੋਂ 20 ਨਵੰਬਰ ਤੱਕ ਸਰਕਲ ਪੱਧਰੀ ਕਨਵੈਨਸ਼ਨਾਂ ਕਰਕੇ ਵਰਕਰਾਂ ਨੂੰ ਲਾਮਬੰਦ ਕਰਕੇ ਹਾਕਮ ਜਮਾਤਾਂ ਵੱਲੋਂ ਮੁਲਾਜ਼ਮਾਂ 'ਤੇ ਹੋ ਰਹੇ ਚੌਤਰਫੀ ਹੱਲਿਆਂ ਨੂੰ ਠੱਲ੍ਹਣ ਅਤੇ ਵਾਜਿਬ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ਾਂ ਦੀ ਤਿਆਰੀ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ ਜਾਵੇਗਾ।
ਸੂਬਾ ਵਰਕਿੰਗ ਕਮੇਟੀ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਬਿਜਲੀ ਕਾਮਿਆਂ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਅੱੈਫ ਈ ਆਗੂ ਸਤਨਾਮ ਸਿੰਘ ਛਲੇੜੀ ਨੇ ਬਿਜਲੀ ਸੋਧ ਬਿੱਲ 2020 ਦੇ ਬਿਜਲੀ ਕਾਮਿਆਂ 'ਤੇ ਪੈਣ ਵਾਲੇ ਮਾਰੂ ਪ੍ਰਭਾਵ 'ਤੇ ਚਾਨਣਾ ਪਾਉਂਦਿਆਂ ਕੇਂਦਰ ਸਰਕਾਰ ਕੋਲੋਂ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਕੀਤੀ।

126 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper