Latest News
ਸੋਸ਼ਲ ਮੀਡੀਆ ਨੇ ਫੌਜ ਵੀ ਨਹੀਂ ਬਖਸ਼ੀ

Published on 15 Oct, 2020 11:23 AM.


120 ਸਾਬਕਾ ਮਿਲਟਰੀ ਅਫਸਰਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਇਹ ਝੂਠਾ ਪ੍ਰਾਪੇਗੰਡਾ ਕਰਨ ਵਾਲਿਆਂ ਖਿਲਾਫ ਸਖਤ ਤੇ ਫੌਰੀ ਕਾਰਵਾਈ ਕਰਨ ਕਿ ਭਾਰਤੀ ਫੌਜ ਵਿਚ ਇਕ 'ਮੁਸਲਮ ਰਜਮੈਂਟ' ਹੁੰਦੀ ਸੀ, ਜਿਸ ਨੇ 1965 ਦੀ ਜੰਗ ਵਿਚ ਪਾਕਿਸਤਾਨ ਖਿਲਾਫ ਲੜਨ ਤੋਂ ਨਾਂਹ ਕਰ ਦਿੱਤੀ ਸੀ। ਰਾਸ਼ਟਰਪਤੀ, ਜਿਹੜੇ ਭਾਰਤੀ ਫੌਜਾਂ ਦੇ ਸੁਪਰੀਮ ਕਮਾਂਡਰ ਵੀ ਹਨ, ਨੂੰ ਇਨ੍ਹਾਂ ਅਫਸਰਾਂ ਨੇ ਫੌਜ ਦੇ ਸੈਕੂਲਰ ਤੇ ਗੈਰ-ਸਿਆਸੀ ਕਿਰਦਾਰ ਦੀ ਰਾਖੀ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਇਹ ਪੱਤਰ ਨੇਵੀ ਦੇ ਸਾਬਕਾ ਮੁਖੀ ਐਡਮਿਰਲ ਐਲ ਰਾਮਦਾਸ ਨੇ ਲਿਖਿਆ ਹੈ ਤੇ 119 ਸਾਬਕਾ ਅਫਸਰਾਂ ਨੇ ਇਸ ਦੀ ਤਾਈਦ ਕੀਤੀ ਹੈ। ਰਾਸ਼ਟਰਪਤੀ ਦੇ ਨਾਲ-ਨਾਲ ਭਾਰਤ ਦੇ ਚੀਫ ਜਸਟਿਸ ਐੱਸ ਏ ਬੋਬੜੇ, ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੂੰ ਸੰਬੋਧਤ ਪੱਤਰ ਵਿਚ ਉਨ੍ਹਾਂ ਧਿਆਨ ਦਿਵਾਇਆ ਹੈ ਕਿ ਇਸ ਝੂਠ ਦੀ ਮੁਹਿੰਮ ਦੀ ਜੜ੍ਹ 'ਐਟ ਦੀ ਰੇਟ ਆਫ 120 ਕਰੋੜ ਹਿੰਦੂਸ-ਵਰਲਡ ਹਿੰਦੂਸ ਯੂਨਾਈਟਿਡ' ਨਾਂਅ ਦਾ ਅਕਾਊਂਟ ਹੋਲਡਰ ਹੈ, ਜਿਸ ਨੇ ਮਈ 2013 ਵਿਚ ਟਵੀਟ ਕਰਕੇ ਇਹ ਦਾਅਵਾ ਕੀਤਾ ਸੀ ਕਿ 1965 ਵਿਚ ਭਾਰਤੀ ਫੌਜ 'ਚ ਮੁਸਲਮ ਰਜਮੈਂਟ ਹੁੰਦੀ ਸੀ, ਜਿਸ ਨੇ ਪਾਕਿਸਤਾਨ ਵਿਰੁੱਧ ਲੜਨ ਤੋਂ ਨਾਂਹ ਕਰ ਦਿੱਤੀ ਸੀ ਤੇ ਫਿਰ ਇਸ ਰਜਮੈਂਟ ਨੂੰ ਭੰਗ ਕਰ ਦਿੱਤਾ ਗਿਆ ਸੀ। ਸਾਬਕਾ ਅਫਸਰਾਂ ਮੁਤਾਬਕ ਮੁਸਲਮ ਰਜਮੈਂਟ ਭਾਰਤੀ ਫੌਜ ਵਿਚ ਕਦੇ ਰਹੀ ਹੀ ਨਹੀਂ। ਮੁਸਲਮ ਫੌਜੀ ਹਮੇਸ਼ਾ ਬਹੁ-ਜਮਾਤੀ ਰਜਮੈਂਟਾਂ ਵਿਚ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ। ਪੱਤਰ ਵਿਚ ਕੁਆਰਟਰ ਮਾਸਟਰ ਹੌਲਦਾਰ ਅਬਦੁੱਲ ਹਮੀਦ ਦੀ ਮਿਸਾਲ ਦਿੱਤੀ ਗਈ ਹੈ, ਜਿਸ ਨੂੰ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਆਸਲ ਉਤਾੜ ਵਿਚ ਦਿਖਾਏ ਗਏ ਬੇਮਿਸਾਲ ਹੌਸਲੇ ਲਈ ਮਰਨ ਉਪਰੰਤ ਦੇਸ਼ ਦੇ ਸਭ ਤੋਂ ਵੱਡੇ ਫੌਜੀ ਸਨਮਾਨ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ ਸੀ। ਪੱਤਰ ਵਿਚ 1965 ਦੀ ਜੰਗ ਲੜਨ ਵਾਲਿਆਂ ਮੇਜਰ (ਬਾਅਦ ਵਿਚ ਲੈਫਟੀਨੈਂਟ ਜਨਰਲ) ਮੁਹੰਮਦ ਜ਼ਕੀ ਤੇ ਮੇਜਰ ਅਬਦੁੱਲ ਰਫੀ ਖਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੋਹਾਂ ਨੂੰ ਵੀਰ ਚੱਕਰ ਨਾਲ ਨਿਵਾਜਿਆ ਗਿਆ ਸੀ। ਮੇਜਰ ਰਫੀ ਖਾਨ ਨੇ ਉਸ ਪਾਕਿਸਤਾਨੀ ਡਵੀਜ਼ਨ ਨਾਲ ਲੜਾਈ ਲੜੀ ਸੀ, ਜਿਸ ਦੀ ਅਗਵਾਈ ਉਸ ਦੇ ਅੰਕਲ ਮੇਜਰ ਜਨਰਲ ਸਾਹਿਬਜ਼ਾਦਾ ਯਾਕੂਬ ਖਾਨ ਕਰ ਰਹੇ ਸਨ। ਅਜਿਹੀਆਂ ਹਨ ਮੁਸਲਮ ਯੋਧਿਆਂ ਦੀਆਂ ਗਾਥਾਵਾਂ। ਬ੍ਰਿਗੇਡੀਅਰ ਮੁਹੰਮਦ ਉਸਮਾਨ, ਜਿਸ ਨੂੰ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਆ ਜਾਣ ਲਈ ਖੁਦ ਪ੍ਰੇਰਿਆ ਸੀ, ਦੀ ਮਿਸਾਲ ਦਿੰਦਿਆਂ ਪੱਤਰ ਵਿਚ ਕਿਹਾ ਗਿਆ ਹੈ ਕਿ ਉਹ ਕਸ਼ਮੀਰ ਵਿਚ ਪਾਕਿਸਤਾਨੀ ਘੁਸਪੈਠ ਦਾ ਮੁਕਾਬਲਾ ਕਰਨ ਵਾਲਾ ਸਭ ਤੋਂ ਸੀਨੀਅਰ ਅਫਸਰ ਸੀ ਤੇ ਸ਼ਹਾਦਤ ਤੋਂ ਬਾਅਦ ਉਸ ਦੀ ਬਹਾਦਰੀ ਨੂੰ ਮਹਾਵੀਰ ਚੱਕਰ ਨਾਲ ਨਿਵਾਜਿਆ ਗਿਆ ਸੀ। ਉਸ ਨੂੰ ਦਿੱਲੀ ਵਿਚ ਜਾਮੀਆ ਮਿਲੀਆ ਇਸਲਾਮੀਆ 'ਚ ਦਫਨਾਇਆ ਗਿਆ। ਸਾਬਕਾ ਅਫਸਰਾਂ ਨੇ ਕਿਹਾ ਹੈ ਕਿ ਝੂਠੀਆਂ ਪੋਸਟਾਂ ਭਾਰਤੀ ਫੌਜ 'ਤੇ ਹਮਲਾ ਹਨ। ਪੱਤਰ ਦੇ ਅਖੀਰ ਵਿਚ ਸਾਬਕਾ ਅਫਸਰਾਂ ਨੇ ਮੰਗ ਕੀਤੀ ਹੈ ਕਿ 'ਮੁਸਲਮ ਰਜਮੈਂਟ' ਦੀ ਚਰਚਾ ਕਰਨ ਵਾਲੇ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਕੌਮ-ਵਿਰੋਧੀ ਸਰਗਰਮੀਆਂ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਜਾਵੇ, ਸੋਸ਼ਲ ਮੀਡੀਆ ਪਲੇਟਫਾਰਮਾਂ (ਫੇਸਬੁੱਕ ਤੇ ਟਵਿਟਰ) ਨੂੰ ਚਿਤਾਵਨੀ ਜਾਰੀ ਕੀਤੀ ਜਾਵੇ, ਜਿਨ੍ਹਾਂ ਨੇ ਅਜਿਹੀਆਂ ਪੋਸਟਾਂ ਖਿਲਾਫ ਕਾਰਵਾਈ ਨਹੀਂ ਕੀਤੀ ਅਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਸੋਸ਼ਲ ਮੀਡੀਆ ਵਿਚ ਅਜਿਹੇ ਝੂਠੇ ਤੇ ਦੇਸ਼ਧ੍ਰੋਹੀ ਸੁਨੇਹੇ ਧੁੰਮਾਉਣ ਵਾਲਿਆਂ ਖਿਲਾਫ ਫੌਰੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਜਾਵੇ। ਹੋਰ ਤਾਂ ਸਾਰੇ ਖੇਤਰਾਂ ਵਿਚ ਝੂਠੀਆਂ ਪੋਸਟਾਂ ਦਾ ਚਲਨ ਆਮ ਹੈ, ਪਰ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਲਿਆਂ ਨੇ ਫੌਜ ਨੂੰ ਵੀ ਨਹੀਂ ਬਖਸ਼ਿਆ। ਫੌਜ ਵਿਚ ਮੁਸਲਮਾਨਾਂ ਦੀਆਂ ਕੁਰਬਾਨੀਆਂ ਕਿਸੇ ਨਾਲੋਂ ਘੱਟ ਨਹੀਂ। ਦੇਖਣਾ ਹੋਵੇਗਾ ਕਿ ਰਾਸ਼ਟਰਪਤੀ ਇਸ ਮਾਮਲੇ ਵਿਚ ਕਿੰਨੀ ਛੇਤੀ ਤੇ ਕਿਹੜਾ ਫਰਮਾਨ ਜਾਰੀ ਕਰਦੇ ਹਨ।

535 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper