Latest News
ਇਹ ਹੈ ਭਾਜਪਾ ਦਾ ਰਾਮਰਾਜ

Published on 30 Sep, 2020 10:35 AM.

ਹਾਥਰਸ ਦੀ ਦਲਿਤ ਲੜਕੀ 15 ਦਿਨਾਂ ਤੱਕ ਮੌਤ ਨਾਲ ਸੰਘਰਸ਼ ਕਰਦੀ ਆਖਰ ਜ਼ਿੰਦਗੀ ਦੀ ਲੜਾਈ ਹਾਰ ਗਈ। ਪਿੰਡ ਦੀ ਇਸ ਬੱਚੀ ਦੀ ਜਿਸ ਵਹਿਸ਼ੀਪੁਣੇ ਨਾਲ ਹੱਤਿਆ ਕੀਤੀ ਗਈ, ਉਸ ਨੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਸ਼ਰਮਸਾਰ ਕੀਤਾ ਹੈ। ਉੱਚ ਜਾਤੀ ਦੇ ਦਰਿੰਦਿਆਂ ਨੇ ਪਹਿਲਾਂ ਉਸ ਦੀ ਜੀਭ ਕੱਟੀ, ਫਿਰ ਬਲਾਤਕਾਰ ਕੀਤਾ ਤੇ ਆਖਰ ਜਾਂਦੇ ਹੋਏ ਉਸ ਦੀ ਰੀੜ੍ਹ ਦੀ ਹੱਡੀ ਤੋੜ ਗਏ। ਇਸ ਤੋਂ ਬਾਅਦ ਉਸ ਬੱਚੀ ਨੂੰ ਕਿਹੋ ਜਿਹਾ ਦਰਦ ਸਹਿਣਾ ਪਿਆ ਹੋਵੇਗਾ, ਇਸ ਦੀ ਕਲਪਨਾ ਕਰਕੇ ਰੂਹ ਕੰਬ ਜਾਂਦੀ ਹੈ। ਇਸ ਕੇਸ ਵਿੱਚ ਜਿਹੜਾ ਰਵੱਈਆ ਸ਼ਾਸਨ ਵੱਲੋਂ ਅਖਤਿਆਰ ਕੀਤਾ ਗਿਆ, ਉਹ ਸਾਡੀ ਸਮੁੱਚੀ ਵਿਵਸਥਾ ਨੂੰ ਹੀ ਕਟਹਿਰੇ ਵਿੱਚ ਖੜ੍ਹੀ ਕਰਦਾ ਹੈ। ਪੁਲਸ ਵੱਲੋਂ ਰਾਤ ਦੇ ਹਨੇਰੇ ਵਿੱਚ ਲਾਸ਼ ਨੂੰ ਹਸਪਤਾਲੋਂ ਲਿਆ ਕੇ ਬਿਨਾਂ ਪਰਵਾਰ ਦੀ ਸਹਿਮਤੀ ਦੇ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ। ਪਰਵਾਰ ਤੇ ਪਿੰਡ ਵਾਸੀ ਇਹ ਤਰਲੇ ਕਰਦੇ ਰਹੇ ਕਿ ਮ੍ਰਿਤਕ ਸਰੀਰ ਨੂੰ ਘਰ ਵਿੱਚ ਲਿਜਾ ਕੇ ਉਹ ਉਸ ਦਾ ਮੂੰਹ ਤਾਂ ਵੇਖ ਲੈਣ, ਪਰ ਕਿਸੇ ਦੀ ਇੱਕ ਨਾ ਸੁਣੀ ਗਈ। ਰਾਤ ਦੇ ਢਾਈ ਵਜੇ ਸਭ ਮਾਨਵੀ ਕਦਰਾਂ ਤੇ ਅਸੂਲਾਂ ਨੂੰ ਛਿੱਕੇ ਟੰਗ ਕੇ ਕੀਤਾ ਗਿਆ ਇਹ ਸਸਕਾਰ ਅਸਲ ਵਿੱਚ ਯੂ ਪੀ ਪ੍ਰਸ਼ਾਸਨ ਦੀ ਬੇਰਹਿਮ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਮਨੁੱਖੀ ਸਮਾਜ ਵਿੱਚ ਮ੍ਰਿਤਕ ਸਰੀਰ ਦੇ ਵੀ ਮਾਨਵੀ ਅਧਿਕਾਰ ਹੁੰਦੇ ਹਨ। ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨ ਸਮੇਂ ਵੀ ਪੁਲਸ ਨੂੰ ਇਹ ਹਦਾਇਤ ਹੁੰਦੀ ਹੈ ਕਿ ਉਹ ਸੰਬੰਧਤ ਵਿਅਕਤੀ ਦਾ ਸਸਕਾਰ ਉਸ ਦੇ ਧਰਮ ਅਨੁਸਾਰ ਰਹੁ-ਰੀਤਾਂ ਨਾਲ ਕਰੇ। ਕਿਸੇ ਖਾਸ ਘਟਨਾ, ਜਿਸ ਕਾਰਨ ਅਮਨ-ਕਾਨੂੰਨ ਵਿਗੜਨ ਦਾ ਡਰ ਹੋਵੇ, ਪੁਲਸ ਵੱਲੋਂ ਸਸਕਾਰ ਕਰ ਦਿੱਤਾ ਜਾਂਦਾ ਹੈ, ਪਰ ਉਸ ਲਈ ਵੀ ਪਰਵਾਰ ਨੂੰ ਭਰੋਸੇ ਵਿੱਚ ਲੈ ਕੇ ਹੀ ਅਜਿਹਾ ਕੀਤਾ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਕਿਉਂ ਕੀਤਾ ਗਿਆ? ਸਰਕਾਰ ਤਰਕ ਦੇ ਸਕਦੀ ਹੈ ਕਿ ਇਸ ਨਾਲ ਅਮਨ-ਕਾਨੂੰਨ ਵਿਗੜਣ ਦੀ ਸੰਭਾਵਨਾ ਸੀ, ਪਰ ਇਹ ਘਟਨਾ ਖੁਦ ਗਵਾਹ ਹੈ ਕਿ ਯੂ ਪੀ ਵਿੱਚ ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ਼ ਹੀ ਨਹੀਂ ਰਹੀ। ਪੀੜਤ ਨੂੰ ਕੋਈ ਨਿਆਂ ਮਿਲ ਸਕੇਗਾ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਉਸ ਨੂੰ ਅੰਤਮ ਸੰਸਕਾਰ ਮੌਕੇ ਵੀ ਨਿਆਂ ਤੇ ਸਨਮਾਨ ਨਹੀਂ ਮਿਲ ਸਕਿਆ। ਪਿਛਲੇ ਸਮੇਂ ਵਿੱਚ ਮੁਸਲਮਾਨਾਂ ਵਿਰੁੱਧ ਯੋਜਨਾਬੱਧ ਢੰਗ ਨਾਲ ਭੀੜਤੰਤਰੀ ਹਤਿਆਵਾਂ ਦਾ ਦੌਰ ਸ਼ੁਰੂ ਕੀਤਾ ਗਿਆ ਸੀ। ਇਹ ਹਿੰਦੂਤਵੀ ਸੰਗਠਨਾਂ ਵੱਲੋਂ ਸੱਤਾ ਦੀ ਸ਼ਹਿ ਉੱਤੇ ਹੋਇਆ ਸੀ, ਪਰ ਦਲਿਤ ਭਾਈਚਾਰੇ ਨੂੰ ਤਾਂ ਹਰ ਰੋਜ਼ ਅਜਿਹੀਆਂ ਘਟਨਾਵਾਂ ਦੇ ਰੂ-ਬ-ਰੂ ਹੋਣਾ ਪੈ ਰਿਹਾ ਹੈ। ਜਦੋਂ ਮਨੂੰ ਸਮ੍ਰਿਤੀ ਦੇ ਉਪਾਸਕ ਸੱਤਾ ਉੱਤੇ ਬਿਰਾਜਮਾਨ ਹੋਣ, ਫਿਰ ਸੰਵਿਧਾਨ ਨਾਂਅ ਦੀ ਇੱਕ ਛੋਟੀ ਜਿਹੀ ਕਿਤਾਬ ਦੀ ਭਲਾ ਕੀ ਕਦਰ ਰਹਿ ਜਾਂਦੀ ਹੈ। ਦਲਿਤਾਂ ਵਿਰੁੱਧ ਉੱਚ ਵਰਗਾਂ ਦੀ ਨਫ਼ਰਤ ਨੂੰ ਧਰਮ ਦੀ ਪੁੱਠ ਚਾੜ੍ਹ ਕੇ ਪੇਂਡੂ ਭਾਰਤ ਦੀ ਜੀਵਨ-ਜਾਚ ਬਣਾ ਦਿੱਤਾ ਗਿਆ ਹੈ। ਹਜ਼ਾਰਾਂ ਸਾਲਾਂ ਤੋਂ ਇਸ ਵਿਵਸਥਾ ਨੂੰ ਗੈਰ-ਬਰਾਬਰੀ ਦੇ ਪਾਣੀ ਨਾਲ ਸਿੰਜਿਆ ਜਾਂਦਾ ਰਿਹਾ ਹੈ। ਇੱਕ ਦਲਿਤ ਉੱਚ ਜਾਤੀ ਦੇ ਬਰਾਬਰ ਨਹੀਂ, ਸਿਰਫ਼ ਪੈਰਾਂ 'ਚ ਬੈਠ ਸਕਦਾ ਹੈ। ਉਹ ਕਿਰਤ ਕਰ ਸਕਦਾ ਹੈ, ਪਰ ਬਦਲੇ ਵਿੱਚ ਕੁਝ ਮੰਗਣ ਦੀ ਮਨਾਹੀ ਹੈ। ਇਸ ਹਾਲਤ ਵਿੱਚ ਜਦੋਂ ਕੋਈ ਦਲਿਤ ਬਰਾਬਰੀ ਦੀ ਗੱਲ ਕਰੇ ਤਾਂ ਉੱਚ ਵਰਗਾਂ ਦਾ ਹੰਕਾਰ ਜ਼ਖ਼ਮੀ ਹੋ ਜਾਂਦਾ ਹੈ। ਪਿਛਲੇ 70 ਸਾਲਾਂ ਵਿੱਚ ਦਲਿਤ ਤੇ ਪੱਛੜੇ ਵਰਗਾਂ ਵਿੱਚ ਜਾਗਰੂਕਤਾ ਵਧੀ ਹੈ। ਲੋਕਾਂ ਨੂੰ ਲੋਕਤੰਤਰੀ ਅਧਿਕਾਰਾਂ ਦਾ ਵੀ ਗਿਆਨ ਹੋਇਆ ਹੈ। ਯੂ ਪੀ ਵਿੱਚ ਬਸਪਾ ਤੇ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਨੇ ਵੀ ਹਾਸ਼ੀਏ ਉਤੇ ਰਹਿ ਰਹੇ ਵਰਗਾਂ ਵਿੱਚ ਨਵੀਂ ਚੇਤਨਾ ਦਾ ਪਸਾਰਾ ਕੀਤਾ ਸੀ। ਇਸ ਤਬਦੀਲੀ ਨੇ ਉੱਚ ਵਰਗਾਂ ਦੀ ਹਊਮੈ ਨੂੰ ਭਾਰੀ ਠੇਸ ਪੁਚਾਈ ਸੀ। ਯੋਗੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਵਰਗਾਂ ਦੀ ਚੜ੍ਹ ਮਚ ਚੁੱਕੀ ਹੈ। ਭਾਜਪਾ ਦਾ ਰਾਮਰਾਜ ਅਸਲ ਵਿੱਚ ਦੇਸ਼ ਅੰਦਰ ਪੁਰਾਣੀ ਵਿਵਸਥਾ ਨੂੰ ਕਾਇਮ ਕਰਨਾ ਹੀ ਹੈ। ਇਸ ਨੇ ਉੱਚ ਵਰਗਾਂ ਨੂੰ ਉਤਸ਼ਾਹਤ ਕੀਤਾ ਹੈ। ਭਾਜਪਾ ਦੀ ਇਹ ਗਿਣੀ-ਮਿੱਥੀ ਨੀਤੀ ਹੈ ਕਿ ਦਲਿਤਾਂ ਤੇ ਹੋਰ ਘੱਟ ਗਿਣਤੀ ਵਰਗਾਂ ਨੂੰ ਏਨਾ ਦਹਿਸ਼ਤਜ਼ਦਾ ਕਰ ਦਿੱਤਾ ਜਾਵੇ ਕਿ ਉਹ ਉੱਚ ਵਰਗਾਂ ਅੱਗੇ ਕੁਸਕਣ ਦੀ ਹਿੰਮਤ ਨਾ ਕਰਨ। ਸਾਡੇ ਸਮਾਜ ਵਿੱਚ ਲੜਕੀ ਨੂੰ ਘਰ ਦੀ ਇੱਜ਼ਤ ਸਮਝਿਆ ਜਾਂਦਾ ਹੈ। ਕਿਸੇ ਲੜਕੀ ਨਾਲ ਬਲਾਤਕਾਰ ਅਜਿਹਾ ਕਾਰਾ ਹੈ, ਜਿਹੜਾ ਸਾਰੇ ਸੰਬੰਧਤ ਸਮਾਜ ਦਾ ਮਨੋਬਲ ਤੋੜ ਦਿੰਦਾ ਹੈ। ਯੋਗੀ ਰਾਜ ਵਿੱਚ ਇਹ ਕੰਮ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ ਹਨ। ਇਸੇ ਨੀਤੀ ਤਹਿਤ ਹੀ ਜਦੋਂ ਵਿਧਾਇਕ ਕੁਲਦੀਪ ਸੇਂਗਰ ਤੇ ਚਿੰਨਮਿਆਨੰਦ ਉਤੇ ਬਲਾਤਕਾਰ ਦੇ ਦੋਸ਼ ਲੱਗੇ ਸਨ ਤਾਂ ਭਾਜਪਾ ਨੇ ਉਨ੍ਹਾਂ ਨੂੰ ਬਚਾਉਣ ਲਈ ਪੂਰਾ ਟਿੱਲ ਲਾਇਆ। ਇਸ ਤਰ੍ਹਾਂ ਕਰਕੇ ਉਹ ਬਲਾਤਕਾਰੀਆਂ ਨੂੰ ਇਹ ਸੰਦੇਸ਼ ਦੇ ਰਹੀ ਸੀ ਕਿ ਮਨ ਆਈਆਂ ਕਰੋ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਅਸਲ ਵਿੱਚ ਇਹ ਸਾਰਾ ਵਰਤਾਰਾ ਇਤਿਹਾਸ ਦੇ ਪਹੀਏ ਨੂੰ ਪੁੱਠਾ ਘੁੰਮਾਉਣ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਅੱਜ ਇੱਕ-ਇੱਕ ਕਰਕੇ ਸਾਰੀਆਂ ਲੋਕਤੰਤਰੀ ਸੰਸਥਾਵਾਂ ਅਪੰਗ ਕਰ ਦਿੱਤੀਆਂ ਗਈਆਂ ਹਨ। ਸੰਵਿਧਾਨ ਦੀ ਕੋਈ ਪੁੱਛ-ਪ੍ਰਤੀਤ ਨਹੀਂ ਰਹੀ। ਨਿਆਂ ਪਾਲਿਕਾ ਤੋਂ ਸੰਵਿਧਾਨ ਦੀ ਰਾਖੀ ਦੀ ਆਸ ਖ਼ਤਮ ਹੋ ਚੁੱਕੀ ਹੈ। ਇਸ ਸਾਰੇ ਕੁਝ ਦਾ ਇਕੋ ਮਕਸਦ ਹੈ, ਜਾਤੀ ਵਿਵਸਥਾ ਦੀ ਬਹਾਲੀ। ਸੱਤਾਧਾਰੀ ਜਿਸ ਭਾਰਤੀ ਸੰਸਕ੍ਰਿਤੀ ਦੇ ਨਿੱਤ ਗੁਣ ਗਾਉਂਦੇ ਹਨ, ਅਸਲ ਵਿੱਚ ਉਹ ਵਰਣ ਵਿਵਸਥਾ ਹੀ ਹੈ। ਇਸ ਲਈ ਇਹ ਸਮਝਣਾ ਕਿ ਭਾਜਪਾ ਵਾਲੇ ਸਿਰਫ਼ ਮੁਸਲਮਾਨਾਂ ਦੇ ਹੀ ਵਿਰੋਧੀ ਹਨ, ਗਲਤ ਹੈ। ਉਹ ਉੱਚ ਜਾਤਾਂ ਨੂੰ ਛੱਡ ਕੇ ਦਲਿਤਾਂ, ਪੱਛੜਿਆਂ ਤੇ ਬਾਕੀ ਗਰੀਬ ਤਬਕਿਆਂ ਦੇ ਵੀ ਵਿਰੋਧੀ ਹਨ ਤੇ ਉਨ੍ਹਾਂ ਨੂੰ ਸਵਰਨ ਜਾਤਾਂ ਦੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। -ਚੰਦ ਫਤਿਹਪੁਰੀ

855 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper