Latest News
ਸੁਮੇਧ ਸੈਣੀ ਬੈੱਡ ਰੈੱਸਟ 'ਤੇ

Published on 30 Sep, 2020 10:31 AM.


ਮੋਹਾਲੀ, (ਗੁਰਜੀਤ ਬਿੱਲਾ)
ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਅੱਜ ਐੱਸ ਆਈ ਟੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ ਆਈ ਟੀ ਦੇ ਅਧਿਕਾਰੀ ਐੱਸ ਪੀ ਹਰਮਨਦੀਪ ਸਿੰਘ ਹੰਸ, ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਅਤੇ ਐੱਸ ਐੱਚ ਓ ਰਾਜੀਵ ਕੁਮਾਰ ਥਾਣਾ ਮਟੌਰ ਵਿੱਚ ਸੈਣੀ ਦਾ ਇੰਤਜ਼ਾਰ ਕਰਦੇ ਰਹੇ, ਜਦੋਂਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਲੋਕ ਥਾਣੇ ਦੇ ਬਾਹਰ ਖੜ੍ਹ ਕੇ ਸੈਣੀ ਨੂੰ ਉਡੀਕਦੇ ਰਹੇ ਪਰੰਤੂ ਸੈਣੀ ਦੁਪਹਿਰ 1 ਵਜੇ ਤੱਕ ਹਾਜ਼ਰ ਨਹੀਂ ਹੋਏ। ਇਸ ਦੌਰਾਨ ਸਾਬਕਾ ਡੀ ਜੀ ਪੀ ਸੈਣੀ ਨੇ ਆਪਣੇ ਵਕੀਲ ਰਾਹੀਂ ਮੁਹਾਲੀ ਪੁਲਸ ਨੂੰ ਈ-ਮੇਲ ਭੇਜ ਕੇ ਦੱਸਿਆ ਕਿ ਉਹ ਬਿਮਾਰ ਹਨ ਅਤੇ ਉਹਨਾਂ ਦੇ ਡਾਕਟਰ ਵੱਲੋਂ ਉਹਨਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ, ਇਸ ਲਈ ਉਹ ਮਟੌਰ ਥਾਣੇ ਵਿੱਚ ਹਾਜ਼ਰ ਨਹੀਂ ਹੋ ਸਕਦੇ।
ਇੱਥੇ ਜ਼ਿਕਰਯੋਗ ਹੈ ਕਿ ਬੀਤੀ 28 ਸਤੰਬਰ ਨੂੰ ਸਾਬਕਾ ਡੀ ਜੀ ਪੀ ਥਾਣਾ ਮਟੌਰ ਵਿੱਚ ਪੇਸ਼ ਹੋਏ ਸੀ ਅਤੇ ਐੱਸ ਆਈ ਟੀ ਨੇ ਉਹਨਾਂ ਤੋਂ ਲੱਗਭੱਗ 6 ਘੰਟੇ ਤੱਕ ਪੁੱਛਗਿਛ ਕੀਤੀ ਸੀ, ਜਿਸ ਦੌਰਾਨ ਸੈਣੀ ਤੋਂ 300 ਤੋਂ ਜ਼ਿਆਦਾ ਸਵਾਲ-ਜਵਾਬ ਕੀਤੇ ਗਏ ਸਨ। ਇਸ ਦੌਰਾਨ ਸੈਣੀ ਵੱਲੋਂ ਦਿੱਤੇ ਜਵਾਬਾਂ ਤੋਂ ਐੱਸ ਆਈ ਟੀ ਸੰਤੁਸ਼ਟ ਨਹੀਂ ਹੋਈ ਅਤੇ ਪੁਲਸ ਵੱਲੋਂ ਸੁਮੇਧ ਸੈਣੀ ਨੂੰ ਮੁੜ ਮਟੌਰ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰੰਤੂ ਅੱਜ ਸਾਬਕਾ ਡੀ ਜੀ ਪੀ ਦੇ ਹਾਜ਼ਰ ਨਾ ਹੋਣ ਕਾਰਨ ਹੁਣ ਐੱਸ ਆਈ ਟੀ ਵੱਲੋਂ ਉਹਨਾਂ ਨੂੰ ਨਵਾਂ ਨੋਟਿਸ ਜਾਰੀ ਕੀਤਾ ਜਾਵੇਗਾ।
ਇੱਥੇ ਸਾਬਕਾ ਆਈ ਏ ਐੱਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ 10991 ਵਿੱਚ ਅਗਵਾ ਕਰਨ ਅਤੇ ਬਾਅਦ ਵਿੱਚ ਮੁਲਤਾਨੀ ਦੇ ਲਾਪਤਾ ਹੋ ਜਾਣ ਦੇ ਮਾਮਲੇ ਵਿੱਚ ਮਟੌਰ ਪੁਲਸ ਵੱਲੋਂ ਬੀਤੀ 6 ਮਈ ਨੂੰ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਚੰਡੀਗੜ੍ਹ ਪੁਲਸ ਦੇ ਕੁੱਝ ਹੋਰਨਾਂ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸੁਮੇਧ ਸੈਣੀ ਉਸ ਵੇਲੇ (1991 ਵਿੱਚ) ਚੰਡੀਗੜ੍ਹ ਦੇ ਐੱਸ ਐੱਸ ਪੀ ਸਨ ਅਤੇ ਮੁਲਤਾਨੀ ਨੂੰ ਸੁਮੇਧ ਸਿੰਘ ਸੈਣੀ ਉੱਤੇ ਚੰਡੀਗੜ੍ਹ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੜਿਆ ਗਿਆ ਸੀ। ਹਮਲੇ ਵਿੱਚ ਸੈਣੀ ਦੀ ਸੁਰੱਖਿਆ ਵਿੱਚ ਤੈਨਾਤ ਚਾਰ ਪੁਲਸ ਕਰਮੀ ਮਾਰੇ ਗਏ ਸਨ।
ਸੈਣੀ 'ਤੇ ਇਲਜ਼ਾਮ ਹੈ ਕਿ ਪੁਲਸ ਵੱਲੋਂ ਮੁਲਤਾਨੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ 'ਤੇ ਗੈਰਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਅਤੇ ਫਿਰ ਕਹਿ ਦਿੱਤਾ ਗਿਆ ਸੀ ਕਿ ਬਲਵੰਤ ਸਿੰਘ ਪੁਲਸ ਦੀ ਗ੍ਰਿਫਤ ਤੋਂ ਭੱਜ ਗਿਆ ਹੈ, ਜਦੋਂਕਿ ਬਲਵੰਤ ਸਿੰਘ ਦੇ ਪਰਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਸ ਵੱਲੋਂ ਢਾਹੇ ਗਏ ਤਸ਼ੱਦਦ ਨਾਲ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ। ਇਹ ਮਾਮਲਾ ਕਈ ਤਰ੍ਹਾਂ ਦੀਆਂ ਕਾਨੂੰਨੀ ਪੇਚੀਦਗੀਆਂ ਵਿੱਚ ਉਲਝਿਆ ਰਿਹਾ ਸੀ ਅਤੇ ਆਖਿਰਕਾਰ 31 ਸਾਲ ਬਾਅਦ ਇਸ ਸੰਬੰਧੀ ਪੁਲਸ ਵੱਲੋਂ ਮਟੌਰ ਪੁਲਸ ਥਾਣੇ ਸੈਣੀ ਅਤੇ ਹੋਰਨਾਂ ਖਿਲਾਫ ਅਗਵਾ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਬਾਅਦ ਵਿੱਚ ਸੈਣੀ ਦੇ ਨਾਲ ਰਹੇ ਪੁਲਸ ਅਧਿਕਾਰੀਆਂ ਨੇ ਮਾਣਯੋਗ ਅਦਾਲਤ ਵਿੱਚ ਗਵਾਹੀ ਦੌਰਾਨ ਇਹ ਗੱਲ ਮੰਨੀ ਸੀ ਕਿ ਮੁਲਤਾਨੀ 'ਤੇ ਗੈਰਮਨੁੱਖੀ ਤਸ਼ੱਦਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਕਤਲ ਦੀ ਧਾਰਾ (302) ਵੀ ਜੋੜ ਦਿੱਤੀ ਗਈ ਸੀ।

254 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper