Latest News
ਸੈਣੀ ਤੇ ਉਮਰਾਨੰਗਲ ਬਹਿਬਲ ਕਲਾਂ ਗੋਲੀ ਕਾਂਡ 'ਚ ਨਾਮਜ਼ਦ

Published on 28 Sep, 2020 11:17 AM.


ਫਰੀਦਕੋਟ : ਬਹਿਬਲ ਕਲਾਂ ਪੁਲਸ ਫਾਇਰਿੰਗ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਨੇ ਸੋਮਵਾਰ ਕੇਸ ਵਿਚ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਤੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕਤਲ ਤੇ ਕਤਲ ਦੀ ਕੋਸ਼ਿਸ਼ ਦਾ ਮੁਲਜ਼ਮ ਨਾਮਜ਼ਦ ਕਰ ਦਿੱਤਾ। ਫਰੀਦਕੋਟ ਦੇ ਬਾਜਾਖਾਨਾ ਪੁਲਸ ਥਾਣੇ ਵਿਚ ਸੋਮਵਾਰ ਪੁੱਜੀ ਰਿਪੋਰਟ ਵਿਚ ਸਿਟ ਨੇ ਪੁਲਸ ਨੂੰ ਇਨ੍ਹਾਂ ਦੋਹਾਂ ਦੇ ਨਾਂਅ ਐੱਫ ਆਈ ਆਰ ਵਿਚ ਮੁਲਜ਼ਮਾਂ ਵਜੋਂ ਸ਼ਾਮਲ ਕਰਨ ਲਈ ਕਿਹਾ। ਸਿਟ ਨੇ ਦਾਅਵਾ ਕੀਤਾ ਹੈ ਕਿ ਦਸਤਾਵੇਜ਼ੀ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਢਲੀ ਡਿੱਠੇ ਦੋਨੋਂ ਗੁਨਾਹਗਾਰ ਪਾਏ ਗਏ ਹਨ। ਸਾਬਕਾ ਐੱਸ ਐੱਸ ਪੀ ਚਰਨਜੀਤ ਸਿੰਘ ਸ਼ਰਮਾ, ਦੋ ਐੱਸ ਪੀ ਰੈਂਕ ਦੇ ਅਫਸਰ ਤੇ ਕਈ ਹੋਰ ਪੁਲਸ ਅਫਸਰ ਪਹਿਲਾਂ ਹੀ ਕੇਸ ਵਿਚ ਨਾਮਜ਼ਦ ਹਨ। 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਚ ਪੁਲਸ ਫਾਇਰਿੰਗ ਨਾਲ ਦੋ ਸਿੱਖ ਪ੍ਰੋਟੈੱਸਟਰਾਂ ਦੇ ਮਾਰੇ ਜਾਣ ਦੇ ਇਕ ਹਫਤੇ ਬਾਅਦ 21 ਅਕਤੂਬਰ ਨੂੰ ਬਾਜਾਖਾਨਾ ਥਾਣੇ ਵਿਚ ਤਾਜ਼ੀਰਾਤੇ ਹਿੰਦ ਦੀ ਦਫਾ 302, 307, 34 ਅਤੇ ਆਰਮਜ਼ ਐਕਟ ਦੀ ਦਫਾ 25, 27, 54 ਤੇ 59 ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਬਿਊਰੋ ਆਫ ਇਨਵੈਸਟੀਗੇਸ਼ਨ-ਕਮ-ਚੇਅਰਮੈਨ ਸਿਟ ਇਕਬਾਲ ਸਿੰਘ ਸਹੋਤਾ ਸਨ। ਇਹ ਸਿਟ ਡੀ ਜੀ ਪੀ ਦੇ ਨਿਰਦੇਸ਼ 'ਤੇ ਬਣਾਈ ਗਈ ਸੀ। ਸ਼ੁਰੂ ਵਿਚ ਕਿਸੇ ਪੁਲਸ ਅਫਸਰ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਸੀ। ਬਾਅਦ ਵਿਚ ਚਰਨਜੀਤ ਸ਼ਰਮਾ ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਪਿਛਲੇ ਮਹੀਨੇ ਸਿਟ ਨੇ ਫਰੀਦਕੋਟ ਦੀ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਪ੍ਰਮੁੱਖ ਮੁਲਜ਼ਮ ਪ੍ਰਦੀਪ ਸਿੰਘ, ਜੋ ਕਿ ਚਰਨਜੀਤ ਸ਼ਰਮਾ ਦਾ ਰੀਡਰ ਹੁੰਦਾ ਸੀ, ਨੂੰ ਮੁਆਫ ਕਰ ਦਿੱਤਾ ਜਾਵੇ, ਕਿਉਂਕਿ ਉਹ ਗਵਾਹ ਬਣਨਾ ਚਾਹੁੰਦਾ ਹੈ। ਪਿਛਲੇ ਹਫਤੇ ਕੋਰਟ ਨੇ ਇਸ ਦੀ ਆਗਿਆ ਦੇ ਦਿੱਤੀ ਸੀ। ਪ੍ਰਦੀਪ ਸਿੰਘ ਨੇ ਕੋਰਟ ਅੱਗੇ ਬਿਆਨ ਦਿੱਤਾ ਸੀ ਕਿ ਸੁਮੇਧ ਸੈਣੀ ਤੇ ਉਮਰਾਨੰਗਲ ਨੇ ਸਾਬਕਾ ਐੱਸ ਐੱਸ ਪੀ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਵਿਚ ਧਰਨਾ ਕਿਸੇ ਵੀ ਕੀਮਤ 'ਤੇ ਚੁਕਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ ਅਤੇ ਇਸ ਲਈ ਸ਼ਰਮਾ ਤੇ ਉਸ ਦੀ ਟੀਮ ਦੇ ਮੈਂਬਰਾਂ ਨੇ ਤਾਕਤ ਦੀ ਵਰਤੋਂ ਕੀਤੀ, ਜਿਸ ਵਿਚ ਦੋ ਪ੍ਰੋਟੈੱਸਟਰ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। ਸਿਟ ਦਾ ਵਿਸ਼ਵਾਸ ਹੈ ਕਿ ਸੈਣੀ ਤੇ ਉਮਰਾਨੰਗਲ ਕੇਸ ਵਿਚ ਮੁੱਖ ਸਾਜ਼ਿਸ਼ਕਰਤਾ ਸਨ।

140 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper