Latest News
ਜੰਗਲ ਰਾਜ

Published on 02 Oct, 2020 09:06 AM.

ਹਾਥਰਸ ਦੀ ਦਲਿਤ ਲੜਕੀ ਮਨੀਸ਼ਾ ਨਾਲ ਉੱਚ ਜਾਤੀ ਦੇ ਚਾਰ ਬਦਮਾਸ਼ਾਂ ਵੱਲੋਂ ਸਮੂਹਿਕ ਬਲਾਤਕਾਰ ਦੀ ਵਹਿਸ਼ੀ ਘਟਨਾ ਤੋਂ ਬਾਅਦ ਉਸ ਦੀ ਮੌਤ ਹੋ ਜਾਣ 'ਤੇ ਪਿਛਲੇ ਤਿੰਨ ਦਿਨਾਂ ਤੋਂ ਸਾਰਾ ਦੇਸ਼ ਗੁੱਸੇ ਨਾਲ ਉਬਲ ਰਿਹਾ ਹੈ। ਹੁਣ ਤੱਕ ਦਾ ਘਟਨਾਕ੍ਰਮ ਦੱਸਦਾ ਹੈ ਕਿ ਯੋਗੀ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗਾ ਰਿਹਾ। ਪਹਿਲਾਂ ਤਾਂ ਪੁਲਸ ਕੇਸ ਦਰਜ ਕਰਨ ਤੋਂ ਹੀ ਆਨਾਕਾਨੀ ਕਰਦੀ ਰਹੀ ਤੇ ਜਦੋਂ ਮਾਮਲਾ ਮੀਡੀਆ ਵਿੱਚ ਤੂਲ ਫੜ ਗਿਆ ਤਾਂ ਘਟਨਾ ਤੋਂ ਪੰਜਵੇਂ ਦਿਨ ਐੱਫ਼ ਆਈ ਆਰ ਲਿਖੀ ਗਈ।
29 ਸਤੰਬਰ ਨੂੰ ਜਦੋਂ ਲੜਕੀ ਦੀ ਮੌਤ ਹੋ ਗਈ ਤਾਂ ਹਸਪਤਾਲ ਵਿੱਚੋਂ ਚੋਰੀ ਛਿਪੇ ਲਾਸ਼ ਲਿਜਾ ਕੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਲਾਸ਼ ਨੂੰ ਰਾਤ ਦੇ ਢਾਈ ਵਜੇ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ। ਹੁਣ ਯੂ ਪੀ ਪੁਲਸ ਇਹ ਕਹਿ ਰਹੀ ਹੈ ਕਿ ਡਾਕਟਰੀ ਰਿਪੋਰਟ ਲੜਕੀ ਨਾਲ ਹੋਏ ਬਲਾਤਕਾਰ ਦੀ ਪੁਸ਼ਟੀ ਨਹੀਂ ਕਰਦੀ। ਸੱਚਾਈ ਇਹ ਹੈ ਕਿ ਜਦੋਂ ਹਸਪਤਾਲ ਵਿੱਚ ਲੜਕੀ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਨਾਲ ਹੋਏ ਬਲਾਤਕਾਰ ਤੋਂ ਲੈ ਕੇ ਜੀਭ ਕੱਟੇ ਜਾਣ ਦਾ ਆਪਣੇ ਬਿਆਨ 'ਚ ਪੂਰਾ ਬਿਊਰਾ ਪੇਸ਼ ਕੀਤਾ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਸੁਣੀ ਜਾ ਸਕਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਘਟਨਾ ਵਾਲੇ ਦਿਨ 14 ਸਤੰਬਰ ਤੋਂ ਲੈ ਕੇ 29 ਸਤੰਬਰ ਮੌਤ ਦੀ ਘੜੀ ਤੱਕ ਪੁਲਸ ਨੇ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਕਿ ਲੜਕੀ ਨਾਲ ਬਲਾਤਕਾਰ ਹੋਇਆ ਹੀ ਨਹੀਂ। ਇਸ ਗੱਲ ਦਾ ਖੁਲਾਸਾ ਉਦੋਂ ਹੀ ਕਿਉਂ ਕੀਤਾ, ਜਦੋਂ ਪੁਲਸ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਚੁੱਕੀ ਸੀ। ਪੁਲਸ ਜੇ ਇਹ ਗੱਲ ਪਹਿਲਾਂ ਕਰਦੀ ਤਾਂ ਪਰਵਾਰ ਉਸ ਦਾ ਪੋਸਟਮਾਰਟਮ ਡਾਕਟਰਾਂ ਦੇ ਵੱਖਰੇ ਬੋਰਡ ਤੋਂ ਕਰਾਉਣ ਦੀ ਮੰਗ ਕਰ ਸਕਦਾ ਸੀ। ਇਸ ਕੇਸ ਵਿੱਚ ਹੁਣ ਤੱਕ ਜੋ ਹੋਇਆ ਹੈ, ਉਸ ਲਈ ਸਿਰਫ਼ ਡੀ ਐੱਮ ਤੇ ਪੁਲਸ ਮੁਖੀ ਹੀ ਦੋਸ਼ੀ ਨਹੀਂ ਹਨ, ਉਹ ਏਨਾ ਵੱਡਾ ਫੈਸਲਾ ਉਪਰਲੇ ਹੁਕਮ ਤੋਂ ਬਿਨਾਂ ਨਹੀਂ ਕਰ ਸਕਦੇ।
ਹੁਣ ਵੀ ਜੋ ਕੁਝ ਹੋ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਯੋਗੀ ਸਰਕਾਰ ਇਸ ਸਾਰੇ ਕੇਸ ਉੱਤੇ ਮਿੱਟੀ ਪਾਉਣਾ ਚਾਹੁੰਦੀ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ਤੇ ਟੀ ਵੀ ਚੈਨਲਾਂ ਉੱਤੇ ਲਗਾਤਾਰ ਲਾਈਵ ਕਵਰੇਜ ਹੋ ਰਹੀ ਹੈ। ਲੜਕੀ ਦੇ ਪਰਵਾਰ ਨੂੰ ਘਰ ਵਿੱਚ ਕੈਦ ਕੀਤਾ ਹੋਇਆ ਹੈ। ਸਭ ਮੈਂਬਰਾਂ ਤੋਂ ਉਨ੍ਹਾਂ ਦੇ ਮੋਬਾਇਲ ਖੋਹ ਲਏ ਗਏ ਹਨ, ਤਾਂ ਜੋ ਉਹ ਮੀਡੀਆ ਨਾਲ ਗੱਲ ਨਾ ਕਰ ਸਕਣ। ਘਰੋਂ ਚੋਰੀ ਭੱਜ ਕੇ ਆਏ ਲੜਕੀ ਦੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਡੀ ਐੱਮ ਨੇ ਉਸ ਦੇ ਤਾਏ ਦੀ ਛਾਤੀ ਵਿੱਚ ਠੁੱਡਾ ਮਾਰਿਆ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਡੀ ਐੱਮ ਪ੍ਰਵੀਨ ਕੁਮਾਰ ਵੱਲੋਂ ਲੜਕੀ ਦੇ ਪਿਤਾ ਨੂੰ ਧਮਕਾਉਣ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
ਪੁਲਸ ਨੇ ਸਾਰੇ ਪਿੰਡ ਦੀ ਨਾਕਾਬੰਦੀ ਕਰ ਰੱਖੀ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਰਵਾਰ ਤੱਕ ਪੁੱਜਣ ਤੋਂ ਰੋਕਿਆ ਜਾ ਰਿਹਾ ਹੈ। ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਨੋਇਡਾ ਵਿਖੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਅਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰ ਸ਼ੇਖਰ ਨੂੰ ਵੀ ਘਰਬੰਦ ਕਰ ਦਿੱਤਾ ਗਿਆ। ਦਿੱਲੀ ਵਿੱਚ ਗੈਂਗਰੇਪ ਪੀੜਤਾ ਨਿਰਭੈਆ ਦਾ ਕੇਸ ਲੜਨ ਵਾਲੀ ਵਕੀਲ ਕੁਸ਼ਵਾਹਾ ਨੂੰ ਵੀ ਪਰਵਾਰ ਨੂੰ ਮਿਲਣ ਨਹੀਂ ਦਿੱਤਾ ਗਿਆ। ਇਹੋ ਨਹੀਂ, ਕਿਸੇ ਵੀ ਟੀ ਵੀ ਚੈਨਲ ਨੂੰ ਪਿੰਡ ਦੀ ਜੂਹ ਵਿੱਚ ਵੀ ਵੜਨ ਨਹੀਂ ਦਿੱਤਾ ਜਾ ਰਿਹਾ। ਪੁਲਸ ਦੇ ਏ ਡੀ ਜੀ ਵੱਲੋਂ ਮਹਿਲਾ ਪੱਤਰਕਾਰਾਂ ਨੂੰ ਧਮਕਾਉਣ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।
ਇਸੇ ਦੌਰਾਨ ਬਲਰਾਮਪੁਰ ਵਿੱਚ ਇੱਕ ਕਾਲਜ ਪੜ੍ਹਦੀ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਤੇ ਹੱਤਿਆ ਦੀ ਘਟਨਾ ਤੋਂ ਬਾਅਦ ਲਖਨਊ ਵਿੱਚ ਹੋਈ ਦਰਿੰਦਗੀ ਦਾ ਕਾਂਡ ਸਾਹਮਣੇ ਆ ਗਿਆ ਹੈ। ਯੂ ਪੀ ਦੀ ਰਾਜਧਾਨੀ ਲਖਨਊ ਵਿੱਚ 11ਵੀਂ 'ਚ ਪੜ੍ਹਦੀ ਦਲਿਤ ਲੜਕੀ ਨਾਲ ਗੈਂਗਰੇਪ ਦੀ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਉਸ ਨੂੰ 1 ਹਫ਼ਤੇ ਤੱਕ ਬੰਦੀ ਬਣਾ ਕੇ 5 ਵਿਅਕਤੀਆਂ ਵੱਲੋਂ ਬਲਾਤਕਾਰ ਕੀਤਾ ਗਿਆ। ਲੜਕੀ 3 ਸਤੰਬਰ ਨੂੰ ਥਾਣੇ ਗਈ, ਪਰ ਪੁਲਸ ਵੱਲੋਂ ਲੱਗਭੱਗ 1 ਮਹੀਨੇ ਤੱਕ ਉਸ ਦੀ ਰਪਟ ਦਰਜ ਨਾ ਕੀਤੀ ਗਈ। ਹੁਣ ਜਦੋਂ ਹਾਥਰਸ ਦਾ ਮਾਮਲਾ ਭਖਿਆ ਤਾਂ ਇਸ ਦੇ ਦਬਾਅ ਹੇਠ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਸਪੱਸ਼ਟ ਹੈ ਕਿ ਯੋਗੀ ਦੀ ਜਾਤੀਵਾਦੀ ਪੁਲਸ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਮਨੂੰਵਾਦੀ ਪਹੁੰਚ ਅਪਣਾ ਰਹੀ ਹੈ। ਯੋਗੀ ਆਦਿੱਤਿਆ ਨਾਥ ਦੀ ਸਰਕਾਰ ਅਧੀਨ ਅੱਜ ਉਤਰ ਪ੍ਰਦੇਸ਼ ਦਲਿਤਾਂ ਤੇ ਹੋਰ ਗਰੀਬ ਜਾਤੀਆਂ ਲਈ ਨਰਕ ਬਣ ਚੁੱਕਾ ਹੈ। ਅੱਜ ਲੜਾਈ ਸਿਰਫ਼ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਨਹੀਂ, ਯੂ ਪੀ ਨੂੰ ਜੰਗਲ ਰਾਜ ਤੋਂ ਮੁਕਤ ਕਰਾਉਣ ਦੀ ਹੈ।
-ਚੰਦ ਫਤਿਹਪੁਰੀ

711 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper