Latest News
ਬਾਲੀਵੁੱਡ ਦਾ ਹੱਲਾ ਬੋਲ

Published on 13 Oct, 2020 11:08 AM.


ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਦੇ ਬਾਵਜੂਦ ਪੰਜਾਬ ਦੇ ਹਰ ਵਰਗ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਜਿਸ ਤਰ੍ਹਾਂ ਏਕਤਾਬੱਧ ਲੜਾਈ ਵਿੱਢੀ ਹੋਈ ਹੈ, ਉਸ ਨੇ ਦੇਸ਼ ਭਰ ਦੇ ਸੰਘਰਸ਼ਸ਼ੀਲ ਲੋਕਾਂ ਵਿੱਚ ਨਵੇਂ ਉਤਸ਼ਾਹ ਦਾ ਸੰਚਾਰ ਕੀਤਾ ਹੈ। ਹਾਥਰਸ ਦੀ ਦਲਿਤ ਲੜਕੀ ਦੇ ਸਮੂਹਿਕ ਬਲਾਤਕਾਰ ਵਿਰੁੱਧ ਉਠਿਆ ਉਭਾਰ ਇਸੇ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਹਾਕਮਾਂ ਵੱਲੋਂ ਪੈਦਾ ਕੀਤੇ ਭੈਅ ਦੇ ਮਹੌਲ ਵਿੱਚੋਂ ਬਾਹਰ ਨਿਕਲ ਰਹੇ ਹਨ।
ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਮੱਧ ਵਰਗ ਹਾਕਮਾਂ ਤੇ ਉਨ੍ਹਾਂ ਦੇ ਚਹੇਤੇ ਕਾਰਪੋਰੇਟਾਂ ਵਿਰੁੱਧ ਲਾਮਬੰਦ ਹੋ ਚੁੱਕੇ ਹਨ। ਇਸੇ ਦੌਰਾਨ ਫਿਲਮ ਨਗਰੀ ਤੋਂ ਆਈ ਤਾਜ਼ਾ ਖਬਰ ਹੌਸਲਾ ਵਧਾਉਣ ਵਾਲੀ ਹੈ। ਬਾਲੀਵੁੱਡ ਦੀਆਂ ਚਾਰ ਐਸੋਸੀਏਸ਼ਨਾਂ; ਦੀ ਪ੍ਰੋਡਿਊਸਰ ਗਿਲਡ ਆਫ਼ ਇੰਡੀਆ, ਦੀ ਸਿਨੇ ਐਂਡ ਟੀ ਵੀ ਆਰਟਿਸਟਸ ਐਸੋਸੀਏਸ਼ਨ, ਦੀ ਫ਼ਿਲਮ ਐਂਡ ਟੀ ਵੀ ਪ੍ਰੋਡਿਊਸਰਜ਼ ਕੌਂਸਲ ਅਤੇ ਸਕਰੀਨ ਰਾਇਟਰਜ਼ ਐਸੋਸੀਏਸ਼ਨ ਨੇ ਗੋਦੀ ਮੀਡੀਆ ਦੇ ਝੂਠੇ ਪ੍ਰਾਪੇਗੰਡੇ ਵਿਰੁੱਧ ਝੰਡਾ ਚੁੱਕ ਲਿਆ ਹੈ। ਇਨ੍ਹਾਂ ਐਸੋਸੀਏਸ਼ਨਾਂ ਤੇ 34 ਨਿਰਮਾਤਾ ਕੰਪਨੀਆਂ ਵੱਲੋਂ ਅਰਨਬ ਗੋਸਵਾਮੀ ਦੇ 'ਰਿਪਬਲਿਕ ਟੀ ਵੀ 'ਤੇ 'ਟਾਈਮਜ਼ ਨਾਓ' ਵੱਲੋਂ 'ਬਾਲੀਵੁੱਡ ਡਰੱਗਜ਼ ਮਾਫੀਆ' ਦੇ ਨਾਂਅ ਹੇਠ ਚਲਾਈਆਂ ਜਾ ਰਹੀਆਂ ਖ਼ਬਰਾਂ ਵਿਰੁੱਧ ਦਿੱਲੀ ਹਾਈਕੋਰਟ ਵਿੱਚ ਰਿੱਟ ਦਾਖ਼ਲ ਕੀਤੀ ਹੈ। ਇਨ੍ਹਾਂ ਫਿਲਮੀ ਜਥੇਬੰਦੀਆਂ ਵੱਲੋਂ ਦਾਇਰ ਰਿੱਟ ਵਿੱਚ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਚੈਨਲਾਂ ਵੱਲੋਂ ਫ਼ਿਲਮੀ ਹਸਤੀਆਂ ਵਿਰੁੱਧ ਵਰਤੀਆਂ ਜਾ ਰਹੀਆਂ ਗੈਰ-ਜ਼ਿੰਮੇਵਾਰਾਨਾ, ਅਪਮਾਨਜਨਕ ਤੇ ਮਾਣਹਾਨੀ ਕਰਨ ਵਾਲੀਆਂ ਟਿੱਪਣੀਆਂ ਉਤੇ ਰੋਕ ਲਾਈ ਜਾਵੇ। ਇਸ ਕੇਸ ਵਿੱਚ ਰਿਪਬਲਿਕ ਟੀ ਵੀ ਦੇ ਅਰਨਬ ਗੋਸਵਾਮੀ ਤੇ ਪ੍ਰਦੀਪ ਭੰਡਾਰੀ, ਟਾਈਮਜ਼ ਨਾਓ ਦੇ ਰਾਹੁਲ ਸ਼ਿਵ ਸ਼ੰਕਰ ਤੇ ਨਵਿਕਾ ਕੁਮਾਰ ਨੂੰ ਪਾਰਟੀ ਬਣਾਇਆ ਗਿਆ ਹੈ।
ਦਾਇਰ ਕੇਸ ਵਿੱਚ ਕਿਹਾ ਗਿਆ ਹੈ ਕਿ ਚੈਨਲਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਵੱਲੋਂ ਵੀ ਬਾਲੀਵੁੱਡ ਅਤੇ ਇਸ ਦੇ ਮੈਂਬਰਾਂ ਵਿਰੁੱਧ ਗੈਰ-ਜ਼ਿੰਮੇਵਾਰਾਨਾ ਤੇ ਅਪਮਾਨਜਨਕ ਟਿੱਪਣੀਆਂ ਕਰਨ ਉੱਤੇ ਰੋਕ ਲਗਾਈ ਜਾਵੇ। ਇਸ ਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਲੋਕਾਂ ਨੂੰ ਫਿਲਮੀ ਹਸਤੀਆਂ ਦਾ ਮੀਡੀਆ ਟਰਾਇਲ ਚਲਾਉਣ ਤੇ ਇੰਡਸਟਰੀ ਦੇ ਲੋਕਾਂ ਦੇ ਨਿੱਜਤਾ ਦੇ ਅਧਿਕਾਰ ਵਿੱਚ ਦਖਲ ਦੇਣ ਤੋਂ ਰੋਕਿਆ ਜਾਵੇ। ਰਿੱਟ ਦਾਖਲ ਕਰਨ ਵਾਲੀਆਂ ਪ੍ਰੋਡਕਸ਼ਨ ਕੰਪਨੀਆਂ ਵਿੱਚ ਨਾਮਵਰ ਫ਼ਿਲਮੀ ਹਸਤੀਆਂ ਆਮਿਰ ਖਾਨ, ਸਲਮਾਨ ਖਾਨ, ਅਜੈ ਦੇਵਗਨ, ਅਨਿਲ ਕਪੂਰ, ਯਸ਼ਰਾਜ ਚੋਪੜਾ ਤੇ ਰੋਹਿਤ ਸ਼ੈਟੀ ਆਦਿ ਦੀਆਂ ਕੰਪਨੀਆਂ ਸ਼ਾਮਲ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ ਤੋਂ ਹੀ ਕੁਝ ਚੈਨਲਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਉਤੇ ਲਗਾਤਾਰ ਹਮਲੇ ਹੋ ਰਹੇ ਹਨ। ਬਾਲੀਵੁੱਡ ਲਈ ਗੰਧ, ਚਰਸੀਆਂ ਦਾ ਗੜ੍ਹ, ਸਮਾਜ ਦੀ ਮੈਲ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹੋ ਨਹੀਂ, ''ਇਹ ਬਾਲੀਵੁੱਡ ਹੈ, ਇਥੋਂ ਗੰਦਗੀ ਸਾਫ਼ ਕਰਨ ਦੀ ਜ਼ਰੂਰਤ ਹੈ'' ਜਾਂ ''ਬਾਲੀਵੁੱਡ ਦੇ ਕੇਂਦਰ ਵਿੱਚ ਏਨੀ ਬਦਬੂ ਹੈ, ਜਿਸ ਨੂੰ ਦੂਰ ਕਰਨ ਲਈ ਅਰਬ ਦੀ ਸਾਰੀ ਪਰਫਿਊਮ ਵੀ ਵਰਤੀ ਜਾਵੇ ਤਾਂ ਕੁਝ ਨਹੀਂ ਹੋਵੇਗਾ'', ਵਰਗੀਆਂ ਟਿੱਪਣੀਆਂ ਟੀ ਵੀ ਚੈਨਲਾਂ ਵੱਲੋਂ ਕੀਤੀਆਂ ਗਈਆਂ ਸਨ।
ਇਸੇ ਦੌਰਾਨ ਇੱਕ ਹੋਰ ਜਨਹਿੱਤ ਪਟੀਸ਼ਨ ਵਿੱਚ ਦਿੱਲੀ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਅਰਨਬ ਗੋਸਵਾਮੀ ਤੇ ਰਿਪਬਲਿਕ ਟੀ ਵੀ ਉੱਤੇ ਖੋਜੀ ਪੱਤਰਕਾਰੀ ਦੇ ਨਾਂਅ ਉੱਤੇ ਕਿਸੇ ਵੀ ਅਪਰਾਧ ਦੀ ਜਾਂਚ ਨਾਲ ਸੰਬੰਧਤ ਖ਼ਬਰ ਪ੍ਰਸਾਰਤ ਕਰਨ ਉੱਤੇ ਰੋਕ ਲਾਈ ਜਾਵੇ। ਰਿੱਟ ਵਿੱਚ ਕਿਹਾ ਗਿਆ ਹੈ ਕਿ ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਸੰਬੰਧਤ ਤੱਥਾਂ ਨੂੰ ਅਰਨਬ ਗੋਸਵਾਮੀ ਤੇ ਉਸ ਦੀ ਕੰਪਨੀ ਵੱਲੋਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਇਸ ਕੰਪਨੀ ਦੀ ਰਿਪੋਰਟਿੰਗ ਕਾਰਨ ਰਿਆ ਚੱਕਰਵਰਤੀ ਦੇ ਨਿਰਪੱਖ ਸੁਣਵਾਈ ਦੇ ਅਧਿਕਾਰ ਉੱਤੇ ਹਮਲਾ ਹੋਇਆ ਹੈ। ਰਿੱਟ ਕਰਤਾ ਮੁਹੰਮਦ ਖਲੀਲ ਨੇ ਕਿਹਾ ਹੈ ਕਿ ਇਹ ਪੂਰਾ ਤਮਾਸ਼ਾ ਟੀ ਆਰ ਪੀ ਤੇ ਦਰਸ਼ਕ ਵਧਾਉਣ ਲਈ ਕੀਤਾ ਗਿਆ। ਰਿੱਟ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦਾ ਪ੍ਰਸਾਰਨ ਕਾਨੂੰਨ ਦੇ ਰਾਜ ਵਿੱਚ ਦਖ਼ਲ-ਅੰਦਾਜ਼ੀ ਕਰਨ ਦੇ ਸਮਰੱਥ ਹੈ, ਇਸ ਲਈ ਅਰਨਬ ਗੋਸਵਾਮੀ ਤੇ ਉਸ ਦੀ ਕੰਪਨੀ ਵਿਰੁੱਧ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਅਦਾਲਤ ਨੇ ਇਸ ਕੇਸ ਵਿੱਚ ਸੁਣਵਾਈ ਲਈ 27 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਲੰਮੀ ਚੁੱਪ ਤੋਂ ਬਾਅਦ ਬਾਲੀਵੁੱਡ ਵੱਲੋਂ ਬੋਲਿਆ ਗਿਆ ਇਹ ਹੱਲਾ ਗੋਦੀ ਮੀਡੀਆ ਦੇ ਪੈਰ ਹਿਲਾ ਦੇਣ ਦੀ ਸਮਰੱਥਾ ਰੱਖਦਾ ਹੈ।

612 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper