Latest News
ਕਿਸਾਨਾਂ ਦੀਆਂ ਹੁਣ ਅੰਬਾਨੀਆਂ ਤੇ ਅਡਾਨੀਆਂ ਵੱਲ ਮੁਹਾਰਾਂ

Published on 27 Sep, 2020 10:31 AM.


ਜਗਰਾਓਂ (ਸੰਜੀਵ ਅਰੋੜਾ)
ਕਾਲੇ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਨੂੰ ਅਹਿਮ ਮੋੜ ਦਿੰਦਿਆਂ ਕਿਸਾਨਾਂ ਨੇ ਐਤਵਾਰ ਜਗਰਾਓਂ ਕੋਲ ਪੈਂਦੇ ਅਲੀਗੜ੍ਹ 'ਚ ਰਿਲਾਇੰਸ ਦੇ ਵੱਡੇ ਪੈਟਰੋਲ ਪੰਪ ਦਾ ਘਿਰਾਓ ਕੀਤਾ। ਕਿਸਾਨਾਂ ਨੇ ਕਿਹਾ ਕਿ ਨਵੇਂ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਜ਼ਮੀਨਾਂ 'ਤੇ ਕਬਜ਼ੇ ਕਰਾਉਣ ਲਈ ਬਣਾਏ ਗਏ ਹਨ। ਇਸ ਕਰਕੇ ਹੁਣ ਉਨ੍ਹਾਂ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਖਿਲਾਫ ਲੜਾਈ ਦਾ ਫੈਸਲਾ ਕੀਤਾ ਹੈ।
ਐਤਵਾਰ ਨੂੰ ਜਗਰਾਉਂ ਜੀ ਟੀ ਰੋਡ ਸਥਿਤ ਰਿਲਾਇੰਸ ਪੈਟਰੋਲ ਪੰਪ ਦਾ ਆਸ-ਪਾਸ ਦੇ 10 ਪਿੰਡਾਂ ਦੇ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਅਤੇ ਲੋਕਾਂ ਨੂੰ ਰਿਲਾਇੰਸ ਪੰਪ ਤੋਂ ਪੈਟਰੋਲ ਨਾ ਪਵਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪਿੰਡ ਤਲਵੰਡੀ ਕਲਾਂ, ਗੁੜ੍ਹੇ, ਤਲਵੰਡੀ ਖੁਰਦ, ਮਾਜਰੀ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਸੋਹੀਆਂ, ਪੱਬੀਆਂ, ਮੋਰਕਰੀਮਾਂ ਤੇ ਚੌਕੀਮਾਨ ਆਦਿ ਪਿੰਡਾਂ ਦੇ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਲੱਗੀ ਹੋਈ ਹੈ ਤੇ ਵੱਡੇ-ਵੱਡੇ ਘਰਾਣਿਆਂ ਨੂੰ ਦੇਸ਼ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਆਪਾਂ ਸਾਰਿਆਂ ਨੂੰ ਰਿਲਾਇੰਸ ਪੈਟਰੋਲ ਪੰਪ ਅਤੇ ਰਿਲਾਇੰਸ ਦੀਆਂ ਸਾਰੀਆਂ ਚੀਜ਼ਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀ ਰਿਲਾਇੰਸ ਪੈਟਰੋਲ ਤੋਂ ਤੇਲ ਨਾ ਪਵਾਓ। ਇਸ ਮੌਕੇ ਸਰਪੰਚ ਹਰਬੰਸ ਸਿੰਘ ਖਾਲਸਾ ਤਲਵੰਡੀ ਕਲਾਂ, ਸਰਪੰਚ ਪ੍ਰਗਟ ਸਿੰਘ ਸਵੱਦੀ, ਸਰਪੰਚ ਦਲਜੀਤ ਸਿੰਘ ਸਵੱਦੀ, ਜਗਦੇਵ ਸਿੰਘ ਜੱਗਾ, ਪ੍ਰਧਾਨ ਤੀਰਥ ਸਿੰਘ ਤਲਵੰਡੀ ਖੁਰਦ, ਜਸਮੇਲ ਸਿੰਘ ਜੱਸਾ, ਅਮੋਲਕ ਸਿੰਘ ਮਾਨ, ਹੈਪੀ ਤੂਰ, ਪ੍ਰਧਾਨ ਜਗਜੀਤ ਸਿੰਘ, ਜਸਪਾਲ ਸਿੰਘ ਮਾਨ, ਸੁਖਰਾਜ ਵਿਰਕ, ਮਨਪ੍ਰੀਤ ਸਿੰਘ, ਪ੍ਰਮਿੰਦਰ ਸਿੰਘ, ਤਜਿੰਦਰ ਸਿੰਘ ਭੋਲਾ, ਜਸਕਰਨ ਸਿੰਘ, ਜਗਮੋਹਨ ਸਿੰਘ, ਅਮਨਦੀਪ ਸਿੰਘ ਅਮਨਾ, ਗੁਰਵਿੰਦਰ ਸਿੰਘ ਗੱਗੂ, ਜਗਜੀਤ ਸਿੰਘ ਤਲਵੰਡੀ, ਪਵਨ ਸਿੰਘ, ਜਗਵਿੰਦਰ ਸਿੰਘ, ਸੁਖਦੀਪ ਸਿੰਘ, ਪ੍ਰਮਿੰਦਰ ਸਿੰਘ, ਦਵਿੰਦਰ ਸਿੰਘ, ਇੰਦਰਜੀਤ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਜਸ਼ਨ ਮਾਨ ਤੇ ਬਿੱਟੂ ਖਾਲਸਾ ਆਦਿ ਹਾਜ਼ਰ ਸਨ।
ਅੰਮ੍ਰਿਤਸਰ : ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 24 ਤਰੀਕ ਤੋਂ ਚੱਲ ਰਹੇ ਰੇਲ ਰੋਕੋ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਮੇਨ ਲਾਈਨ 'ਤੇ ਪਿੰਡ ਦੇਵੀਦਾਸਪੁਰਾ ਵਿਖੇ ਐਤਵਾਰ ਔਰਤਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਇੱਕ ਕਿਲੋਮੀਟਰ ਤੋਂ ਵਧੇਰੇ ਲਾਈਨਾਂ ਭਰ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਮੀਤ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਔਰਤ ਜਾਤੀ ਦਾ ਇਤਿਹਾਸ ਬੜਾ ਬਹਾਦਰੀ ਭਰਪੂਰ ਹੈ। ਜਦੋਂ ਵੀ ਸਮਾਜ 'ਤੇ ਬਿਪਤਾ ਬਣੀ ਤੇ ਔਰਤਾਂ ਨੇ ਮਰਦਾਂ ਦਾ ਜ਼ੋਰਦਾਰ ਸਾਥ ਦਿੱਤਾ ਤੇ ਅੱਗੇ ਹੋ ਕੇ ਲੜਾਈ ਲੜੀ। ਅੱਜ ਫਿਰ ਮੋਦੀ ਦੀ ਕਿਸਾਨਾਂ ਨੂੰ ਨਹੀਂ, ਦੇਸ਼ ਦੀ ਨੱਬੇ ਫੀਸਦੀ ਜਨਤਾ ਨੂੰ ਉਜਾੜਨ ਵਾਲੀ ਨੀਤੀ ਤਹਿਤ ਕਿਸਾਨ ਵਿਰੋਧੀ ਕਾਨੂੰਨ ਬਣਾ ਦਿੱਤੇ ਹਨ। ਇਨ੍ਹਾਂ ਨਾਲ ਦੇਸ਼ ਦੇ ਲੋਕ ਅੱਤ ਦੇ ਗਰੀਬ ਤੇ ਬੇਰੁਜ਼ਗਾਰ ਹੋ ਜਾਣਗੇ ।ਜਿਹੜੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬੇ ਪਏ ਖੁਦਕੁਸ਼ੀਆਂ ਕਰ ਰਹੇ ਹਨ, ਉਨ੍ਹਾਂ 'ਤੇ ਕਰਜ਼ਾ ਹੋਰ ਚੜ੍ਹ ਜਾਏਗਾ। ਪ੍ਰਾਈਵੇਟ ਕੰਪਨੀਆਂ ਵੱਲੋਂ ਫ਼ਸਲਾਂ ਦੀ ਖ਼ਰੀਦ ਕਰਨ ਦੇ ਨਾਲ ਸਰਕਾਰੀ ਮੰਡੀ ਤਹਿਸ-ਨਹਿਸ ਹੋ ਜਾਏਗੀ। ਪ੍ਰਾਈਵੇਟ ਕੰਪਨੀਆਂ ਵੱਡੇ ਪੱਧਰ 'ਤੇ ਅਨਾਜ ਖਰੀਦ ਕੇ ਜਮ੍ਹਾਂਖੋਰੀ ਕਰਨਗੀਆਂ ਅਤੇ ਉਸ ਤੋਂ ਬਾਅਦ ਆਪਣੀ ਮਨਮਰਜ਼ੀ ਦੇ ਭਾਅ ਲਾ ਕੇ ਲੋਕਾਂ ਦੀ ਲੁੱਟ ਕਰਨਗੀਆਂ। ਸਰਕਾਰੀ ਖਰੀਦ ਬਿਲਕੁੱਲ ਬੰਦ ਹੋ ਜਾਵੇਗੀ। ਇਸ ਤੋਂ ਬਾਅਦ ਇਹ ਵੀ ਇੱਕ ਕਾਨੂੰਨ ਬਣਾ ਦਿੱਤਾ ਹੈ ਕਿ ਪ੍ਰਾਈਵੇਟ ਕੰਪਨੀਆਂ ਜ਼ਿਮੀਂਦਾਰ ਕੋਲੋਂ ਜ਼ਮੀਨ ਲੈ ਸਕਦੀਆਂ ਹਨ ਅਤੇ ਵੱਡੇ-ਵੱਡੇ ਫਾਰਮ ਬਣਾ ਕੇ ਉਸ 'ਤੇ ਖੇਤੀ ਕਰ ਸਕਦੀਆਂ ਹਨ। ਜੇ ਖੇਤੀਬਾੜੀ ਦਾ ਕਾਰਜ ਵੱਡੀਆਂ ਕੰਪਨੀਆਂ ਕੋਲ ਚਲੇ ਗਿਆ ਤਾਂ ਜ਼ਮੀਨ ਤੋਂ ਬਾਹਰ ਹੋ ਜਾਏਗਾ ਅਤੇ ਦੇਸ਼ ਦਾ ਅਰਥਚਾਰਾ ਬਿਲਕੁਲ ਡਗਮਗਾ ਜਾਏਗਾ। ਖੇਤੀ ਦੇ ਕਾਰਜ ਵਿੱਚ ਬੜੀ ਵੱਡੀ ਪੱਧਰ 'ਤੇ ਉੱਤੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਇਨ੍ਹਾਂ ਸਥਿਤੀਆਂ ਵਿੱਚ ਅੱਜ ਪੰਜਾਬ ਭਰ ਦਾ ਕਿਸਾਨ ਸੜਕਾਂ, ਚੌਕਾਂ, ਚੁਰਾਹਿਆਂ ਤੇ ਰੇਲ ਗੱਡੀਆਂ ਰੋਕਣ ਤੱਕ ਪਹੁੰਚ ਗਿਆ ਹੈ। ਇਸ ਪ੍ਰਸਥਿਤੀ ਵਿੱਚ ਔਰਤਾਂ ਨੂੰ ਵੀ ਜੋਸ਼ੋ-ਖਰੋਸ਼ ਨਾਲ ਸੰਘਰਸ਼ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਪੰਜਾਬ ਦੇ ਬਹਾਦਰ ਲੋਕ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ। ਪੰਜਾਬ ਇਸਤਰੀ ਸਭਾ ਆਪਣੀਆਂ ਭੈਣਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਵੱਧ ਤੋਂ ਵੱਧ ਪ੍ਰੋਗਰਾਮ ਵਿੱਚ ਸ਼ਾਮਲ ਹੋਣ। ਇਸ ਮੌਕੇ ਏ ਆਈ ਐੱਸ ਐੱਫ ਦੇ ਸੂਬਾਈ ਆਗੂ ਸਿਮਰਜੀਤ ਕੌਰ ਗੋਪਾਲਪੁਰਾ, ਕੁਲਵਿੰਦਰ ਕੌਰ ਖੁਸ਼ੀਪੁਰ, ਬਿਮਲਾ ਦੇਵੀ ਗੋਪਾਲਪੁਰਾ, ਬਲਵਿੰਦਰ ਕੌਰ ਦੁਧਾਲਾ, ਪ੍ਰਭਾ ਦੇਵੀ ਦੁਧਾਲਾ, ਬਲਵਿੰਦਰ ਕੌਰ ਮੈਂਬਰ ਪੰਚਾਇਤ ਦੁਧਾਲਾ ਤੇ ਕੁਲਵੰਤ ਕੌਰ ਸਰਪੰਚ ਦੁਧਾਲਾ ਨੇ ਵੀ ਸੰਬੋਧਨ ਕੀਤਾ।

287 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper