Latest News
ਯੋਗੀ ਦਾ ਸਾਜ਼ਿਸ਼ੀ ਪੱਤਾ

Published on 05 Oct, 2020 10:53 AM.


ਹਾਥਰਸ ਦੀ ਦਲਿਤ ਲੜਕੀ ਦੇ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਵਿੱਚ ਯੋਗੀ ਦੀ ਭਾਜਪਾ ਸਰਕਾਰ ਨੇ ਹੁਣ ਖੁੱਲ੍ਹੇ ਤੌਰ ਉੱਤੇ ਦੋਸ਼ੀਆਂ ਨੂੰ ਬਚਾਉਣ ਦਾ ਪੈਂਤੜਾ ਮੱਲ ਲਿਆ ਹੈ। ਐਤਵਾਰ ਨੂੰ ਵਾਪਰੀਆਂ ਕਈ ਘਟਨਾਵਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪੂਰਾ ਯੂ ਪੀ ਪ੍ਰਸ਼ਾਸਨ ਇਸ ਘਿਨੌਣੇ ਕਾਂਡ ਨੂੰ ਜਾਤੀਵਾਦੀ ਰੰਗ ਦੇਣ ਲਈ ਪੱਬਾਂ ਭਾਰ ਹੋ ਚੁੱਕਾ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਵੱਖ-ਵੱਖ ਵੀਡੀਓਜ਼ ਯੋਗੀ ਪ੍ਰਸ਼ਾਸਨ ਦੇ ਕਰੂਰ ਚਿਹਰੇ ਤੋਂ ਨਕਾਬ ਉਤਾਰ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਪੋਤਾ ਜੈਅੰਤ ਚੌਧਰੀ ਪੁਲਸ ਦੀ ਇਜਾਜ਼ਤ ਨਾਲ ਪਰਵਾਰ ਨੂੰ ਮਿਲ ਕੇ ਜਦੋਂ ਬਾਹਰ ਆਉਂਦਾ ਹੈ ਤਾਂ ਤਾਬੜਤੋੜ ਲਾਠੀਚਾਰਜ ਰਾਹੀਂ ਉਸ ਦਾ ਸਵਾਗਤ ਕੀਤਾ ਜਾਂਦਾ ਹੈ। ਵੀਡੀਓ ਵਿੱਚ ਇਹ ਸਾਰੇ ਵਿਅਕਤੀ ਦਰਜਨ ਤੋਂ ਵੱਧ ਨਹੀਂ ਹਨ। ਇਹ ਸਾਰੇ ਜੈਅੰਤ ਚੌਧਰੀ ਨੂੰ ਘੇਰੇ ਵਿੱਚ ਲੈ ਕੇ ਬਚਾਉਂਦੇ ਹਨ। ਬਚਾਉਣ ਵਾਲਿਆਂ ਉੱਤੇ ਪੁਲਸ ਵਾਲੇ ਬੇਤਹਾਸ਼ਾ ਲਾਠੀਆਂ ਵਰ੍ਹਾ ਰਹੇ ਹਨ। ਦੂਜੇ ਪਾਸੇ ਭਾਜਪਾ ਦੇ ਸਾਬਕਾ ਵਿਧਾਇਕ ਰਾਜਵੀਰ ਪਹਿਲਵਾਨ ਦੇ ਘਰ ਸਵਰਨ ਜਾਤੀ ਦੇ ਲੋਕਾਂ ਦਾ ਬਲਾਤਕਾਰੀ ਗੁੰਡਿਆਂ ਦੇ ਸਮਰਥਨ ਵਿੱਚ ਇਕੱਠ ਹੁੰਦਾ ਹੈ ਤੇ ਯੋਗੀ ਵੱਲੋਂ ਕੀਤੀ ਗਈ ਸੀ ਬੀ ਆਈ ਜਾਂਚ ਦਾ ਸਵਾਗਤ ਕੀਤਾ ਜਾਂਦਾ ਹੈ। ਅਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰ ਸ਼ੇਖਰ ਅਜ਼ਾਦ ਜਦੋਂ ਪਰਵਾਰ ਨੂੰ ਮਿਲਣ ਲੜਕੀ ਦੇ ਘਰ ਜਾਂਦੇ ਹਨ ਤਾਂ ਬਾਹਰ ਕੁਰਸੀ ਉੱਤੇ ਬੈਠਾ ਵਿਅਕਤੀ ਖੁੱਲ੍ਹੇਆਮ ਚੰਦਰ ਸ਼ੇਖਰ ਨੂੰ ਦੇਖ ਲੈਣ ਦੀਆਂ ਧਮਕੀਆਂ ਦੇ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਧਮਕੀਆਂ ਦੇਣ ਵਾਲੇ ਦੇ ਪਿੱਛੇ ਦੋ ਪੁਲਸ ਵਾਲੇ ਚੁੱਪਚਾਪ ਖੜ੍ਹੇ ਹਨ। ਇਸ ਵਿਅਕਤੀ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਠਾਕੁਰਾਂ ਦੀ ਮੀਟਿੰਗ ਵਿੱਚ ਲੋਕਾਂ ਨੂੰ ਦੋਸ਼ੀਆਂ ਦੇ ਪੱਖ ਵਿੱਚ ਸੜਕਾਂ ਉਤੇ ਨਿਕਲਣ ਲਈ ਉਕਸਾ ਰਿਹਾ ਹੈ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦਾ ਇੱਕ ਵਫ਼ਦ ਪਰਵਾਰ ਨੂੰ ਮਿਲਣ ਆਉਂਦਾ ਹੈ ਤਾਂ ਸਾਹਮਣੇ ਤੋਂ ਠਾਕੁਰਾਂ ਦੀ ਪੰਚਾਇਤ ਵਿੱਚ ਜੁੜੇ ਲੋਕ 'ਨਿਰਦੋਸ਼ਾਂ ਨੂੰ ਰਿਹਾਅ ਕਰੋ' ਦੇ ਨਾਅਰੇ ਲਾਉਂਦੇ ਆ ਜਾਂਦੇ ਹਨ। ਪੁਲਸ ਲਾਠੀਚਾਰਜ ਕਰ ਦਿੰਦੀ ਹੈ, ਜ਼ਖ਼ਮੀ ਸਿਰਫ਼ ਸਮਾਜਵਾਦੀ ਪਾਰਟੀ ਵਾਲੇ ਹੀ ਹੁੰਦੇ ਹਨ। ਪੁਲਸ ਕਹਿੰਦੀ ਹੈ ਕਿ ਸੂਬੇ ਵਿੱਚ ਦਫ਼ਾ 144 ਲੱਗੀ ਹੈ, ਪਰ ਇਹ ਸਿਰਫ਼ ਵਿਰੋਧੀ ਪਾਰਟੀਆਂ ਲਈ ਹੈ, ਠਾਕੁਰਾਂ ਦੇ ਇਕੱਠੇ ਹੋਣ ਉਤੇ ਕੋਈ ਰੋਕ ਨਹੀਂ, ਸਾਰਾ ਕੁਝ ਯੋਜਨਾ ਅਨੁਸਾਰ ਹੋ ਰਿਹਾ ਹੈ।
ਇਸ ਯੋਜਨਾ ਦਾ ਖੁਲਾਸਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਐਤਵਾਰ ਨੂੰ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਭਾਜਪਾ ਦੇ ਬੂਥ ਕਾਰਜਕਰਤਾਵਾਂ ਨਾਲ ਆਨਲਾਈਨ ਗੱਲਬਾਤ ਦੌਰਾਨ ਕਿਹਾ ਸੀ, ''ਜਿਨ੍ਹਾਂ ਨੂੰ ਵਿਕਾਸ ਚੰਗਾ ਨਹੀਂ ਲੱਗਦਾ, ਉਹ ਲੋਕ ਦੇਸ਼ ਵਿੱਚ ਵੀ ਤੇ ਪ੍ਰਦੇਸ਼ ਵਿੱਚ ਵੀ ਦੰਗੇ ਭੜਕਾਉਣਾ ਚਾਹੁੰਦੇ ਹਨ। ਫਿਰਕੂ ਦੰਗੇ ਭੜਕਾਉਣਾ ਚਾਹੁੰਦੇ ਹਨ। ਇਨ੍ਹਾਂ ਦੰਗਿਆਂ ਦੀ ਆੜ ਵਿੱਚ ਵਿਕਾਸ ਰੁਕੇਗਾ। ਇਨ੍ਹਾਂ ਦੰਗਿਆਂ ਦੀ ਆੜ ਵਿੱਚ ਉਨ੍ਹਾਂ ਨੂੰ ਰੋਟੀਆਂ ਸੇਕਣ ਦਾ ਮੌਕਾ ਮਿਲੇਗਾ, ਇਸ ਲਈ ਨਿੱਤ ਨਵੇਂ ਛੜਯੰਤਰ ਰਚਦੇ ਰਹਿੰਦੇ ਹਨ। ਇਨ੍ਹਾਂ ਛੜਯੰਤਰਾਂ ਤੋਂ ਚੌਕਸ ਰਹਿੰਦਿਆਂ ਵਿਕਾਸ ਦੀ ਪ੍ਰਕ੍ਰਿਆ ਨੂੰ ਅੱਗੇ ਵਧਾਉਣਾ ਹੈ।''
ਯੋਗੀ ਦੇ ਕਹਿਣ ਮੁਤਾਬਕ ਹਾਥਰਸ ਕਾਂਡ ਗੈਂਗਰੇਪ ਨਾ ਹੋ ਕੇ ਉਸ ਦੀ ਸਰਕਾਰ ਵਿਰੁੱਧ ਇੱਕ ਛਡਯੰਤਰ ਹੈ। ਇਹ ਛੜਯੰਤਰ ਵਾਲੀ ਥਿਊਰੀ ਸਾਰਾ ਦੇਸ਼ ਦਿੱਲੀ ਦੰਗਿਆਂ ਦੇ ਕੇਸ ਵਿੱਚ ਵੀ ਦੇਖ ਚੁੱਕਾ ਹੈ। ਹੁਣ ਉਹੋ ਕੁਝ ਯੂ ਪੀ ਵਿੱਚ ਦੁਹਰਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਦਿੱਲੀ ਦੰਗਿਆਂ ਦੇ ਕੇਸ ਦੀ ਤਰਜ਼ ਉੱਤੇ ਹੀ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਅਗਿਆਤ ਲੋਕਾਂ ਵਿਰੁੱਧ ਇੱਕ ਖੁੱਲ੍ਹੀ ਐੱਫ਼ ਆਈ ਆਰ ਦਰਜ ਕਰ ਲਈ ਗਈ ਹੈ। ਚੌਕੀ ਇੰਚਾਰਜ ਭੁਪਿੰਦਰ ਸਿੰਘ ਦੀ ਤਹਿਰੀਰ ਉਤੇ 153-ਏ, 153-ਬੀ, 420 (ਧੋਖਾਧੜੀ), 465 (ਜਾਅਲਸਾਜ਼ੀ), 468 (ਧੋਖੇਬਾਜ਼ੀ ਲਈ ਦਸਤਾਵੇਜ਼ਾਂ ਦੀ ਵਰਤੋਂ) 469 (ਜਾਅਲਸਾਜ਼ੀ ਨਾਲ ਕਿਸੇ ਵਿਅਕਤੀ ਦੀ ਮਾਣਹਾਨੀ) ਆਦਿ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਦੇ ਡੀ ਐੱਸ ਪੀ ਸੋਮੇਨ ਵਰਮਾ ਅਨੁਸਾਰ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਵਰਗਾਂ ਵਿੱਚ ਵੈਰ-ਭਾਵ ਫੈਲਾਉਣ, ਸਮਾਜਿਕ ਭਾਈਚਾਰੇ ਨੂੰ ਨੁਕਸਾਨ ਪੁਚਾਉਣ ਤੇ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦੇ ਯਤਨਾਂ ਵਿਰੁੱਧ ਹਜ਼ਰਤਗੰਜ ਕੋਤਵਾਲੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਏ ਡੀ ਜੀ ਪੀ ਕਾਨੂੰਨ ਪ੍ਰਸ਼ਾਂਤ ਕੁਮਾਰ ਨੇ ਕਿਹਾ ਹੈ ਕਿ ਪੀਪਲਜ਼ ਫਰੰਟ ਆਫ਼ ਇੰਡੀਆ (ਪੀ ਐੱਫ਼ ਆਈ) ਵਰਗੇ ਕੁਝ ਸੰਗਠਨ ਰਾਜ ਦਾ ਮਾਹੌਲ ਵਿਗਾੜਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਖੁਫ਼ੀਆ ਪੁਲਸ ਮੁਤਾਬਕ ਹਾਥਰਸ ਦੇ ਬਹਾਨੇ ਉਤਰ ਪ੍ਰਦੇਸ਼ ਵਿੱਚ ਜਾਤੀ ਤੇ ਫਿਰਕੂ ਤਣਾਅ ਪੈਦਾ ਕਰਨ ਦੀ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ, ਜੋ ਸਰਕਾਰ ਦੀ ਚੌਕਸੀ ਨਾਲ ਨਾਕਾਮ ਕਰ ਦਿੱਤੀ ਗਈ ਹੈ। ਇਹ ਸਾਰੇ ਸ਼ਬਦ ਲੱਗਭੱਗ ਉਹੀ ਹਨ, ਜੋ ਦਿੱਲੀ ਦੰਗਿਆਂ ਸੰਬੰਧੀ ਦਰਜ ਮੁਕੱਦਮਿਆਂ ਵਿੱਚ ਵਰਤੇ ਗਏ ਹਨ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਹੁਣ ਹਾਥਰਸ ਕਾਂਡ ਦੇ ਨਾਂਅ ਉੱਤੇ ਯੂ ਪੀ ਵਿੱਚ ਵੀ ਦਿੱਲੀ ਦੰਗਿਆਂ ਦੇ ਕੇਸ ਵਾਂਗ ਹੀ ਵਿਰੋਧੀਆਂ ਨੂੰ ਫਸਾਉਣ ਲਈ ਰੱਸੇ-ਪੈੜੇ ਵੱਟੇ ਜਾ ਰਹੇ ਹਨ। ਯੋਗੀ ਸਰਕਾਰ ਦੀ ਨੀਅਤ ਦਾ ਖੁਲਾਸਾ ਤਾਂ 1 ਅਕਤੂਬਰ ਨੂੰ ਉਸ ਵੇਲੇ ਹੀ ਹੋ ਗਿਆ ਸੀ, ਜਦੋਂ ਪੁਲਸ ਦੇ ਅੱਪਰ ਡੀ ਜੀ ਪੀ ਨੇ ਪ੍ਰੈੱਸ ਕਾਨਫ਼ਰੰਸ ਲਾ ਕੇ ਕਿਹਾ ਸੀ ਕਿ ਇਸ ਘਟਨਾ ਵਿੱਚ ਜੋ ਲੋਕ ਸ਼ਾਮਲ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾ ਕਿਹਾ ਸੀ ਕਿ ਮੈਡੀਕਲ ਰਿਪੋਰਟ ਆਉਣ ਤੋਂ ਪਹਿਲਾਂ ਹੀ ਸਰਕਾਰ ਵਿਰੁੱਧ ਗਲਤ ਬਿਆਨੀ ਕੀਤੀ ਗਈ ਤੇ ਪੁਲਸ ਦੀ ਛਵੀ ਖਰਾਬ ਕੀਤੀ ਗਈ। ਅਸੀਂ ਪੜਤਾਲ ਕਰਾਂਗੇ ਕਿ ਇਹ ਕਿਸ ਨੇ ਕੀਤਾ। ਇਸ ਲਈ ਐੱਸ ਆਈ ਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਐੱਸ ਆਈ ਟੀ ਦਾ ਗਠਨ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਨਹੀਂ, ਵਿਰੋਧੀਆਂ ਨੂੰ ਫਸਾਉਣ ਲਈ ਕੀਤਾ ਗਿਆ ਸੀ। ਇਸ ਕੇਸ ਵਿੱਚ ਸਰਕਾਰ ਵੱਲੋਂ ਦੋ ਫੈਸਲੇ ਕੀਤੇ ਗਏ ਹਨ, ਜਿਹੜੇ ਦੋਸ਼ੀ ਧਿਰ ਦੀ ਮੰਗ ਸਨ, ਸੀ ਬੀ ਆਈ ਜਾਂਚ ਤੇ ਲੜਕੀ ਦੇ ਪਰਵਾਰ ਵਾਲਿਆਂ ਦਾ ਨਾਰਕੋ ਟੈਸਟ।
ਸਾਰਾ ਦੇਸ਼ ਜਾਣਦਾ ਹੈ ਕਿ ਇਸ ਸਮੇਂ ਸੀ ਬੀ ਆਈ ਕਿਸ ਲਈ ਕੰਮ ਕਰਦੀ ਹੈ। ਯੋਗੀ ਦੀ ਏਜੰਸੀ ਤੋਂ ਲੈ ਕੇ ਕੇਸ ਮੋਦੀ ਦੀ ਏਜੰਸੀ ਨੂੰ ਦੇਣ ਨਾਲ ਪੀੜਤ ਲਈ ਇਨਸਾਫ਼ ਦੀ ਗਰੰਟੀ ਨਹੀਂ ਕੀਤੀ ਜਾ ਸਕਦੀ। ਇਸ ਲਈ ਪਰਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਕੇਸ ਦੀ ਜਾਂਚ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕਰਾਈ ਜਾਵੇ। ਹਾਲਾਂਕਿ ਹਾਲੀਆ ਤਜਰਬੇ ਤੋਂ ਕਿਹਾ ਨਹੀਂ ਜਾ ਸਕਦਾ ਕਿ ਇਨਸਾਫ਼ ਮਿਲ ਸਕੇਗਾ ਜਾਂ ਨਹੀਂ। ਇਸ ਸਮੇਂ ਤਾਂ ਇੱਕੋ ਇੱਕ ਸੱਚਾਈ ਇਹ ਹੈ ਕਿ ਨਿਆਂ ਦੇ ਹੱਕ ਵਿੱਚ ਉੱਠ ਰਹੀਆਂ ਅਵਾਜ਼ਾਂ ਕਿੰਨੀਆਂ ਦਮਦਾਰ ਹਨ, ਇਹੋ ਹੀ ਇਨਸਾਫ਼ ਦੀ ਗਰੰਟੀ ਹੋ ਸਕਦੀਆਂ ਹਨ।
-ਚੰਦ ਫਤਿਹਪੁਰੀ

762 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper