Latest News
ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਿਸਾਨੀ ਨੂੰ ਬਚਾਉਣ ਦੀ ਲੋੜ : ਸਿੱਧੂ

Published on 28 Sep, 2020 11:14 AM.


ਧੂਰੀ (ਰਾਜੇਸ਼ਵਰ ਪਿੰਟ,
ਬਿੰਨੀ ਗਰਗ)
ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਪਿੰਡ ਮਾਨਵਾਲਾ ਤੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦਾ ਆਗ਼ਾਜ਼ ਕਰਦਿਆਂ ਸਾਬਕਾ ਵਿਧਾਇਕ ਧਨਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਵੱਡਾ ਯੋਗਦਾਨ ਪਾਇਆ ਹੈ ਅਤੇ ਪੰਜਾਬ ਦੀ ਕਿਸਾਨੀ ਉਹ ਕਿਸਾਨੀ ਹੈ, ਜਿਥੇ ਬਾਬਾ ਨਾਨਕ ਨੇ ਖੁਦ ਹਲ ਵਾਹਿਆ ਸੀ ਅਤੇ ਦੇਸ਼ ਭਰ ਦੇ ਲੋੜਵੰਦ ਲੋਕਾਂ ਦਾ ਢਿੱਡ ਭਰਨ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾ ਕਿਹਾ ਕਿ ਜਿੱਥੇ ਭਾਜਪਾ ਸਰਕਾਰ ਨੇ ਅੰਬਾਨੀ, ਅੰਡਾਨੀ ਵਰਗੇ ਸਰਮਾਏਦਾਰਾਂ ਪੱਖੀ ਨੀਤੀਆਂ ਬਣਾ ਕੇ ਉਨ੍ਹਾਂ ਦੀ ਆਮਦਨ 'ਚ ਕਈ ਸੌ ਗੁਣਾ ਵਾਧਾ ਕੀਤਾ ਹੈ, ਉਥੇ ਦੇਸ਼ ਦੇ ਅੰਨਦਾਤਾ ਦੀ ਜਿਣਸ 'ਚ ਮਹਿਜ਼ ਤੁਛ ਵਾਧਾ ਕਰਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾ ਦੋਸ਼ ਲਾਇਆ ਕਿ ਹਰੀ ਅਤੇ ਚਿੱਟੀ ਕ੍ਰਾਂਤੀ ਨੂੰ ਦੇਸ਼ 'ਚ ਖਤਮ ਕਰਕੇ ਸਰਕਾਰ ਵੱਲੋਂ ਹੁਣ ਯੂਜ਼ ਐਂਡ ਥਰੋ ਦੀ ਨੀਤੀ ਵਰਤ ਕੇ ਸੁੱਟਿਆ ਜਾ ਰਿਹਾ ਹੈ ਅਤੇ ਦੇਸ਼ ਦੇ ਕਿਸਾਨਾਂ ਦੇ ਹੱਥ ਠੂਠਾ ਫੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਾਨੂੰਨ ਕਿਸਾਨੀ ਨੂੰ ਤਬਾਹ ਕਰਕੇ ਰੱਖ ਦੇਣਗੇ ਅਤੇ ਇਸਦੇ ਨਾਲ ਹੀ ਕਰੀਬ 28 ਹਜ਼ਾਰ ਆੜ੍ਹਤੀ, 4 ਤੋਂ 5 ਲੱਖ ਮੰਡੀਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਪ੍ਰਭਾਵਤ ਹੋਣਗੇ। ਉਨ੍ਹਾ ਕਿਹਾ ਕਿ ਭਾਜਪਾ ਵੱਲੋਂ ਵੱਡੇ-ਵੱਡੇ ਪੂੰਜੀਪਤੀਆਂ ਨੂੰ ਅਰਬਾਂ-ਖਰਬਾਂ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਦੇਸ਼ ਦੇ ਆਮ ਲੋਕਾਂ ਨੂੰ ਲੋਕ ਮਾਰੂ ਐਕਟਾਂ 'ਚ ਨਪੀੜਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਉਹ ਆਪਣੇ ਆਖਰੀ ਦਮ ਤੱਕ ਕਿਸਾਨੀ ਲਈ ਲੜਣਗੇ ਅਤੇ ਕਿਸਾਨੀ ਨੂੰ ਕਿਸੇ ਵੀ ਹਾਲਾਤ 'ਚ ਮਰਨ ਨਹੀਂ ਦੇਣਗੇ ਅਤੇ ਵਿਉਂਤਬੰਦੀ ਨਾਲ ਸੰਘਰਸ਼ ਸ਼ੁਰੂ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਇਸ ਦੇ ਪੂੰਜੀਪਤੀਆਂ ਨੂੰ ਮੂੰਹ-ਤੋੜਵਾਂ ਜਵਾਬ ਦੇਣਗੇ।
ਉਨ੍ਹਾ ਕਿਹਾ ਕਿ ਜੇਕਰ ਭੇਡਾਂ ਦੇ ਅੱਗੇ ਸ਼ੇਰ ਲੱਗ ਜਾਵੇ ਤਾਂ ਭੇਡਾਂ ਵੀ ਸ਼ੇਰ ਬਣ ਜਾਂਦੀਆਂ ਹਨ ਅਤੇ ਜੇਕਰ ਸ਼ੇਰਾਂ ਦੇ ਅੱਗੇ ਭੇਡ ਲੱਗ ਜਾਵੇ ਤਾਂ ਸ਼ੇਰ ਦੀ ਵੀ ਭੇਡ ਵਰਗੀ ਸੋਚ ਹੋ ਜਾਂਦੀ ਹੈ। ਉਹਨਾ ਪੰਜਾਬ ਦੇ ਕਿਸਾਨੀ ਸੰਘਰਸ਼ ਲਈ 'ਕਿਸਾਨ ਏਕਤਾ, ਪੰਜਾਬ ਏਕਤਾ' ਦਾ ਨਾਅਰਾ ਦਿੰਦਿਆਂ ਕਿਹਾ ਕਿ ਅੱਜ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ। ਇਸ ਮੌਕੇ ਸਾਬਕਾ ਕੌਮੀ ਸ਼ੂਟਰ ਸੁਮਿਤ ਸਿੰਘ ਮਾਨ, ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਐਡਵੋਕੇਟ ਬਲਜੀਤ ਸਿੰਘ ਸਿੱਧੂ, ਐਡਵੋਕੇਟ ਮਿਲਨ ਮਾਨ, ਯੂਥ ਆਗੂ ਨਿੰਦੂ ਧੂਰੀ ਪਿੰਡ, ਰਵਿੰਦਰਪਾਲ ਸਿੰਘ ਕੋਹਲੀ, ਰਮਨਦੀਪ ਸਿੰਘ ਸਿੱਧੂ ਐਡਵੋਕੇਟ, ਅੰਗਦ ਦੋਹਲਾ, ਨਰੇਸ਼ ਕੁਮਾਰ ਕਾਲਾ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।

107 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper