Latest News
ਪੰਜਾਬ 'ਚ 27 ਥਾਈਂ ਕਿਸਾਨ ਮੱਲਣਗੇ ਅੰਬਾਨੀਆਂ-ਅਡਾਨੀਆਂ ਦੇ ਬੂਹੇ

Published on 30 Sep, 2020 10:23 AM.


ਚੰਡੀਗੜ੍ਹ-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ 31 ਜਥੇਬੰਦੀਆਂ ਦੇ ਸੰਘਰਸ਼ ਸੰਬੰਧੀ ਸੱਦੇ ਨਾਲ ਤਾਲਮੇਲਵੇਂ ਐਕਸ਼ਨ ਵਜੋਂ 1 ਅਕਤੂਬਰ ਤੋਂ ਧਬਲਾਨ (ਪਟਿਆਲਾ), ਸੁਨਾਮ (ਸੰਗਰੂਰ), ਬੁਢਲਾਡਾ (ਮਾਨਸਾ) ਤੇ ਗਿੱਦੜਬਾਹਾ (ਮੁਕਤਸਰ) ਵਿਖੇ ਅਣਮਿਥੇ ਸਮੇਂ ਦੇ ਰੇਲ ਜਾਮ ਕਰਨ ਤੋਂ ਇਲਾਵਾ ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕਰਮਜੀਤ ਸਿੰਘ ਚੀਮਾ (ਪਾਇਲ ਲੁਧਿਆਣਾ), ਸੁਨੀਤਾ ਗਰਗ (ਕੋਟਕਪੂਰਾ) ਤੇ ਅਰੁਣ ਨਾਰੰਗ ਐੱਮ ਅੱੈਲ ਏ ਅਬੋਹਰ 4 ਭਾਜਪਾ ਆਗੂਆਂ ਸਮੇਤ ਕਾਲਾਝਾੜ (ਸੰਗਰੂਰ), ਬਡਬਰ (ਬਰਨਾਲਾ), ਲਹਿਰਾਬੇਗਾ ਤੇ ਜੀਦਾ (ਬਠਿੰਡਾ) ਅਤੇ ਕੱਥੂਨੰਗਲ (ਗੁਰਦਾਸਪੁਰ) 5 ਟੋਲ ਪਲਾਜ਼ਿਆਂ, ਭੁੱਚੋ 'ਚ ਬੈੱਸਟ ਪ੍ਰਾਈਸ, ਬਠਿੰਡਾ ਅਤੇ ਰੋਖਾ (ਅਜਨਾਲਾ, ਅੰਮ੍ਰਿਤਸਰ) 'ਚ ਰਿਲਾਇੰਸ ਦੇ 3 ਸ਼ਾਪਿੰਗ ਮਾਲਜ਼, ਮੋਗਾ ਅਤੇ ਛਾਜਲੀ (ਸੰਗਰੂਰ) 'ਚ 2 ਅਡਾਨੀ ਸੈਲੋ ਗੋਦਾਮਾਂ, ਧਨੌਲਾ ਤੇ ਸੰਘੇੜਾ (ਬਰਨਾਲਾ), ਨਿਆਲ (ਪਟਿਆਲਾ), ਧੂਰੀ-ਦਿੜ੍ਹਬਾ-ਭਵਾਨੀਗੜ- ਮਾਲੇਰਕੋਟਲਾ- ਅਹਿਮਦਗੜ-ਲਹਿਰਾ-ਸੰਗਰੂਰ ਤੇ ਸੁਨਾਮ ਸਾਰੇ ਜ਼ਿਲ੍ਹਾ ਸੰਗਰੂਰ, ਰਾਮਪੁਰਾ ਤੇ ਲਹਿਰਾਬੇਗਾ (ਬਠਿੰਡਾ), ਜਲਾਲਾਬਾਦ (ਫਾਜ਼ਿਲਕਾ) ਅਤੇ ਵਲੂਰ (ਫਿਰੋਜ਼ਪੁਰ) 15 ਰਿਲਾਇੰਸ ਪੰਪਾਂ, ਧੌਲਾ ਤੇ ਭੋਤਨਾ (ਬਰਨਾਲਾ), ਕਾਤਰੋਂ (ਪਟਿਆਲਾ) 3 ਐਸਾਰ ਪੰਪਾਂ ਅਤੇ ਵਣਾਂਵਾਲੀ (ਮਾਨਸਾ) ਥਰਮਲ ਪਲਾਂਟ ਕੁੱਲ 29 ਕਾਰਪੋਰੇਟ ਕਾਰੋਬਾਰਾਂ ਅੱਗੇ ਦਿਨ-ਰਾਤ ਪੱਕੇ ਧਰਨਿਆਂ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ ਹਕੀਕਤਮੁਖੀ ਸਮਝ ਅਨੁਸਾਰ ਕਾਲੇ ਖੇਤੀ ਕਾਨੂੰਨਾਂ ਦਾ ਇਹ ਨਵਾਂ ਹਮਲਾ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ 'ਚ ਅੰਨ੍ਹੀ ਲੁੱਟ ਮਚਾਉਣ ਦੀਆਂ ਖੁੱਲ੍ਹੀਆਂ ਛੋਟਾਂ ਦੇਣ ਦਾ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਅਤੇ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ 'ਤੇ ਤੁਲੀ ਹੋਈ ਹੈ, ਜਿਸ ਕਰਕੇ ਭਾਜਪਾ ਆਗੂ ਨਿਸ਼ਾਨੇ 'ਤੇ ਲਏ ਗਏ ਹਨ, ਜਦੋਂਕਿ ਕਾਰਪੋਰਟਾਂ ਨੂੰ ਘੇਰਨ ਦਾ ਮਕਸਦ ਉਨ੍ਹਾਂ ਦੇ ਕਾਰੋਬਾਰਾਂ ਨੂੰ ਨੱਥ ਪਾਉਣਾ ਹੈ। ਉਨ੍ਹਾ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਵੱਖ-ਵੱਖ ਢੰਗਾਂ ਨਾਲ ਇਹੋ ਸਮਝਾਇਆ ਜਾ ਰਿਹਾ ਹੈ ਕਿ ਉਹ ਮੋਦੀ ਸਰਕਾਰ 'ਤੇ ਆਰਡੀਨੈਂਸ ਤੇ ਬਾਅਦ 'ਚ ਬਣੇ ਕਾਨੂੰਨ ਵਾਪਸ ਲੈਣ ਲਈ ਦਬਾਅ ਪਾਉਣ, ਪਰ ਕਿਸੇ ਵੀ ਲੀਡਰ ਨੇ ਕਿਸਾਨਾਂ ਦੀ ਬਾਤ ਨਹੀਂ ਪੁੱਛੀ, ਸਗੋਂ ਕਿਸਾਨ ਵਿਰੋਧੀ ਫੈਸਲਿਆਂ 'ਤੇ ਮੋਹਰਾਂ ਲਾਉਂਦੇ ਆ ਰਹੇ ਹਨ।
ਉਨ੍ਹਾ ਦੱਸਿਆ ਕਿ ਧਰਨਿਆਂ ਦੌਰਾਨ ਮੋਦੀ ਹਕੂਮਤ ਦੇ ਦੂਸਰੇ ਜੋਟੀਦਾਰ ਅੰਬਾਨੀ ਤੇ ਐਸਾਰ ਦੇ ਕਾਰੋਬਾਰਾਂ, ਜਿਵੇਂ ਸ਼ਾਪਿੰਗ ਮਾਲਾਂ ਤੇ ਪੈਟਰੋਲ ਪੰਪਾਂ ਵਗੈਰਾ ਦੇ ਘਿਰਾਓ ਰਾਹੀਂ ਚਿਤਾਵਨੀ ਦਿੱਤੀ ਜਾਵੇਗੀ ਕਿ ਉਹ ਸੂਬੇ ਅੰਦਰ ਲੁੱਟ ਕਰਨ ਤੋਂ ਬਾਜ਼ ਆਉਣ। ਇਸ ਤੋਂ ਬਿਨਾਂ ਵੀ ਸੂਬੇ ਅੰਦਰ ਲੁੱਟ ਦੇ ਕੇਂਦਰ ਬਣ ਕੇ ਉੱਭਰੇ ਹੋਏ ਵੱਡੀ ਪੂੰਜੀ ਦੇ ਕਾਰੋਬਾਰਾਂ, ਟੋਲ ਪਲਾਜ਼ਿਆਂ, ਬਹੁਕੌਮੀ ਕੰਪਨੀਆਂ ਦੇ ਸ਼ਾਪਿੰਗ ਮਾਲਾਂ ਦੇ ਘਿਰਾਓ ਐਕਸ਼ਨਾਂ ਰਾਹੀਂ ਸੰਘਰਸ਼ ਨੂੰ ਹੋਰ ਉਚੇਰੇ ਪੜਾਅ 'ਤੇ ਲਿਜਾਇਆ ਜਾਵੇਗਾ। ਸਰਕਾਰੀ ਥਰਮਲਾਂ ਦਾ ਭੋਗ ਪਾ ਕੇ ਸਮੁੱਚਾ ਬਿਜਲੀ ਕਾਰੋਬਾਰ ਵੀ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਪ੍ਰਾਈਵੇਟ ਥਰਮਲ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ 1972 'ਚ ਕਾਂਗਰਸ ਹਕੂਮਤ ਦੌਰਾਨ ਵਾਪਰੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਇਸ ਪੱਕੇ ਮੋਰਚੇ ਦੌਰਾਨ ਹੀ ਭੇਟ ਕੀਤੀ ਜਾਵੇਗੀ। ਉਨ੍ਹਾ ਆਮ ਲੋਕਾਂ ਨੂੰ ਵਧ-ਚੜ੍ਹ ਕੇ ਇਨ੍ਹਾਂ ਪੱਕੇ ਮੋਰਚਿਆਂ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਐਲਾਨ ਕੀਤਾ ਕਿ ਧਰਨਿਆਂ ਨੂੰ ਸ਼ਾਂਤਮਈ ਰੱਖਣ ਲਈ ਹਰ ਪੱਖੋਂ ਜ਼ਬਤ ਦੀ ਪਾਲਣਾ ਕੀਤੀ ਜਾਏਗੀ ਤੇ ਕਿਸਾਨ ਵਲੰਟੀਅਰ ਸ਼ਰਾਰਤੀ ਅਨਸਰਾਂ ਤੋਂ ਚੌਕਸੀ ਰੱਖਣਗੇ।

146 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper