Latest News
ਭਾਰਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਸਹੀ ਗਿਣਤੀ ਨਹੀਂ ਦੱਸਦਾ : ਟਰੰਪ

Published on 30 Sep, 2020 10:26 AM.


ਨਿਊਯਾਰਕ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਸਹੀ ਗਿਣਤੀ ਨਹੀਂ ਦੱਸਦਾ। ਰਾਸ਼ਟਰਪਤੀ ਚੋਣ ਦੇ ਸੰਬੰਧ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਇ ਬਿਡੇਨ ਵਿਚਾਲੇ ਪਹਿਲੀ ਸਿੱਧੀ ਬਹਿਸ ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਕੇਂਦਰਤ ਰਹੀ।
ਬਿਡੇਨ ਨੇ ਕਿਹਾ ਕਿ ਅਮਰੀਕਾ ਵਿਚ 2 ਲੱਖ ਲੋਕ ਮਰ ਗਏ, ਜੋ ਕਿ ਦੁਨੀਆ ਵਿਚ ਮਰੇ 10 ਲੱਖ ਲੋਕਾਂ ਦਾ 20 ਫੀਸਦੀ ਬਣਦੇ ਹਨ, ਜਦਕਿ ਅਮਰੀਕਾ ਦੀ ਆਬਾਦੀ ਦੁਨੀਆ ਦੀ ਆਬਾਦੀ ਦਾ ਸਿਰਫ 4 ਫੀਸਦੀ ਹੈ। ਟਰੰਪ ਨੇ ਕਿਹਾ, ''ਜਦੋਂ ਤੁਸੀਂ ਮਰਨ ਵਾਲਿਆਂ ਦੀ ਗਿਣਤੀ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚੀਨ ਵਿਚ ਕਿੰਨੇ ਮਰੇ? ਰੂਸ ਵਿਚ ਕਿੰਨੇ ਮਰੇ? ਤੁਹਾਨੂੰ ਨਹੀਂ ਪਤਾ ਕਿ ਭਾਰਤ ਵਿਚ ਕਿੰਨੇ ਮਰੇ।
ਉਹ ਸਹੀ ਗਿਣਤੀ ਨਹੀਂ ਦੱਸਦਾ।'' ਉਨ੍ਹਾ ਅੱਗੇ ਕਿਹਾ ਕਿ ਮਹਾਂਮਾਰੀ ਲਈ ਚੀਨ ਜ਼ਿੰਮੇਦਾਰ ਹੈ, ਪਰ ਬਿਡੇਨ ਚੀਨ ਵੱਲੋਂ ਧਿਆਨ ਪਾਸੇ ਲਿਜਾ ਕੇ ਹੋਣ ਵਾਲੀ ਤਬਾਹੀ ਲਈ ਟਰੰਪ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਹਨ। ਫੌਕਸ ਨਿਊਜ਼ ਦੇ ਕ੍ਰਿਸ ਵਾਲੇਸ ਵੱਲੋਂ ਕਰਵਾਈ ਗਈ ਬਹਿਸ ਘਰੇਲੂ ਮੁੱਦਿਆਂ ਬਾਰੇ ਸੀ, ਪਰ ਭਾਰਤ, ਰੂਸ ਤੇ ਚੀਨ ਦਾ ਨਾਂਅ ਕੋਰੋਨਾ ਕਰਕੇ ਵਿਚ ਆ ਗਿਆ। ਇਸ ਤੋਂ ਪਹਿਲਾਂ ਨਿਊਜ਼ ਕਾਨਫਰੰਸਾਂ ਵਿਚ ਟਰੰਪ ਕਹਿੰਦੇ ਰਹੇ ਹਨ ਕਿ ਟੈੱਸਟ ਕਰਨ ਦੇ ਮਾਮਲੇ ਵਿਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।

155 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper