Latest News
ਪੁਲਸੀਆ ਮਾਨਸਿਕਤਾ

Published on 04 Oct, 2020 11:00 AM.


ਹਾਥਰਸ ਦੀ ਘਿਨਾਉਣੀ ਘਟਨਾ ਅਤੇ ਉਸੇ ਤਰ੍ਹਾਂ ਦੀਆਂ ਆਸਾਮ ਵਿਚ 2019 ਤੋਂ ਵਾਪਰੀਆਂ ਘਟਨਾਵਾਂ ਖਿਲਾਫ ਸ਼ਨੀਵਾਰ ਗੁਹਾਟੀ ਦੇ ਰੋਟਰੀ ਕਲੱਬ ਦੇ ਬਾਹਰ ਪ੍ਰੋਟੈੱਸਟ ਕਰ ਰਹੀਆਂ ਬੀਬੀਆਂ ਨੇ ਇਕ ਪੁਲਸ ਅਫਸਰ ਨੂੰ ਉਨ੍ਹਾਂ 'ਤੇ ਹੱਸਦੇ ਦੇਖ ਕੇ ਹੱਸਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਕਿਹਾ ਕਿ ਉਹ ਹਰ ਵੇਲੇ ਹੱਸਦਾ ਰਹਿੰਦਾ ਹੈ। ਬੀਬੀਆਂ ਨੇ ਕਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੰਭੀਰ ਮੁੱਦਾ ਹੈ ਤੇ ਤੁਹਾਨੂੰ ਇਸ 'ਤੇ ਹੱਸਣਾ ਨਹੀਂ ਚਾਹੀਦਾ। ਇਸ 'ਤੇ ਪੁਲਸ ਅਫਸਰ ਨੇ ਕਿਹਾ ਕਿ ਉਹ ਤਾਂ ਹਮੇਸ਼ਾ ਹੱਸਦਾ ਰਹਿੰਦਾ ਹੈ, ਤੁਸੀਂ ਇਸ ਬਾਰੇ ਏਨੀਆਂ ਗੰਭੀਰ ਹੋ ਰਹੀਆਂ ਹੋ? ਇਕ ਪ੍ਰੋਟੈੱਸਟਰ ਬੀਬੀ ਨੇ ਫਿਰ ਕਿਹਾ, ''ਜੇ ਕਿਸੇ ਨੇ ਮੇਰੇ ਨਾਲ ਬਲਾਤਕਾਰ ਕਰ ਦਿੱਤਾ ਤਾਂ ਕੀ ਹੋਵੇਗਾ?'' ਪੁਲਸ ਅਫਸਰ ਅੱਗਿਓਂ ਬੋਲਿਆ, ''ਕਾਨੂੰਨ ਹਨ, ਤੁਹਾਡੀ ਰਾਖੀ ਲਈ ਕਈ ਕਾਨੂੰਨ ਤੇ ਹੁਕਮ ਹਨ।'' ਬੀਬੀ ਨੇ ਅੱਗੇ ਕਿਹਾ, ''ਯੂ ਪੀ ਵਿਚ ਕੁੜੀ ਨਾਲ ਬਲਾਤਕਾਰ ਹੋਇਆ, ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਫਿਰ ਪੁਲਸ ਨੇ ਘਰਦਿਆਂ ਦੀ ਸਹਿਮਤੀ ਤੋਂ ਬਿਨਾਂ ਉਸ ਦੀ ਲਾਸ਼ ਸਾੜ ਦਿੱਤੀ। ਫਿਰ ਅਸੀਂ ਪੁਲਸ ਤੋਂ ਸੁਰੱਖਿਆ ਦੀ ਆਸ ਕਿਵੇਂ ਰੱਖ ਸਕਦੇ ਹਾਂ।'' ਪੁਲਸ ਅਫਸਰ ਬੋਲਿਆ, ''ਤੁਸੀਂ ਆਸਾਮ ਵਿਚ ਹੋ, ਨਾ ਕਿ ਯੂ ਪੀ? ਕਿਉਂ ਏਨੀ ਚਿੰਤਾ ਕਰ ਰਹੇ ਹੋ।'' ਪ੍ਰੋਟੈੱਸਟਰ ਬੀਬੀ ਨੇ ਪੁੱਛਿਆ, ''ਸਰ, ਤੁਹਾਡੀ ਧੀ ਹੈ।'' ਪੁਲਸ ਅਫਸਰ ਨੇ ਕਿਹਾ, ''ਨਹੀਂ, ਮੈਂ ਵਿਆਹਿਆ ਨਹੀਂ।'' ਪ੍ਰੋਟੈੱਸਟਰ ਬੋਲੀ, ''ਸਰ, ਤੁਹਾਡੀ ਮਾਂ ਹੈ।'' ਪੁਲਸ ਅਫਸਰ ਨੇ ਜਵਾਬ ਦਿੱਤਾ,''ਮੈਂ ਬਿਨਾਂ ਮਾਂ ਤੋਂ ਜੰਮਿਆ ਸੀ। ਉੱਤੋਂ ਧਰਤੀ 'ਤੇ ਡਿੱਗਿਆ ਸੀ।''
ਦਰਅਸਲ, ਪੁਲਸ ਅਫਸਰ ਸੱਚ ਹੀ ਬੋਲਿਆ। ਸਮਾਜ ਦੇ ਰਾਖਿਆਂ ਦੀ ਮਾਨਸਿਕਤਾ, ਸਿਸਟਮ ਦੀ ਮਾਨਸਿਕਤਾ ਅਤੇ ਸਰਕਾਰ ਦੀ ਮਾਨਸਿਕਤਾ ਬਲਾਤਕਾਰ ਤੇ ਕਤਲ ਵਰਗੇ ਗੰਭੀਰ ਮਾਮਲਿਆਂ ਦਾ ਮਖੌਲ ਬਣਾਉਣ ਵਾਲੀ ਬਣ ਚੁੱਕੀ ਹੈ। ਹਾਥਰਸ ਦਾ ਮਾਮਲਾ ਤਾਂ ਤਾਜ਼ਾ ਹੈ। ਰੋਜ਼ਾਨਾ ਅਜਿਹੇ ਮਾਮਲੇ ਵਾਪਰਦੇ ਹਨ ਅਤੇ ਪੁਲਸ ਆਪਣੇ ਆਕਿਆਂ ਦੀ ਮਾਨਸਿਕਤਾ ਦੇ ਚਲਦਿਆਂ ਜਾਂ ਤਾਂ ਕੇਸ ਨਹੀਂ ਦਰਜ ਕਰਦੀ, ਜੇ ਦਰਜ ਕਰ ਲਵੇ ਤਾਂ ਡਰਾ-ਧਮਕਾ ਕੇ ਵਾਪਸ ਕਰਵਾ ਦਿੰਦੀ ਹੈ। ਜੇ ਮਾਮਲਾ ਕੋਰਟ ਵਿਚ ਚਲੇ ਵੀ ਜਾਵੇ ਤਾਂ ਪੈਰਵੀ ਇਸ ਤਰ੍ਹਾਂ ਕਰਦੀ ਹੈ ਕਿ ਦੋਸ਼ੀ ਸਾਫ ਬਰੀ ਹੋ ਜਾਂਦੇ ਹਨ। ਹਾਂ, ਹਾਥਰਸ ਵਰਗਾ ਘਰਦਿਆਂ ਨੂੰ ਦੱਸੇ ਬਿਨਾਂ ਪੀੜਤਾ ਨੂੰ ਤੇਲ ਪਾ ਕੇ ਸਾੜਨ ਵਰਗਾ ਕਾਰਾ ਘੱਟ ਹੀ ਸੁਣਿਆ ਸੀ ਤੇ ਉਹ ਵੀ ਉਸ ਨੇ ਕਰਕੇ ਦਿਖਾ ਦਿੱਤਾ ਹੈ। ਹਾਥਰਸ ਮਾਮਲੇ ਵਿਚ ਡੀ ਸੀ ਤੇ ਪੁਲਸ ਅਫਸਰਾਂ ਨੇ ਜਿਹੋ-ਜਿਹਾ ਰੋਲ ਨਿਭਾਇਆ ਹੈ, ਉਹ ਗੁਹਾਟੀ ਦੇ ਪੁਲਸ ਅਫਸਰ ਦੇ ਵਚਨਾਂ ਮੁਤਾਬਕ ਹੀ ਹੈ ਕਿ ਅਜਿਹੇ ਅਫਸਰਾਂ ਦੀਆਂ ਭੈਣਾਂ ਜੇ ਹੁੰਦੀਆਂ ਵੀ ਹੋਣਗੀਆਂ ਤਾਂ ਉਨ੍ਹਾਂ ਲਈ ਨਹੀਂ ਹੁੰਦੀਆਂ ਅਤੇ ਉਹ ਮਾਂ ਦੀ ਕੁੱਖੋਂ ਜਨਮ ਲੈਣ ਦੀ ਥਾਂ ਟੱਪਕੇ ਅੰਬ ਵਾਂਗ ਧਰਤੀ 'ਤੇ ਆਉਂਦੇ ਹਨ। ਅਫਸੋਸ ਇਸ ਗੱਲ ਦਾ ਵੀ ਹੈ ਕਿ ਪੁਲਸ ਵਿਚ ਜੁਲੀਅਸ ਰੇਬੀਰੋ ਵਰਗੇ ਅਫਸਰ ਬਹੁਤ ਘੱਟ ਨਜ਼ਰ ਆਉਂਦੇ ਹਨ, ਜਿਹੜੇ ਆਪਣੇ ਮਾਤਹਿਤਾਂ ਨੂੰ ਸਮਝਾ ਸਕਣ ਕਿ ਲੋਕਾਂ ਨਾਲ ਕਿਸ ਤਰ੍ਹਾਂ ਵਿਹਾਰ ਕਰਨਾ ਚਾਹੀਦਾ ਹੈ। ਆਵਾ ਹੀ ਊਤ ਗਿਆ ਹੈ ਅਤੇ ਸੂਝਵਾਨ ਨੌਜਵਾਨ ਮੁੰਡੇ-ਕੁੜੀਆਂ ਹੀ ਅੱਗੇ ਲੱਗ ਕੇ ਅਜਿਹੀ ਮਾਨਸਿਕਤਾ ਵਾਲੇ ਹੁਕਮਰਾਨਾਂ ਤੇ ਅਫਸਰਾਂ ਦੀ ਸੁਰਤ ਟਿਕਾਣੇ ਲਿਆ ਸਕਦੇ ਹਨ। ਪੁਲਸ ਵਿਚਲੇ ਚੰਗੇ ਤੱਤਾਂ ਨੂੰ ਵੀ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਕਹਿਣ ਦਾ ਹੀਆ ਕਰਨਾ ਚਾਹੀਦਾ ਹੈ। ਹਾਥਰਸ ਵਰਗੀ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ।

765 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper