Latest News
ਨਿਤੀਸ਼ ਦੀ ਬੇੜੀ ਮੰਝਧਾਰ 'ਚ

Published on 08 Oct, 2020 11:04 AM.

ਭਾਜਪਾ ਦਾ ਇਹ ਪੁਰਾਣਾ ਇਤਿਹਾਸ ਰਿਹਾ ਹੈ ਕਿ ਉਹ ਜਿਸ ਵੀ ਪਾਰਟੀ ਨਾਲ ਗੱਠਜੋੜ ਕਰਦੀ ਹੈ, ਸਮਾਂ ਆਉਣ ਉਤੇ ਉਸ ਦੇ ਪੱਲੇ ਕੁਝ ਰਹਿਣ ਨਹੀਂ ਦਿੰਦੀ। ਜੰਮੂ-ਕਸ਼ਮੀਰ ਵਿੱਚ ਮਹਿਬੂਬਾ ਮੁਫ਼ਤੀ ਨਾਲ ਜੋ ਬੀਤੀ ਹੈ, ਉਹ ਸਭ ਦੇ ਸਾਹਮਣੇ ਹੈ। ਹੁਣ ਉਸ ਦੇ ਪੱਲੇ ਪੀ ਡੀ ਪੀ ਦਾ ਸਿਰਫ਼ ਫੱਟਾ ਹੀ ਬਚਿਆ ਹੈ, ਕਸ਼ਮੀਰੀਆਂ ਦੇ ਦਿਲਾਂ ਵਿੱਚ ਉਸ ਦੀ ਕੋਈ ਥਾਂ ਨਹੀਂ ਰਹੀ। ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਅਪਨਾ ਦਲ ਨਾਲ ਸਮਝੌਤਾ ਕੀਤਾ ਸੀ, ਇਸ ਵੇਲੇ ਇਹ ਪਾਰਟੀ ਦੋਫਾੜ ਹੋ ਚੁੱਕੀ ਹੈ ਤੇ ਪਾਰਟੀ ਆਗੂਆਂ ਮਾਂ ਤੇ ਧੀ ਦੀ ਪਾਟੋਧਾੜ ਨੇ ਪਾਰਟੀ ਪੱਲੇ ਕੱਖ ਰਹਿਣ ਨਹੀਂ ਦਿੱਤਾ। ਆਂਧਰਾ ਪ੍ਰਦੇਸ਼ ਵਿੱਚ ਚੰਦਰ ਬਾਬੂ ਨਾਇਡੂ ਨਾਲ ਸਮਝੌਤਾ ਕਰਕੇ ਚੋਣਾਂ ਲੜੀਆਂ, ਜਦੋਂ ਮਤਭੇਦ ਪੈਦਾ ਹੋਏ ਤਾਂ ਉਸ ਦੇ ਰਾਜ ਸਭਾ ਵਿੱਚ ਸਭ ਮੈਂਬਰਾਂ ਨੂੰ ਆਪਣੀ ਝੋਲੀ ਵਿੱਚ ਪਾ ਲਿਆ। ਪੰਜਾਬ ਵਿੱਚ ਅਕਾਲੀ ਦਲ (ਬਾਦਲ) ਭਾਜਪਾ ਦਾ ਸਭ ਤੋਂ ਪੁਰਾਣਾ ਸਹਿਯੋਗੀ ਰਿਹਾ ਹੈ। ਇਸ ਸਮੇਂ ਅਕਾਲੀ ਦਲ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਇੱਕ ਤੋਂ ਬਾਅਦ ਇੱਕ ਇਸ ਦੇ ਵੱਡੇ ਆਗੂ ਇਸ ਨੂੰ ਅਲਵਿਦਾ ਕਹਿ ਚੁੱਕੇ ਹਨ। ਸਿਆਸੀ ਟਿੱਪਣੀਕਾਰਾਂ ਦਾ ਤਰਕ ਹੈ ਕਿ ਇਸ ਖੇਡ ਪਿੱਛੇ ਵੀ ਭਾਜਪਾ ਦਾ ਹੱਥ ਹੈ ਤੇ ਸਮਾਂ ਆਉਣ ਉੱਤੇ ਇਹ ਆਗੂ ਭਾਜਪਾ ਦੇ ਪਿਛਲੱਗ ਬਣਨ ਲਈ ਤਿਆਰ ਬੈਠੇ ਹਨ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੇ ਸਮੇਂ ਸਿਰ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ, ਨਹੀਂ ਤਾਂ ਇਸ ਨੇ ਉਸ ਨੂੰ ਵੀ ਨਿਗਲ ਜਾਣਾ ਸੀ।
ਇਸ ਸਮੇਂ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਭਖ ਚੁੱਕਾ ਹੈ। ਰਾਜਦ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਕਾਂਗਰਸ ਤੇ ਖੱਬੇ-ਪੱਖੀ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਹੋ ਚੁੱਕੀ ਹੈ। ਮੁਕੇਸ਼ ਸਾਹਨੀ ਦੀ ਵੀ ਆਈ ਪੀ ਇਸ ਵਿੱਚੋਂ ਬਾਹਰ ਹੋ ਗਈ ਹੈ। ਕਿਹਾ ਜਾਂਦਾ ਕਿ ਉਸ ਦਾ ਭਾਜਪਾ ਦੇ ਚਾਣਕਿਆ ਨਾਲ ਪਹਿਲਾਂ ਹੀ ਸੌਦਾ ਹੋ ਚੁੱਕਿਆ ਸੀ, ਜਿਸ ਮੁਤਾਬਕ ਭਾਜਪਾ ਆਪਣੇ ਕੋਟੇ ਦੀਆਂ ਸੀਟਾਂ ਵਿੱਚੋਂ ਉਸ ਨੂੰ ਅਡਜਸਟ ਕਰੇਗੀ। ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂ) ਤੇ ਭਾਜਪਾ ਵਿੱਚ ਹੋਏ ਸਮਝੌਤੇ ਮੁਤਾਬਕ ਜੇ ਡੀ ਯੂ 122 ਤੇ ਭਾਜਪਾ 121 ਸੀਟਾਂ ਉੱਤੇ ਲੜੇਗੀ। ਜਨਤਾ ਦਲ (ਯੂ) ਆਪਣੀਆਂ ਸੀਟਾਂ ਵਿੱਚੋਂ 7 ਸੀਟਾਂ ਜੀਤਨ ਰਾਮ ਮਾਂਝੀ ਦੀ (ਪਾਰਟੀ 'ਹਮ') ਨੂੰ ਦੇਵੇਗਾ।
ਇਸ ਗੱਠਜੋੜ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਪੈਂਤੜਾ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਦਾ ਹੈ। ਉਹ ਭਾਜਪਾ ਦੇ ਉਮੀਦਵਾਰਾਂ ਦਾ ਸਮਰਥਨ ਕਰੇਗੀ, ਪਰ ਨਿਤੀਸ਼ ਕੁਮਾਰ ਦੇ ਦਲ ਵਾਲੀਆਂ ਸਭ ਸੀਟਾਂ ਉੱਤੇ ਉਮੀਦਵਾਰ ਖੜ੍ਹਾ ਕਰੇਗੀ। ਸਿਆਸੀ ਦਰਸ਼ਕਾਂ ਦਾ ਅੰਦਾਜ਼ਾ ਹੈ ਕਿ ਇਹ ਸਾਰਾ ਪੈਂਤੜਾ ਭਾਜਪਾ ਦੇ ਚਾਣਕਿਆ ਦੇ ਦਾਅਪੇਚਾਂ ਅਨੁਸਾਰ ਲਿਆ ਜਾ ਰਿਹਾ ਹੈ। ਅੰਦਰਲੀ ਖ਼ਬਰ ਹੈ ਕਿ ਚਾਣਕਿਆ ਨੇ ਇਸ ਵਾਰ ਨਿਤੀਸ਼ ਕੁਮਾਰ ਦਾ ਨਿਬੇੜਾ ਕਰਨ ਲਈ ਆਪਣੇ ਤਰਕਸ਼ ਵਿੱਚੋਂ ਸਭ ਤੀਰ ਚਲਾਉਣ ਦੀ ਠਾਣ ਲਈ ਹੈ। ਇਸ ਦੇ ਇਸ਼ਾਰੇ ਵੀ ਮਿਲਣੇ ਸ਼ੁਰੂ ਹੋ ਗਏ ਹਨ। ਭਾਜਪਾ ਦੇ ਚਾਰ ਕੱਦਾਵਾਰ ਨੇਤਾ, ਜਿਨ੍ਹਾਂ ਦੀਆਂ ਸੀਟਾਂ ਨਿਤੀਸ਼ ਦੇ ਹਿੱਸੇ ਆ ਗਈਆਂ ਹਨ, ਨੇ ਚਿਰਾਗ ਪਾਸਵਾਨ ਨਾਲ ਹੱਥ ਮਿਲਾ ਲਿਆ ਹੈ। ਇਹ ਉਹ ਆਗੂ ਹਨ, ਜਿਨ੍ਹਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਇਹ ਕਦਮ ਪਾਰਟੀ ਦੀ ਸਲਾਹ ਤੋਂ ਬਗੈਰ ਪੁੱਟਿਆ ਹੋਵੇਗਾ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਚਿਹਰਾ ਰਾਜੇਂਦਰ ਸਿੰਘ ਦਾ ਹੈ, ਜਿਹੜਾ ਬਿਹਾਰ ਭਾਜਪਾ ਦਾ ਮੀਤ ਪ੍ਰਧਾਨ ਹੈ 'ਚ ਤੇ ਜਿਹੜਾ ਪਿਛਲੀਆਂ ਚੋਣਾਂ ਸਮੇਂ ਭਾਜਪਾ ਦਾ ਮੁੱਖ ਮੰਤਰੀ ਪਦ ਦਾ ਉਮੀਦਵਾਰ ਸੀ। ਦੂਜਾ ਨਾਂਅ ਰਾਮੇਸ਼ਵਰ ਚੌਰਸੀਆ ਦਾ ਹੈ, ਜਿਹੜਾ ਭਾਜਪਾ ਦੀ ਕੇਂਦਰੀ ਕਾਰਜਕਾਰਨੀ ਦਾ ਮੈਂਬਰ ਹੈ ਤੇ ਨੋਖਾ ਵਿਧਾਨ ਸਭਾ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕਾ ਹੈ। ਤੀਜਾ ਵਿਅਕਤੀ ਜਵਾਹਰ ਪ੍ਰਸਾਦ ਹੈ, ਜੋ ਸਾਸਾਰਾਮ ਤੋਂ ਪੰਜ ਵਾਰ ਭਾਜਪਾ ਵਿਧਾਇਕ ਰਹਿ ਚੁੱਕਾ ਹੈ। ਅਗਲਾ ਨਾਂਅ ਭਾਜਪਾ ਦੀ ਸਾਬਕਾ ਮੀਤ ਪ੍ਰਧਾਨ ਊਸ਼ਾ ਵਿਦਿਆਰਥੀ ਦਾ ਹੈ, ਜੋ ਪਿਛਲੀ ਵਾਰ ਪਾਲੀਗੰਜ ਹਲਕੇ ਤੋਂ ਹਾਰ ਗਈ ਸੀ। ਇਹ ਸਾਰੇ ਆਪਣੀਆਂ ਪੁਰਾਣੀਆਂ ਸੀਟਾਂ ਤੋਂ ਲੋਕ ਜਨਸ਼ਕਤੀ ਦੀ ਟਿਕਟ ਉੱਤੇ ਲੜਨਗੇ, ਜੋ ਹੁਣ ਜਨਤਾ ਦਲ (ਯੂ) ਦੇ ਖਾਤੇ ਵਿੱਚ ਚਲੀਆਂ ਗਈਆਂ ਹਨ। ਆਉਂਦੇ ਦਿਨੀਂ ਕੁਝ ਹੋਰ ਭਾਜਪਾ ਆਗੂ ਵੀ ਚਿਰਾਗ ਪਾਸਵਾਨ ਨਾਲ ਹੱਥ ਮਿਲਾ ਸਕਦੇ ਹਨ। ਇਸ ਤਰ੍ਹਾਂ ਭਾਜਪਾ ਬਿਹਾਰ ਵਿੱਚ ਦੋ ਮੋਰਚਿਆਂ ਉੱਤੇ ਲੜ ਰਹੀ ਹੈ, ਇੱਕ ਆਪਣੀਆਂ ਸੀਟਾਂ ਤੇ ਦੂਜਾ ਲੋਕ ਜਨ ਸ਼ਕਤੀ ਦੀਆਂ ਸੀਟਾਂ ਉੱਤੇ ਆਪਣੇ ਬੰਦੇ ਖੜ੍ਹੇ ਕਰਕੇ। ਸਾਫ਼ ਹੈ ਕਿ ਭਾਜਪਾ ਦੇ ਵੋਟਰ ਜੇ ਡੀ ਯੂ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਥਾਂ ਲੋਕ ਜਨਸ਼ਕਤੀ ਦੀ ਟਿਕਟ ਉੱਤੇ ਲੜ ਰਹੇ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣਗੇ। ਅਸਲ ਵਿੱਚ ਭਾਜਪਾ ਦਾ ਪਹਿਲਾ ਨਿਸ਼ਾਨਾ ਹੈ ਆਪਣੀਆਂ ਸੀਟਾਂ ਨਿਤੀਸ਼ ਦੀਆਂ ਸੀਟਾਂ ਤੋਂ ਵਧਾਉਣਾ, ਤਾਂ ਕਿ ਮੁੱਖ ਮੰਤਰੀ ਦੇ ਅਹੁਦੇ ਉੱਤੇ ਹੱਕ ਜਤਾਇਆ ਜਾ ਸਕੇ। ਦੂਜਾ ਇਹ ਹੈ ਕਿ ਚਿਰਾਗ ਪਾਸਵਾਨ ਨੂੰ ਏਨੀਆਂ ਕੁ ਸੀਟਾਂ ਜਿਤਾ ਦਿੱਤੀਆਂ ਜਾਣ, ਜਿਸ ਨਾਲ ਗੱਠਜੋੜ ਬਣਾ ਕੇ ਨਿਤੀਸ਼ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਜਾਵੇ। ਭਾਜਪਾ ਦੇ ਨੀਤੀਵਾਨ ਜਾਣਦੇ ਹਨ ਕਿ ਇਸ ਸਮੇਂ ਨਿਤੀਸ਼ ਕੁਮਾਰ ਕੋਲ ਬਦਲਵਾਂ ਰਾਹ ਕੋਈ ਨਹੀਂ ਹੈ, ਮਹਾਂ-ਗਠਬੰਧਨ ਉਸ ਨੂੰ ਮੂੰਹ ਨਹੀਂ ਲਾਵੇਗਾ ਤੇ ਬਾਕੀ ਨਿੱਕੇ-ਮੋਟੇ ਦਲਾਂ ਦੇ ਪੱਲੇ ਏਨਾ ਕੁਝ ਨਹੀਂ, ਜੋ ਉਸ ਨੂੰ ਸਹਾਰਾ ਦੇ ਸਕਣ। ਬਾਕੀ ਹਾਲੇ ਚੋਣ ਘੋਲ ਦੇ ਮੁਢਲੇ ਦਿਨ ਹਨ, ਆਉਂਦੇ ਦਿਨਾਂ 'ਚ ਤਸਵੀਰ ਹੋਰ ਸਾਫ਼ ਹੁੰਦੀ ਜਾਵੇਗੀ।
-ਚੰਦ ਫਤਿਹਪੁਰੀ

622 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper