Latest News
ਅਸਲਾ ਫੈਕਟਰੀਆਂ 'ਤੇ ਮਾੜੀ ਨਜ਼ਰ

Published on 01 Oct, 2020 11:12 AM.


ਹਾਲ ਹੀ ਵਿਚ ਛਪੀ ਇਕ ਰਿਪੋਰਟ ਮੁਤਾਬਕ ਫੌਜ ਵਿਚ 2014 ਤੋਂ 2019 ਤੱਕ ਨੁਕਸਦਾਰ ਅਸਲੇ ਕਾਰਨ 403 ਹਾਦਸੇ ਵਾਪਰੇ ਅਤੇ ਇਨ੍ਹਾਂ ਨਾਲ 25 ਮੌਤਾਂ ਹੋਈਆਂ ਜਦਕਿ 146 ਜਵਾਨ ਫੱਟੜ ਹੋਏ। ਫੌਜ ਨੇ ਇਸ ਕਰਕੇ 960 ਕਰੋੜ ਦਾ ਅਸਲਾ ਮਿਆਦ ਪੁੱਗਣ ਤੋਂ ਪਹਿਲਾਂ ਹੀ ਬਿਲੇ ਲਾ ਦਿੱਤਾ। ਫੌਜ ਦੀ ਅੰਦਰੂਨੀ ਜਾਂਚ ਵਿਚ ਇਸ ਲਈ ਆਰਡਨੈਂਸ ਫੈਕਟਰੀ ਬੋਰਡ (ਓ ਐੱਫ ਬੀ) ਨੂੰ ਜ਼ਿੰਮੇਦਾਰ ਠਹਿਰਾਇਆ ਗਿਆ।
ਓ ਐੱਫ ਬੀ ਨੇ ਘਟੀਆ ਕੁਆਲਿਟੀ ਦੇ ਗੋਲੀ-ਸਿੱਕੇ ਕਾਰਨ ਕਈ ਹਾਦਸੇ ਵਾਪਰਨ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹ ਅਜਿਹੇ ਅੰਕੜਿਆਂ ਨੂੰ ਪ੍ਰਵਾਨ ਨਹੀਂ ਕਰਦਾ। ਉਸ ਨੇ ਕਿਹਾ ਹੈ ਕਿ ਇਕ ਤਾਂ ਜਾਂਚ ਰਿਪੋਰਟ ਉਸ ਨਾਲ ਸਾਂਝੀ ਨਹੀਂ ਕੀਤੀ ਗਈ ਤੇ ਦੂਜਾ ਜਾਂਚ ਵਿਚ ਜਿਹੜੇ ਨੁਕਸ ਗਿਣਾਏ ਗਏ ਹਨ, ਉਨ੍ਹਾਂ ਵਿੱਚੋਂ ਸਿਰਫ 19 ਫੀਸਦੀ ਲਈ ਉਸ ਨੂੰ ਜ਼ਿੰਮੇਦਾਰ ਮੰਨਿਆ ਗਿਆ ਹੈ। ਇਸ ਤੋਂ ਵੀ ਅੱਗੇ ਜਿਨ੍ਹਾਂ ਘਟਨਾਵਾਂ ਵਿਚ ਜਾਨੀ ਨੁਕਸਾਨ ਹੋਇਆ, ਉਹ ਵੀ ਸਿਰਫ 2 ਫੀਸਦੀ ਉਸ ਦੇ ਖਾਤੇ ਪਾਈਆਂ ਗਈਆਂ ਹਨ। ਬੋਰਡ ਨੇ ਇਹ ਸਨਸਨੀਖੇਜ਼ ਗੱਲ ਵੀ ਕਹੀ ਹੈ ਕਿ 2011 ਤੋਂ 2018 ਤੱਕ 125 ਤੋਂ ਵੱਧ ਹਾਦਸੇ ਹੋਏ ਅਤੇ ਇਹ ਹਾਦਸੇ ਓ ਐੱਫ ਬੀ ਤੋਂ ਖਰੀਦੇ ਗੋਲੀ-ਸਿੱਕੇ ਨਾਲ ਨਹੀਂ, ਸਗੋਂ ਦੇਸ਼ ਤੇ ਵਿਦੇਸ਼ਾਂ ਤੋਂ ਖਰੀਦੇ ਅਸਲੇ ਕਾਰਨ ਹੋਏ, ਪਰ ਜਿਹੜਾ ਅਸਲਾ ਓ ਐੱਫ ਬੀ ਤੋਂ ਖਰੀਦਿਆ ਜਾਂਦਾ ਹੈ, ਉਸ ਬਾਰੇ ਹੀ ਚਰਚਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਹੁਤੇ ਹਾਦਸੇ 2006 ਤੋਂ ਪਹਿਲਾਂ ਤਿਆਰ ਅਸਲੇ ਕਾਰਨ ਹੋਏ ਹਨ। ਉਦੋਂ ਅਸਲਾ ਤਿਆਰ ਕਰਨ ਲਈ ਵਰਤੇ ਜਾਂਦੇ ਕੱਚੇ ਮਾਲ ਦੀ ਜਾਂਚ ਡਾਇਰੈਕਟਰ ਜਨਰਲ ਕੁਆਲਿਟੀ ਐਸ਼ੋਰੈਂਸ (ਡੀ ਜੀ ਕਿਊ ਏ) ਨੇ ਕੀਤੀ ਸੀ ਤੇ ਓ ਐੱਫ ਬੀ ਦਾ ਕੱਚੇ ਮਾਲ ਦੀ ਕੁਆਲਿਟੀ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ ਸੀ। ਦਰਹਕੀਕਤ, ਜਦੋਂ 2005-06 ਵਿਚ ਕੱਚੇ ਮਾਲ ਦੀ ਕੁਆਲਿਟੀ ਪਰਖਣ ਦੀ ਜ਼ਿੰਮੇਦਾਰੀ ਓ ਐਫ ਬੀ ਨੂੰ ਦਿੱਤੀ ਗਈ, ਉਸ ਤੋਂ ਬਾਅਦ ਹਾਦਸਿਆਂ ਵਿਚ ਕਮੀ ਆਈ ਹੈ।
ਮਾਮਲਾ ਦਰਅਸਲ ਇਹ ਹੈ ਕਿ ਹਰ ਸਰਕਾਰੀ ਅਦਾਰੇ ਦਾ ਨਿੱਜੀਕਰਨ ਕਰਨ ਦੇ ਰਾਹ ਪਈ ਹੋਈ ਮੋਦੀ ਸਰਕਾਰ ਸਰਕਾਰੀ ਅਸਲਾ ਫੈਕਟਰੀਆਂ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਅਤੇ ਆਪਣੇ ਹਮਦਰਦ ਕਾਰਪੋਰੇਟੀਆਂ ਨੂੰ ਅਸਲਾ ਬਣਾਉਣ ਦਾ ਠੇਕਾ ਦੇਣਾ ਚਾਹੁੰਦੀ ਹੈ। ਫੌਜ ਨੇ ਜੁਲਾਈ ਦੀ ਆਪਣੀ ਰਿਪੋਰਟ ਵਿਚ ਆਰਡਨੈਂਸ ਫੈਕਟਰੀ ਬੋਰਡ ਦੇ ਕਾਰਪੋਰੇਟਾਈਜ਼ੇਸ਼ਨ ਦੀ ਸਿਫਾਰਸ਼ ਕੀਤੀ ਸੀ। ਮੋਦੀ ਸਰਕਾਰ ਵੀ ਇਹੀ ਚਾਹੁੰਦੀ ਹੈ ਤੇ ਉਹ ਦੇਸ਼ ਦੀਆਂ 41 ਆਰਡਨੈਂਸ ਫੈਕਟਰੀਆਂ ਅਤੇ ਬੋਰਡ ਦੇ ਤਹਿਤ ਚੱਲਦੇ 13 ਵਿਕਾਸ ਕੇਂਦਰਾਂ ਤੇ 9 ਇੰਸਟੀਚਿਊਟਾਂ ਨੂੰ ਕਾਰਪੋਰੇਟਾਈਜ਼ ਕਰਨਾ ਚਾਹੁੰਦੀ ਹੈ। ਸਤੰਬਰ ਵਿਚ ਰੱਿਖਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੇ ਮੰਤਰੀਆਂ ਦੇ ਗਰੁੱਪ ਨੂੰ ਸਮੁੱਚੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਦਾ ਕੰਮ ਵੀ ਸੌਂਪਿਆ ਜਾ ਚੁੱਕਿਆ ਹੈ। ਸਰਕਾਰੀ ਅਸਲਾ ਫੈਕਟਰੀਆਂ ਦੇ ਵਰਕਰ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ ਤੇ ਉਨ੍ਹਾਂ 12 ਅਕਤੂਬਰ ਨੂੰ ਮੁਲਕਗੀਰ ਹੜਤਾਲ ਦਾ ਵੀ ਸੱਦਾ ਦਿੱਤਾ ਹੋਇਆ ਹੈ। ਪਿਛਲੇ ਦਿਨੀਂ ਹਾਦਸਿਆਂ ਸੰਬੰਧੀ ਛਪੀ ਰਿਪੋਰਟ ਇਨ੍ਹਾਂ ਫੈਕਟਰੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹੀ ਹਿੱਸਾ ਹੈ। ਇਹੀ ਫੈਕਟਰੀਆਂ ਹਨ, ਜਿਨ੍ਹਾਂ ਨੇ ਦੇਸ਼ ਦੀ ਅਸਲੇ ਦੀ ਹੁਣ ਤੱਕ ਲੋੜ ਪੂਰੀ ਕੀਤੀ ਹੈ।

834 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper