Latest News
ਹਿਟਲਰ ਦੇ ਪੈਰ-ਚਿੰਨ੍ਹਾਂ 'ਤੇ

Published on 11 Oct, 2020 10:42 AM.


ਹਿਟਲਰ ਦੇ ਪੈਰ-ਚਿੰਨ੍ਹਾਂ ਉਤੇ ਚਲਦਿਆਂ ਸਾਡੇ ਮੌਜੂਦਾ ਹਾਕਮ ਇਤਿਹਾਸ ਦੇ ਫਾਸ਼ੀ ਦੌਰ ਨੂੰ ਦੁਹਰਾਉਣ ਲਈ ਯਤਨਸ਼ੀਲ ਹਨ। ਸੰਸਦ ਭਵਨ ਅਗਨੀ ਕਾਂਡ ਜਰਮਨੀ ਦੇ ਇਤਿਹਾਸ ਦੀ ਉਹ ਮਨਹੂਸ ਘਟਨਾ ਸੀ, ਜਿਸ ਨੇ ਦੁਨੀਆ ਨੂੰ ਦੂਜੀ ਵਿਸ਼ਵ ਜੰਗ ਦੀ ਅੱਗ ਵਿੱਚ ਝੋਂਕ ਦਿੱਤਾ ਸੀ। 27 ਫ਼ਰਵਰੀ 1933 ਨੂੰ ਅਚਾਨਕ ਸੰਸਦ ਭਵਨ ਨੂੰ ਅੱਗ ਲੱਗ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਹ ਅੱਗ ਹਾਕਮ ਪਾਰਟੀ ਵੱਲੋਂ ਲਾਈ ਗਈ ਸੀ। ਇਸ ਦਾ ਦੋਸ਼ ਕਮਿਊਨਿਸਟਾਂ ਸਿਰ ਮੜ੍ਹ ਦਿੱਤਾ ਜਾਂਦਾ ਹੈ। ਸਿੱਟੇ ਵਜੋਂ ਮੁਕੱਦਮਾ ਚਲਦਾ ਹੈ ਤਾਂ ਅਣਗਿਣਤ ਕਮਿਊਨਿਸਟ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਅਗਨੀ ਕਾਂਡ ਦੇ ਬਹਾਨੇ ਹਿਟਲਰ ਸੰਵਿਧਾਨ ਵਿੱਚ ਤਬਦੀਲੀਆਂ ਰਾਹੀਂ ਡਿਕਟੇਟਰ ਬਣ ਬੈਠਦਾ ਹੈ। ਉਸ ਉਪਰੰਤ ਕਤਲੇਆਮ ਦਾ ਦੌਰ ਚਲਦਾ ਹੈ। ਹਿਟਲਰ ਦਾ ਵਿਰੋਧ ਕਰਨ ਵਾਲੇ ਹਰ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਯਹੂਦੀਆਂ ਤੋਂ ਬਿਨਾਂ ਵੀ ਜਰਮਨ ਨਸਲ ਦੇ 77 ਹਜ਼ਾਰ ਵਿਅਕਤੀ ਕਤਲ ਕਰ ਦਿੱਤੇ ਗਏ ਸਨ।
ਜਰਮਨ ਦੇ ਸੰਸਦ ਭਵਨ ਅਗਨੀ ਕਾਂਡ ਦੀ ਤਰਜ਼ ਉੱਤੇ ਇਸ ਸਮੇਂ ਸਾਡੇ ਦੇਸ਼ ਵਿੱਚ ਵੀ ਝੂਠੇ ਮੁਕੱਦਮਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇੱਕ ਜਨਵਰੀ 2018 ਨੂੰ ਪੁਣੇ ਦੇ ਨੇੜੇ ਭੀਮਾ ਕੋਰੇਗਾਂਵ ਜੰਗ ਦੀ 200ਵੀਂ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਹਿੰਦੂਤਵੀਆਂ ਦੇ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਕੋਈ ਏਡੀ ਵੱਡੀ ਘਟਨਾ ਨਹੀਂ ਸੀ, ਜਿਹੜੀ ਮੁੱਦਾ ਬਣ ਸਕਦੀ। ਇਸ ਤੋਂ ਇੱਕ ਦਿਨ ਪਹਿਲਾਂ 31 ਦਸੰਬਰ 2017 ਨੂੰ ਪੂਣੇ ਵਿੱਚ ਐਲਗਾਰ ਪ੍ਰੀਸ਼ਦ ਦਾ ਇੱਕ ਸੰਮੇਲਨ ਹੋਇਆ ਸੀ, ਬਸ ਇਸੇ ਨੂੰ ਜਰਮਨੀ ਵਾਲੇ ਅਗਨੀ ਕਾਂਡ ਵਾਂਗ ਇੱਕ ਸਾਜ਼ਿਸ਼ ਦਾ ਰੂਪ ਦੇ ਦਿੱਤਾ ਗਿਆ। ਇਹ ਦੋਸ਼ ਲਾ ਦਿੱਤਾ ਗਿਆ ਕਿ ਭੀਮਾ ਕੋਰੇਗਾਂਵ ਝਗੜੇ ਦੀ ਸਾਰੀ ਯੋਜਨਾ ਐਲਗਾਰ ਪ੍ਰੀਸ਼ਦ ਦੇ ਸੰਮੇਲਨ ਵਿੱਚ ਬਣਾਈ ਗਈ ਸੀ ਤੇ ਇਸ ਪਿੱਛੇ ਮਾਓਵਾਦੀਆਂ ਦਾ ਹੱਥ ਸੀ। ਸਭ ਤੋਂ ਪਹਿਲਾਂ ਜੂਨ 2018 ਵਿੱਚ ਮਹਾਰਾਸ਼ਟਰ ਪੁਲਸ ਵੱਲੋਂ ਸਮਾਜਿਕ ਕਾਰਕੁਨਾਂ ਸੁਧੀਰ ਧਾਵਲੇ, ਰੋਨਾ ਵਿਲਸਨ, ਸੁਰਿੰਦਰ ਗਾਡਲਿੰਗ, ਸੋਮਾ ਸੇਨ ਤੇ ਮਹੇਸ਼ ਰਾਊਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਗਸਤ 2018 ਵਿੱਚ ਕਵੀ ਵਰਵਰਾ ਰਾਓ, ਵਕੀਲ ਸੁਧਾ ਭਾਰਦਵਾਜ, ਸਮਾਜਿਕ ਕਾਰਜਕਰਤਾ ਅਰੁਣ ਫਰੇਰਾ, ਗੌਤਮ ਨਵਲੱਖਾ ਤੇ ਵਰਣਨ ਗੋਂਜਾਵਿਲਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ 83 ਸਾਲਾ ਫਾਦਰ ਸਟੈਨ ਸਵਾਮੀ ਦੀ ਗ੍ਰਿਫ਼ਤਾਰੀ ਨਾਲ ਇਸ ਕੇਸ ਵਿੱਚ ਗ੍ਰਿਫ਼ਤਾਰ ਹੋਣ ਵਾਲਿਆਂ ਦੀ ਗਿਣਤੀ 16 ਹੋ ਚੁੱਕੀ ਹੈ। ਇਹ ਸਾਰੇ ਲੋਕ ਆਪਣੇ-ਆਪਣੇ ਖੇਤਰ ਦੇ ਮਾਹਰ ਵਿਅਕਤੀ ਹਨ। ਇਸ ਕੇਸ ਵਿੱਚ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਉਹ ਹਿੰਸਾ ਵਾਲੇ ਦਿਨ ਭੀਮਾ ਕੋਰੇਗਾਂਵ ਗਿਆ ਸੀ ਜਾਂ ਨਹੀਂ। ਇਸ ਦਾ ਵੀ ਕੋਈ ਮਤਲਬ ਨਹੀਂ ਕਿ ਹਿੰਸਾ ਕਿਸ ਨੇ ਸ਼ੁਰੂ ਕੀਤੀ ਤੇ ਨੁਕਸਾਨ ਕਿਸ ਦਾ ਹੋਇਆ। ਇਸ ਕੇਸ ਵਿੱਚ ਆਨੰਦ ਤੇਲਤੁੰਬੜੇ ਉਹ ਵਿਅਕਤੀ ਹੈ, ਜਿਹੜਾ ਭੀਮਾ ਕੋਰੇਗਾਂਵ ਦੀ ਜੰਗ ਨੂੰ ਦਲਿਤ ਬਹਾਦਰੀ ਕਹਿਣ ਦਾ ਵੀ ਵਿਰੋਧੀ ਹੈ। ਸਟੈਨ ਸਵਾਮੀ ਦੀ ਗ੍ਰਿਫ਼ਤਾਰ ਦੇ ਨਾਲ ਹੀ ਉਸ ਸਮੇਤ 8 ਵਿਅਕਤੀਆਂ ਵਿਰੁੱਧ ਪੁਲਸ ਵੱਲੋਂ 10 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ। ਹਾਲੇ 8 ਹੋਰ ਰਹਿੰਦੇ ਹਨ, ਜਿਨ੍ਹਾਂ ਦੀ ਚਾਰਜਸ਼ੀਟ ਤਿਆਰ ਹੋ ਰਹੀ ਹੋਵੇਗੀ। ਹਜ਼ਾਰਾਂ ਸਫ਼ਿਆਂ ਦੀ ਉਸ ਚਾਰਜਸ਼ੀਟ ਵਿੱਚ ਕਿੰਨੇ ਹੋਰਨਾਂ ਦੇ ਨਾਂਅ ਦੱਬੇ ਪਏ ਹੋਣਗੇ ਤੇ ਕਿੰਨੇ ਹੋਰ ਜੁੜਦੇ ਜਾਣਗੇ, ਇਹ ਕਿਸੇ ਨੂੰ ਪਤਾ ਨਹੀਂ ਹੈ। ਇਹ ਵੀ ਜ਼ਰੂਰੀ ਨਹੀਂ ਕਿ ਮਹਾਰਾਸ਼ਟਰ ਦੇ ਇਸ ਕੇਸ ਵਿੱਚ ਮਹਾਰਾਸ਼ਟਰ ਦੇ ਵਿਅਕਤੀਆਂ ਦੇ ਨਾਂਅ ਹੀ ਹੋਣ, ਉਹ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਹੋ ਸਕਦਾ ਹੈ। ਹੁਣ ਤੱਕ ਗ੍ਰਿਫ਼ਤਾਰ 16 ਵਿਅਕਤੀ ਦੇਸ਼ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਤ ਹਨ।
ਇਹ ਇੱਕ ਕੇਸ ਹੀ ਨਹੀਂ, ਇੱਕ ਹੋਰ ਕੇਸ ਦਿੱਲੀ ਵਿੱਚ ਵੀ ਦਰਜ ਕੀਤਾ ਗਿਆ ਹੈ, ਦਿੱਲੀ ਦੰਗਿਆਂ ਦਾ ਕੇਸ। ਭੀਮਾ ਕੋਰੇਗਾਂਵ ਵਾਂਗ ਇੱਥੇ ਵੀ ਇਹੋ ਮੰਨਿਆ ਗਿਆ ਕਿ ਇਹ ਦੰਗੇ ਵੀ ਇੱਕ ਸਾਜ਼ਿਸ਼ ਅਧੀਨ ਕਰਾਏ ਗਏ ਸਨ। ਗ੍ਰਿਫ਼ਤਾਰੀਆਂ ਤੇ ਨਾਂਅ ਜੁੜਨ ਦਾ ਤਰੀਕਾ ਵੀ ਭੀਮਾ ਕੋਰੇਗਾਂਵ ਵਾਲਾ ਹੀ ਹੈ। ਭੀਮਾ ਕੋਰੇਗਾਂਵ ਕੇਸ ਵਿੱਚ ਵਕੀਲ, ਪ੍ਰੋਫ਼ੈਸਰ, ਪੱਤਰਕਾਰ ਤੇ ਸਮਾਜਿਕ ਕਾਰਕੁਨਾਂ ਨੂੰ ਫਸਾਇਆ ਗਿਆ ਹੈ ਤੇ ਦਿੱਲੀ ਦੰਗਿਆਂ ਦੇ ਕੇਸ ਵਿੱਚ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲਪੇਟਿਆ ਗਿਆ ਹੈ। ਜੇਕਰ ਦੋਹਾਂ ਕੇਸਾਂ ਵਿੱਚ ਦੇਖਿਆ ਜਾਵੇ ਤਾਂ ਗ੍ਰਿਫ਼ਤਾਰ ਤੇ ਨਾਮਜ਼ਦ ਵਿਅਕਤੀਆਂ ਵਿੱਚ ਪ੍ਰੋਫ਼ੈਸਰ, ਵਕੀਲ, ਵਿਦਿਆਰਥੀ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਉਹ ਲੋਕ ਹਨ, ਜਿਹੜੇ ਫਾਸ਼ੀਵਾਦੀ ਵਿਚਾਰਧਾਰਾ ਦੇ ਵਿਰੋਧੀ ਮੋਰਚੇ ਉਤੇ ਲੜ ਰਹੇ ਹਨ।
ਹਾਥਰਸ ਵਿੱਚ ਦਲਿਤ ਲੜਕੀ ਦੇ ਗੈਂਗਰੇਪ ਤੇ ਹੱਤਿਆ ਦੀ ਘਟਨਾ ਤੋਂ ਬਾਅਦ ਯੂ ਪੀ ਦੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਵਿੱਚ ਇਸ ਕੇਸ ਨੂੰ ਵੀ ਭੀਮਾ ਕੋਰੇਗਾਂਵ ਦੇ ਕੇਸ ਵਾਂਗ ਹੀ ਸਰਕਾਰ ਵਿਰੁੱਧ ਸਾਜ਼ਿਸ਼ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਲੋਕ ਉਭਾਰ ਕਾਰਨ ਸਫ਼ਲ ਨਹੀਂ ਹੋ ਸਕੀ।
ਉਕਤ ਦੋਹਾਂ ਕੇਸਾਂ ਵਿੱਚ ਗ੍ਰਿਫ਼ਤਾਰ ਹੋਣ ਵਾਲੇ ਲੋਕ ਦਲਿਤ, ਆਦਿਵਾਸੀ, ਮੁਸਲਿਮ, ਕਿਸਾਨ, ਵਿਦਿਆਰਥੀ ਤੇ ਔਰਤਾਂ ਦੇ ਹੱਕਾਂ ਲਈ ਲੜਨ ਵਾਲੇ ਲੋਕ ਹਨ। ਇਨ੍ਹਾਂ ਵਰਗਾਂ ਦੇ ਪੱਖ ਵਿੱਚ ਲਿਖਣ, ਬੋਲਣ ਤੇ ਉਨ੍ਹਾਂ ਦੇ ਕੇਸ ਲੜਨ ਵਾਲੇ ਲੋਕ ਹਨ। ਇਹ ਲੋਕ ਅਦਾਲਤ ਤੋਂ ਲੈ ਕੇ ਧਰਨਿਆਂ, ਮੁਜ਼ਾਹਰਿਆਂ ਤੇ ਮੈਮੋਰੰਡਮਾਂ ਰਾਹੀਂ ਇਨ੍ਹਾਂ ਦੀ ਲੜਾਈ ਲੜਦੇ ਰਹੇ ਹਨ। ਇਨ੍ਹਾਂ ਲੋਕਾਂ, ਜਿਨ੍ਹਾਂ ਨੂੰ ਸਿਵਲ ਸੁਸਾਇਟੀ ਕਿਹਾ ਜਾਂਦਾ ਹੈ, ਨੂੰ ਖ਼ਤਮ ਕਰਨ ਲਈ ਹੀ ਅਜਿਹੇ ਮੁਕੱਦਮੇ ਘੜੇ ਜਾ ਰਹੇ ਹਨ, ਪਰ ਇਹ ਅਸੰਭਵ ਹੈ, ਲੋਕ ਜਾਗ ਰਹੇ ਹਨ ਤੇ ਜਿੱਤ ਅੰਤ ਨੂੰ ਲੋਕਾਂ ਦੀ ਹੋਣੀ ਹੈ। ਜਰਮਨ ਦੇ ਲੋਕਾਂ ਨੇ ਇਸ ਨੂੰ ਸੱਚ ਕਰਕੇ ਵਿਖਾ ਦਿੱਤਾ ਸੀ।
-ਚੰਦ ਫਤਿਹਪੁਰੀ

763 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper