Latest News
ਚੰਗੀ ਨਹੀਂ ਕੀਤੀ

Published on 28 Sep, 2020 11:27 AM.

ਚੰਗੀ ਦੇ ਨਾਲ-ਨਾਲ ਮਾੜੀ ਖਬਰ ਵੀ ਜੁੜੀ ਹੋਈ ਹੈ। ਚੰਗੀ ਇਹ ਕਿ ਐਤਵਾਰ ਜਿੱਥੇ ਪੰਜਾਬ ਵਿਚ 1458 ਲੋਕਾਂ ਨੂੰ ਕੋਰੋਨਾ ਚਿੰਬੜਿਆ, ਉਥੇ 2299 ਲੋਕਾਂ ਨੇ ਇਸ ਤੋਂ ਪਿੱਛਾ ਛੁਡਾ ਲਿਆ। ਸ਼ਿਕਾਰ ਹੋਣ ਵਾਲਿਆਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧੇ ਵਿਚ ਜਿੱਥੇ ਪੀੜਤ ਲੋਕਾਂ ਵੱਲੋਂ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਕੰਮ ਆਈਆਂ ਹਨ, ਉਥੇ ਕੋਰੋਨਾ ਦੀ ਦਸਤਕ ਤੋਂ ਲੈ ਕੇ ਮੋਰਚੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ, ਖਾਸਕਰ ਸਿਹਤ ਮੁਲਾਜ਼ਮਾਂ ਦੇ ਰੋਲ ਦਾ ਵੀ ਅਹਿਮ ਰੋਲ ਹੈ। ਜਦੋਂ ਨਿੱਜੀ ਹਸਪਤਾਲ ਤੇ ਡਾਕਟਰ ਪਿੱਠ ਦਿਖਾ ਗਏ ਸਨ, ਉਦੋਂ ਮੈਡੀਕਲ ਦੀ ਪੜ੍ਹਾਈ ਕਰਨ ਜਾਂ ਕੰਮ ਸਿੱਖੇ ਹੋਣ ਵਾਲਿਆਂ ਨੇ ਖੁਦ ਅੱਗੇ ਆ ਕੇ ਸੇਵਾਵਾਂ ਪੇਸ਼ ਕੀਤੀਆਂ ਸਨ। ਇਹ ਮੁਲਾਜ਼ਮ ਮੋਰਚੇ 'ਤੇ ਡਟੇ। ਕਈ ਤਾਂ ਖੁਦ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ। ਸਰਕਾਰ ਤੋਂ ਲੈ ਕੇ ਆਮ ਲੋਕਾਂ ਨੇ ਇਨ੍ਹਾਂ ਦੀ ਸੇਵਾ ਭਾਵਨਾ ਨੂੰ ਸਲਾਹਿਆ ਵੀ, ਪਰ ਹੁਣ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ 'ਮਤਲਬ ਨਿਕਲ ਗਯਾ ਤੋ ਪਹਚਾਨਤੇ ਨਹੀਂ' ਵਾਲੀ ਗੱਲ ਹੋ ਗਈ ਹੈ। ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਚ ਬਣਾਏ ਗਏ ਕੋਵਿਡ ਕੇਅਰ ਸੈਂਟਰ ਦੇ ਸਟਾਫ ਵਿਚੋਂ ਕਈਆਂ ਨੂੰ ਇਹ ਕਹਿੰਦਿਆਂ ਘਰਾਂ ਨੂੰ ਤੋਰ ਦਿੱਤਾ ਗਿਆ ਹੈ ਕਿ ਮਰੀਜ਼ਾਂ ਦੀ ਗਿਣਤੀ ਘਟ ਗਈ ਹੈ ਤੇ ਜਦੋਂ ਲੋੜ ਪਈ ਤੁਹਾਨੂੰ ਫੇਰ ਸੱਦ ਲਿਆ ਜਾਵੇਗਾ। ਸਿੱਧਾ ਜਵਾਬ ਦੇਣ ਦੀ ਥਾਂ ਡੀ ਸੀ ਵੱਲੋਂ 23 ਸਤੰਬਰ ਨੂੰ ਜਾਰੀ ਪੱਤਰ, ਜਿਸ ਦੇ ਆਧਾਰ 'ਤੇ ਸਿਵਲ ਸਰਜਨ ਨੇ 'ਕੋਰੋਨਾ ਯੋਧਿਆਂ' ਨੂੰ ਜਵਾਬ ਦਿੱਤਾ, ਵਿਚ 'ਰੈਸ਼ਨੇਲਾਈਜ਼' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਰੈਸ਼ਨੇਲਾਈਜ਼ ਮਤਲਬ ਤਰਕਸੰਗਤ ਬਣਾਉਣਾ। ਯਾਨੀਕਿ ਹੁਣ ਜਿੰਨਿਆਂ ਕੁ ਦੀ ਲੋੜ ਹੈ, ਓਨੇ ਰੱਖਾਂਗਾ, ਬਾਕੀ ਘਰ ਜਾਣ। ਡੀ ਸੀ ਦਾ ਇਹ ਹੁਕਮ ਇਸ ਕਰਕੇ ਹੋਰ ਵੀ ਕਰੂਰ ਹੈ ਕਿ ਇਹ ਇਨ੍ਹਾਂ ਮੁਲਾਜ਼ਮਾਂ ਵੱਲੋਂ ਪਿਛਲੇ ਪੰਜ ਮਹੀਨਿਆਂ ਦੀ ਤਨਖਾਹ ਦੀ ਮੰਗ ਨੂੰ ਲੈ ਕੇ ਕੀਤੇ ਪ੍ਰੋਟੈੱਸਟ ਦੇ ਇਕ ਦਿਨ ਬਾਅਦ ਜਾਰੀ ਕੀਤਾ ਗਿਆ। ਤਨਖਾਹ ਫਿਰ ਵੀ ਨਹੀਂ ਦਿੱਤੀ। ਕੇਸ ਵਧਣ 'ਤੇ ਕੋਵਿਡ ਸੈਂਟਰ ਲਈ ਮਈ ਵਿਚ ਡਾਕਟਰਾਂ, ਵਾਰਡ ਅਟੈਂਡੈਂਟਾਂ, ਸਟਾਫ ਨਰਸਾਂ ਤੇ ਲੈਬ ਟੈਕਨੀਸ਼ੀਅਨਾਂ ਸਣੇ 164 ਜਣੇ ਹਾਇਰ ਕੀਤੇ ਗਏ ਸਨ। ਇਨ੍ਹਾਂ ਵਿਚੋਂ 142 ਦੇ ਨਾਂਅ ਛਾਂਟੀ ਕੀਤੇ ਜਾਣ ਵਾਲਿਆਂ ਦੀ ਲਿਸਟ ਵਿਚ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਪਹਿਲਾਂ ਹੀ ਛੱਡ ਗਏ ਸਨ ਤੇ ਬਚਦੇ 106 ਨੂੰ ਕਿਹਾ ਗਿਆ ਹੈ ਕਿ ਹੁਣ ਉਨ੍ਹਾਂ ਦੀ ਲੋੜ ਨਹੀਂ ਰਹੀ। ਕੁਲ-ਮਿਲਾ ਕੇ 16 ਡਾਕਟਰਾਂ (ਐੱਮ ਬੀ ਬੀ ਐੱਸ, ਬੀ ਡੀ ਐੱਸ ਤੇ ਬੀ ਏ ਐੱਮ ਐੱਸ), 18 ਲੈਬ ਟੈਕਨੀਸ਼ੀਅਨਾਂ, 50 ਵਾਰਡ ਅਟੈਂਡੈਂਟਾਂ, 18 ਫਾਰਮਾਸਿਸਟਾਂ ਤੇ 40 ਨਰਸਾਂ ਨੂੰ ਰੱਖਿਆ ਗਿਆ ਸੀ। ਹਾਲਾਂਕਿ ਇਨ੍ਹਾਂ ਨੂੰ ਆਰਜ਼ੀ ਤੌਰ 'ਤੇ ਰੱਖਿਆ ਗਿਆ ਸੀ, ਪਰ ਤਨਖਾਹ ਮੰਗਣ ਲਈ ਪ੍ਰੋਟੈੱਸਟ ਕਰਨ ਤੋਂ ਇਕ ਦਿਨ ਬਾਅਦ ਇਸ ਤਰ੍ਹਾਂ ਕੱਢਿਆ ਜਾਣਾ ਅਣਮਨੁੱਖੀ ਹੈ। ਇਨ੍ਹਾਂ ਦੀ ਭਰਤੀ ਮੈਰੀਟੋਰੀਅਸ ਕੋਵਿਡ ਸੈਂਟਰ ਲਈ ਕੀਤੀ ਗਈ ਸੀ, ਪਰ ਇਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਵੀ ਵਰਤਿਆ ਗਿਆ। ਤੇਜ਼ ਧੁੱਪਾਂ ਵਿਚ ਇਨ੍ਹਾਂ ਨੇ ਫਲੂ ਕਾਰਨਰ 'ਤੇ ਡਿਊਟੀਆਂ ਦਿੱਤੀਆਂ। ਪੰਜ ਮਹੀਨੇ ਬਿਨਾਂ ਤਨਖਾਹ ਦੇ ਦਿਨ-ਰਾਤ ਕੰਮ ਲੈ ਕੇ 'ਵਰਤ ਕੇ ਸੁੱਟ ਦੇਣ ਦੇਣ' ਵਾਲੀ ਇਹ ਹਰਕਤ ਅੱਤ-ਨਿੰਦਣਯੋਗ ਹੈ। ਇਸ ਨੂੰ ਕੋਰੋਨਾ ਨਾਲ ਲੜਨ ਵਾਲੀ ਸਹੀ ਨੀਤੀ ਨਹੀਂ ਕਿਹਾ ਜਾ ਸਕਦਾ।

807 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper