Latest News
ਦੇਸ਼ 'ਚ ਜੋ ਹੋ ਰਿਹਾ, ਠੀਕ ਨਹੀਂ : ਕੈਪਟਨ

Published on 28 Sep, 2020 11:15 AM.


ਬੰਗਾ (ਭੁਪਿੰਦਰ ਸਿੰਘ ਚਾਹਲ)
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਸੋਮਵਾਰ ਪੰਜਾਬ ਦੇ ਮਹਾਨ ਸਪੁੱਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਕਾਂਗਰਸ ਨੇ ਖਟਕੜ ਕਲਾਂ 'ਚ ਕੇਂਦਰ ਸਰਕਾਰ ਖਿਲਾਫ ਧਰਨਾ ਦਿੱਤਾ। ਕੈਪਟਨ ਦੀ ਅਗਵਾਈ 'ਚ ਸਮੁੱਚੀ ਲੀਡਰਸ਼ਿਪ ਨੇ ਕੇਂਦਰ ਦੇ ਨਵੇਂ ਕਾਨੂੰਨਾਂ ਖਿਲਾਫ ਹੱਲਾ ਬੋਲਿਆ। ਕੈਪਟਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕੜਕਦੀ ਧੁੱਪ ਵਿੱਚ ਮਿਹਨਤ ਕਰਦੇ ਕਿਸਾਨਾਂ ਦੀ ਰੋਜ਼ੀ ਖੋਹ ਲਈ ਹੈ। ਇਸ ਸਮੇਂ ਜੋ ਦੇਸ਼ 'ਚ ਹੋ ਰਿਹਾ ਹੈ, ਉਹ ਠੀਕ ਨਹੀਂ ਹੈ। ਇਹ ਖੇਤੀਬਾੜੀ ਬਾਰੇ ਦਿੱਲੀ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਕੋਈ ਤਰੀਕਾ ਨਹੀਂ ਹੈ ਦੇਸ਼ 'ਚ ਨਵੇਂ ਕਾਨੂੰਨ ਲਾਗੂ ਕਰਨ ਦਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਵੇਂ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਰਾਸ਼ਟਰਪਤੀ ਵੱਲੋਂ ਦਸਤਖਤ ਕਰਨ 'ਤੇ ਉਹਨਾ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ। ਖੇਤੀ ਆਰਡੀਨੈਂਸ ਲਿਆਉਣ ਬਾਰੇ ਪੰਜਾਬ ਨੂੰ ਜਾਣੂ ਕਰਵਾਉਣ ਸੰਬੰਧੀ ਕੈਪਟਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਝੂਠ ਬੋਲਦੇ ਹਨ, ਪੰਜਾਬ ਉਸ ਕਮੇਟੀ ਦਾ ਮੈਂਬਰ ਵੀ ਨਹੀਂ ਸੀ। ਮੈਂ ਪੀ.ਐੱਮ. ਨੂੰ ਲਿਖਿਆ ਕਿ ਸਾਨੂੰ ਮੈਂਬਰ ਕਿਉਂ ਨਹੀਂ ਬਣਾਇਆ। ਬਗੈਰ ਸੂਬਿਆਂ ਨੂੰ ਪੁੱਛੇ ਤੁਸੀਂ ਫੈਸਲੇ ਲਏ ਇਹਨਾਂ ਨੇ ਸਿਰਫ ਆਪਣੇ ਸਾਥੀਆਂ ਨੂੰ ਬੁਲਾ ਕੇ ਹੀ ਫੈਸਲਾ ਲਿਆ। ਉਹਨਾਂ ਚੇਅਰਮੈਨ ਸਤਵੀਰ ਸਿੰੰਘ ਪੱਲੀਝਿੱਕੀ ਦੇ ਕਹਿਣ 'ਤੇ ਸ਼ਹੀਦ-ਏ-ਆਜ਼ਮ ਮਿਊਜ਼ੀਅਮ ਲਈ 50 ਲੱਖ ਰੁਪਏ ਦਾ ਐਲਾਨ ਕੀਤਾ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੇਂਦਰ ਸਰਕਾਰ ਤੋਂ ਇਹ ਕਾਲੇ ਕਾਨੂੰਨ ਵਾਪਸ ਲੈਣ ਲਈ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਇਹਨਾਂ ਬਿੱਲਾਂ ਨੇ ਪੰਜਾਬ ਦੇ ਕਿਸਾਨਾਂ, ਆੜ੍ਹਤੀਏ, ਮਜ਼ਦੂਰਾਂ ਅਤੇ ਸਮੁੱਚੇ ਮੰਡੀਕਰਨ ਢਾਂਚੇ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ, ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨਾਂ ਨੂੰ ਸੂਬਾ ਸਰਕਾਰ ਹਮਾਇਤ ਦਾ ਵਿਸ਼ਵਾਸ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਹਨਾਂ ਬਿੱਲਾਂ ਵਿਰੁੱਧ ਅਦਾਲਤ ਵਿੱਚ ਜਾਣ ਦਾ ਫੈਸਲਾ ਕੀਤਾ ਹੈ ਅਤੇ ਇਹਨਾਂ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਹਰ ਉਪਰਾਲਾ ਕਰੇਗੀ। ਸੁਨੀਲ ਜਾਖੜ ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਨੇ ਕਿਹਾ ਕਿ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਖਿਲਾਫ ਉਹ ਆਖਰੀ ਦਮ ਤੱਕ ਲੜਨਗੇ। ਉਹਨਾਂ ਕਿਹਾ ਕਿ ਇਹ ਕਾਨੂੰਨ ਕੇਵਲ ਕਿਸਾਨਾਂ ਨੂੰ ਹੀ ਨਹੀਂ, ਬਲਕਿ ਪੂਰੇ ਪੰਜਾਬੀਆਂ ਨੂੰ ਵੀ ਪ੍ਰਭਾਵਿਤ ਕਰਨਗੇ। ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਦਮਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਕਾਰਜਕਾਲ ਦੌਰਾਨ ਆਪਣੇ ਸੂਬੇ ਦੇ ਪਾਣੀਆਂ ਦੀ ਰਾਖੀ ਕੀਤੀ ਅਤੇ ਹੁਣ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਲੋੜ ਪੈਣ 'ਤੇ ਹਰ ਸੰਭਵ ਕਦਮ ਚੁੱਕਣਗੇ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ, ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ, ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ, ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ, ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ, ਰਾਣਾ ਕੇ.ਪੀ ਸਿੰਘ ਕੈਬਨਿਟ ਮੰਤਰੀ, ਅਰੁਣਾ ਚੌਧਰੀ ਕੈਬਨਿਟ ਮੰਤਰੀ, ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ, ਚੌਧਰੀ ਸੰਤੋਖ ਸਿੰਘ ਐੱਮ.ਪੀ., ਡਿਪਟੀ ਕਮਿਸ਼ਨਰ ਸ਼ੇਨਾ ਅੱਗਰਵਾਲ, ਐੱਸ.ਐੱਸ.ਪੀ. ਅਲਕਾ ਮੀਨਾ, ਮੈਡਮ ਦੀਪਜੋਤ ਕੌਰ, ਤਹਿਸੀਲਦਾਰ ਅਜੀਤਪਾਲ ਸਿੰਘ, ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ, ਦਰਵਜੀਤ ਸਿੰਘ ਪੂੰਨੀਆ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਐੱਮ.ਐੱਲ.ਏ. ਅੰਗਦ ਸਿੰਘ, ਲਾਲ ਸਿੰਘ, ਹਰਪ੍ਰੀਤ ਸਿੰਘ ਕੈਂਥ, ਠੇਕੇਦਾਰ ਰਜਿੰਦਰ ਸਿੰਘ, ਮੋਹਣ ਸਿੰਘ ਸਾਬਕਾ ਵਿਧਾਇਕ, ਕਮਲਜੀਤ ਸਿੰਘ ਬੰਗਾ ਬਲਾਕ ਸੰਮਤੀ ਮੈਂਬਰ, ਰਘਬੀਰ ਸਿੰਘ ਬਿੱਲਾ ਆਦਿ ਕਾਂਗਰਸ ਦੀ ਸਮੁੱਚੀ ਲੀਡਰਸ਼ਿੱਪ ਸ਼ਾਮਲ ਸੀ।

111 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper