Latest News
ਦੇਸ਼ਵਿਆਪੀ ਹੜਤਾਲ ਦੀ ਤਿਆਰੀ ਲਈ 26 ਨੂੰ ਜਲੰਧਰ 'ਚ ਵਿਸ਼ਾਲ ਕਨਵੈਨਸ਼ਨ

Published on 16 Oct, 2020 08:15 AM.

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 26 ਨਵੰਬਰ ਨੂੰ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਵੱਲੋਂ ਮੋਦੀ ਸਰਕਾਰ ਦੀਆਂ ਦੇਸ਼-ਵਿਰੋਧੀ ਅਤੇ ਲੋਕ-ਵਿਰੋਧੀ ਆਰਥਕ ਅਤੇ ਸਨਅਤੀ ਨੀਤੀਆਂ ਵਿਰੁੱਧ ਦੇਸ਼-ਵਿਆਪੀ ਇੱਕ ਰੋਜ਼ਾ ਲਾਮਿਸਾਲ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਵਿੱਚ ਦੇਸ਼ ਭਰ ਵਿਚੋਂ 30 ਕਰੋੜ ਤੋਂ ਵੱਧ ਕਿਰਤੀ, ਮੁਲਾਜ਼ਮ, ਮਜ਼ਦੂਰ ਅਤੇ ਮਿਹਨਤਕਸ਼ ਲੋਕ ਹਿੱਸਾ ਲੈਣਗੇ। ਹੜਤਾਲ ਦੀ ਤਿਆਰੀ ਲਈ 26 ਅਕਤੂਬਰ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਵਿਖੇ ਏਟਕ, ਇੰਟਕ, ਸੀਟੂ, ਐੱਚ ਐੱਮ ਅੱੈਸ, ਏਕਟੂ ਅਤੇ ਮੁਲਾਜ਼ਮ ਫੈਡਰੇਸ਼ਨਾਂ ਨਾਲ ਸੰਬੰਧਤ ਇੱਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ, ਮਜ਼ਦੂਰਾਂ ਵੱਲੋਂ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਇੱਕ ਨਵੰਬਰ ਤੋਂ 15 ਨਵੰਬਰ ਤੱਕ ਸਭ ਜਥੇਬੰਦੀਆਂ ਜ਼ਿਲ੍ਹਾ ਅਤੇ ਸੂਬਾਈ ਪੱਧਰ 'ਤੇ ਮੀਟਿੰਗਾਂ, ਕਨਵੈਨਸ਼ਨਾਂ ਆਦਿ ਕਰਕੇ ਹੜਤਾਲ ਦੀ ਸਫਲਤਾ ਲਈ ਲਗਾਤਾਰ ਸਰਗਰਮੀ ਕਰਨਗੀਆਂ। ਧਾਲੀਵਾਲ ਅਤੇ ਬਰਾੜ ਨੇ ਜਿਨ੍ਹਾਂ ਮੰਗਾਂ ਨੂੰ ਲੈ ਕੇ 26 ਨਵੰਬਰ ਦੀ ਦੇਸ਼-ਵਿਆਪੀ ਹੜਤਾਲ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 44 ਕੇਂਦਰੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡਜ਼ ਵਿੱਚ ਬਦਲ ਕੇ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਬਣਾ ਦਿੱਤਾ ਗਿਆ ਹੈ, ਦੇਸ਼ ਦੇ ਬੇਸ਼ਕੀਮਤੀ ਪਬਲਿਕ ਸੈਕਟਰ ਅਦਾਰਿਆਂ ਦਾ ਨਿੱਜੀਕਰਨ ਕਰਨਾ ਅਤੇ ਕੌਡੀਆਂ ਦੇ ਭਾਅ ਵੇਚਣਾ, ਮਜ਼ਦੂਰਾਂ ਦੀਆਂ ਘੱਟੋ—ਘੱਟ ਉਜਰਤਾਂ 21000 ਰੁਪਏ ਮਹੀਨਾ ਤਹਿ ਕਰਨਾ, ਕਿਸਾਨ ਅਤੇ ਮਜ਼ਦੂਰ ਵਿਰੋਧੀ ਤਿੰਨੇ ਖੇਤੀ ਸੰਬੰਧੀ ਕਾਨੂੰਨ ਵਾਪਸ ਲੈਣਾ, ਕੋਰੋਨਾ ਮਹਾਂਮਾਰੀ ਕਾਰਨ ਖੁੱਸੇ ਰੁਜ਼ਗਾਰਾਂ ਨੂੰ ਬਹਾਲ ਕਰਨਾ, ਸਕੀਮ ਵਰਕਰਾਂ ਨੂੰ ਵਰਕਰਾਂ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨਾ, ਕੰਟਰੈਕਟ ਅਤੇ ਆਊਟਸੋਰਸ ਸਿਸਟਮ ਖਤਮ ਕਰਕੇ ਵਰਕਰਾਂ ਨੂੰ ਪੱਕੇ ਕਰਨਾ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਸਮਾਜਕ ਸੁਰੱਖਿਆ ਸਕੀਮਾਂ ਦਾ ਵਿਸਥਾਰ ਕਰਨਾ, ਮਨਰੇਗਾ ਕਾਨੂੰਨ ਤਹਿਤ ਕੰਮ 200 ਦਿਨ ਤੱਕ ਦੇਣਾ ਅਤੇ ਇਹ ਕਾਨੂੰਨ ਸ਼ਹਿਰੀ ਖੇਤਰਾਂ ਵਿੱਚ ਵੀ ਲਾਗੂ ਕਰਨਾ ਆਦਿ ਮੰਗਾਂ ਨੂੰ ਲੈ ਕੇ ਦੇਸ਼ ਭਰ ਦੇ ਕਿਰਤੀ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕਰਨਗੇ।
ਏਟਕ ਆਗੂਆਂ ਨੇ ਏਟਕ ਨਾਲ ਸੰਬੰਧਤ ਸਭ ਜਥੇਬੰਦੀਆਂ ਨੂੰ ਲੱਗੇ ਕੋਟੇ ਮੁਤਾਬਕ 26 ਅਕਤੂਬਰ ਦੀ ਕਨਵੈਨਸ਼ਨ ਵਿੱਚ 11 ਵਜੇ ਜਲੰਧਰ ਪੁੱਜਣ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਗਿਆ ਕਿ 31 ਅਕਤੂਬਰ ਨੂੰ ਏਟਕ ਦੇ ਸ਼ਤਾਬਦੀ ਵਰ੍ਹੇ ਦੇ ਦਿਨ ਨੂੰ ਸਮਰਪਤ ਪ੍ਰੋਗਰਾਮ ਆਪਣੇ-ਆਪਣੇ ਪੱਧਰ 'ਤੇ ਜਥੇਬੰਦੀਆਂ ਵੱਲੋਂ ਕੀਤੇ ਜਾਣ।

84 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper