Latest News
ਦਹਿਸ਼ਤਗਰਦਾਂ ਦੀਆਂ ਅੱਖਾਂ 'ਚ ਅੱਖਾਂ ਪਾਉਣ ਵਾਲੇ ਕਾਮਰੇਡ ਬਲਵਿੰਦਰ ਸਿੰਘ ਦਾ ਧੋਖੇ ਨਾਲ ਕਤਲ

Published on 16 Oct, 2020 08:26 AM.

ਭਿੱਖੀਵਿੰਡ/ਖਾਲੜਾ (ਮਨੀ ਸੰਧੂ, ਗੁਰਮੀਤ ਸੋਢੀ)
ਦਹਿਸ਼ਤਗਰਦਾਂ ਨਾਲ ਡਟ ਕੇ ਲੋਹਾ ਲੈਣ ਵਾਲੇ ਸ਼ੌਰੀਆ ਚੱਕਰ ਵਿਜੇਤਾ ਮਸ਼ਹੂਰ ਕਾਮਰੇਡ ਬਲਵਿੰਦਰ ਸਿੰਘ ਨੂੰ ਸ਼ੁੱਕਰਵਾਰ ਅਣਪਛਾਤਿਆਂ ਨੇ ਭਿੱਖੀਵਿੰਡ ਵਿਚ ਉਨ੍ਹਾ ਦੇ ਐਵਰਗ੍ਰੀਨ ਸਕੂਲ ਸਥਿਤ ਘਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਤੜਕੇ 6 ਵਜੇ ਦੇ ਕਰੀਬ ਦੋ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਘਰ ਦਾ ਦਰਵਾਜ਼ਾ ਖੜਕਾਇਆ। ਕਾਮਰੇਡ ਬਲਵਿੰਦਰ ਸਿੰਘ ਨੇ ਦਰਵਾਜ਼ਾ ਖੋਲ੍ਹ ਕੇ ਦੋਹਾਂ ਨੂੰ ਅੰਦਰ ਬੁਲਾ ਲਿਆ। ਦੋਹਾਂ ਵਿਚੋਂ ਇਕ ਅੰਦਰ ਆਫਿਸ ਵਿਚ ਆਇਆ ਤੇ ਆਉਂਦਿਆਂ ਸਾਰ ਹੀ ਚਾਰ ਫਾਇਰ ਕਰ ਦਿੱਤੇ। ਇਸ ਤੋਂ ਬਾਅਦ ਦੋਨੋਂ ਫਰਾਰ ਹੋ ਗਏ। ਕਾਮਰੇਡ ਬਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਿ ਕਾਮਰੇਡ ਬਲਵਿੰਦਰ ਸਿੰਘ ਉੱਤੇ ਪਹਿਲਾਂ ਵੀ ਕਈ ਵਾਰ ਹਮਲੇ ਹੋ ਚੁੱਕੇ ਸਨ, ਪਰ ਪੰਜਾਬ ਪੁਲਸ ਵੱਲੋਂ ਦਿੱਤੀ ਗਈ ਸਕਿਉਰਟੀ ਵਾਪਸ ਲੈ ਲਈ ਗਈ। ਸਕਿਉਰਟੀ ਲਈ ਆਈ ਜੀ ਪਰਮਾਰ ਅਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਦਿੱਤੀਆਂ ਗਈਆਂ ਅਤੇ ਕਾਮਰੇਡ ਨੇ ਖੁਦ ਮੁਲਾਕਾਤਾਂ ਵੀ ਕੀਤੀਆਂ, ਪਰ ਕੋਈ ਸੁਣਵਾਈ ਨਹੀਂ ਕੀਤੀ ਗਈ। ਕੁਝ ਸਮਾਂ ਪਹਿਲਾਂ ਇਕ ਮੁਲਾਜ਼ਮ ਦਿੱਤਾ ਗਿਆ ਸੀ, ਪਰ ਦੋ ਦਿਨਾਂ ਬਾਅਦ ਉਸ ਨੂੰ ਵੀ ਵਾਪਸ ਬੁਲਾ ਲਿਆ ਗਿਆ। ਕਾਮਰੇਡ ਬਲਵਿੰਦਰ ਸਿੰਘ ਦੀ ਮੌਤ ਦੀ ਜ਼ਿੰਮੇਵਾਰ ਪੰਜਾਬ ਪੁਲਸ ਹੈ। (ਕਾਮਰੇਡ ਬਲਵਿੰਦਰ 'ਤੇ ਕਰੀਬ 40 ਹਮਲੇ ਹੋਏ ਸਨ।)
ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਮੌਕੇ 'ਤੇ ਐੱਸ ਐੱਸ ਪੀ ਤਰਨ ਤਾਰਨ ਧਰੁਮਨ ਐੱਚ ਨਿਬਾਲੇ ਦੀ ਅਗਵਾਈ ਵਿਚ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਨਿਬਾਲੇ ਨੇ ਕਿਹਾ ਕਿ ਪਰਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ । ਐੱਸ ਐੱਸ ਪੀ ਨਿਬਾਲੇ ਦੇ ਪਹੁੰਚਣ ਵੇਲੇ ਲੋਕਾਂ ਨੇ ਪੰਜਾਬ ਪੁਲਸ ਮੁਰਦਾਬਾਦ ਦੇ ਨਾਅਰੇ ਲਾਏ। (ਬਲਵਿੰਦਰ ਪੰਜਾਬ ਦੇ ਅੰਦਰੂਨੀ ਇਲਾਕਿਆਂ ਵਿਚ ਦਹਿਸ਼ਤਗਰਦੀ ਨਾਲ ਲੜਨ ਵਾਲੇ ਕੁਝ ਮਿਸਾਲੀ ਲੋਕਾਂ ਵਿਚੋਂ ਸਨ। ਉਨ੍ਹਾ ਇਸ ਲੜਾਈ ਲਈ ਆਪਣੇ ਬੱਚਿਆਂ ਨੂੰ ਵੀ ਟਰੇਂਡ ਕੀਤਾ ਸੀ। ਦਹਿਸ਼ਤਗਰਦੀ ਦੇ ਦੌਰ ਦੌਰਾਨ ਉਨ੍ਹਾ ਕੋਠੇ 'ਤੇ ਮੋਰਚੇ ਬਣਾਏ ਹੋਏ ਸਨ।)
ਕੁਝ ਦਿਨ ਪਹਿਲਾਂ ਹੀ ਭਿੱਖੀਵਿੰਡ ਵਿਚ ਪੁਲਸ ਦੀ ਹਾਜ਼ਰੀ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਭਿੱਖੀਵਿੰਡ ਥਾਣੇ ਤੋਂ ਕੁਝ ਹੀ ਦੂਰੀ 'ਤੇ ਐਵਰਗਰੀਨ ਸਕੂਲ ਦੇ ਮਾਲਕ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕਰ ਦੇਣ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਜਾਬ ਪੁਲਸ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਉਠ ਰਹੇ ਹਨ।
ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਭਿੱਖੀਵਿੰਡ ਬਲਾਕ ਦੇ ਸਕੱਤਰ ਪਵਨ ਕੁਮਾਰ ਭਿੱਖੀਵਿੰਡ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਕਾਲਾ ਅਤੇ ਨਰਿੰਦਰ ਸਿੰਘ ਅਲਗੋਂ ਨੇ ਕਾਮਰੇਡ ਬਲਵਿੰਦਰ ਦੇ ਕਤਲ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਬਲਵਿੰਦਰ ਦਾ ਕਤਲ ਪ੍ਰਸ਼ਾਸਨ 'ਤੇ ਇਹ ਸਵਾਲੀਆ ਚਿੰਨ੍ਹ ਲਾਉਂਦਾ ਹੈ ਕਿ ਇਸ ਦਾ ਇੰਟੈਲੀਜੈਂਸ ਨੈੱਟਵਰਕ ਬਿਲਕੁਲ ਕੰਮ ਨਹੀਂ ਕਰ ਰਿਹਾ। ਬਲਵਿੰਦਰ ਨੇ ਦਹਿਸ਼ਤਗਰਦੀ ਤੇ ਫਿਰਕੂ ਦੌਰ ਵਿਚ ਨਿਧੜਕ ਹੋ ਕੇ ਲੜਾਈ ਲੜੀ ਅਤੇ ਭਾਰਤ ਸਰਕਾਰ ਨੇ ਉਸ ਨੂੰ ਸ਼ੌਰੀਆ ਚੱਕਰ ਦਿੱਤਾ ਹੋਇਆ ਸੀ। ਹੈਰਾਨੀ ਹੈ ਕਿ ਇਹੋ ਜਿਹੇ ਵਿਅਕਤੀ ਦੀ ਸਰਕਾਰ ਨੇ ਸਾਰੀ ਸਕਿਉਰਿਟੀ ਕਿਉਂ ਵਾਪਸ ਲਈ। ਉਨ੍ਹਾ ਕਿਹਾ ਕਿ ਸਰਕਾਰ ਕਾਤਲਾਂ ਨੂੰ ਫੌਰਨ ਗ੍ਰਿਫਤਾਰ ਕਰੇ। ਇਲਾਕੇ ਵਿਚ ਪਾਈ ਜਾਂਦੀ ਦਹਿਸ਼ਤ ਨੂੰ ਤੋੜਨ ਵਾਸਤੇ ਸਰਕਾਰ ਇਸ ਕਤਲ ਦੀ ਨਿਰਪੱਖ ਜਾਂਚ ਕਰਕੇ ਹਕੀਕਤ ਸਾਹਮਣੇ ਲਿਆਏ।
ਜਲੰਧਰ (ਕੇਸਰ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਪਾਰਟੀ ਦੀ ਤਰਨ ਤਾਰਨ ਜ਼ਿਲ੍ਹਾ ਕਮੇਟੀ ਦੇ ਮੈਂਬਰ, ਖਾਲਿਸਤਾਨੀ ਦਹਿਸ਼ਤਗਰਦਾਂ ਦਾ ਬੇਖ਼ੌਫ ਹੋ ਕੇ ਟਾਕਰਾ ਕਰਨ ਵਾਲੇ ਤੇ ਲੋਕਾਂ ਦੀ ਸੇਵਾ ਹਿੱਤ ਪੂਰੀ ਤਰ੍ਹਾਂ ਸਮਰਪਤ ਰਹੇ ਸਾਥੀ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਹਥਿਆਰਬੰਦ ਦੇਸ਼ਧ੍ਰੋਹੀ ਤੱਤਾਂ ਵਲੋਂ ਕਤਲ ਕੀਤੇ ਜਾਣ ਦੀ ਅਤਿਅੰਤ ਦੁਖਦਾਈ ਘਟਨਾ ਦੀ ਪੁਰਜ਼ੋਰ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਅਸਲ 'ਚ ਸਾਥੀ ਬਲਵਿੰਦਰ ਸਿੰਘ ਨੇ ਜਿਸ ਹਿੰਮਤ ਤੇ ਦਲੇਰੀ ਨਾਲ ਅੱਤਵਾਦ ਦੇ ਕਾਲੇ ਦੌਰ 'ਚ ਦੇਸ਼ਧ੍ਰੋਹੀ ਤਾਕਤਾਂ ਦਾ ਮੁਕਾਬਲਾ ਕੀਤਾ ਤੇ ਸਿਰਫ ਆਪਣੀ ਹੀ ਨਹੀਂ ਸਗੋਂ ਆਮ ਲੋਕਾਂ ਦੀ ਰਾਖੀ ਲਈ ਆਪਣੀ ਪਤਨੀ ਜਗਦੀਸ਼ ਕੌਰ, ਭਰਾ ਤੇ ਪਾਰਟੀ ਦੇ ਸਾਥੀਆਂ ਨਾਲ ਮਿਲ ਕੇ ਜਾਨ ਦੀ ਬਾਜ਼ੀ ਲਾਈ, ਉਸ ਕਾਰਨ ਉਹ ਹਮੇਸ਼ਾ ਹੀ ਦੇਸ਼ਧ੍ਰੋਹੀ ਤੇ ਸਮਾਜ ਵਿਰੋਧੀ ਤੱਤਾਂ ਦੀਆਂ ਅੱਖਾਂ 'ਚ ਰੜਕਦੇ ਸਨ। ਡੇਢ ਕੁ ਵਰ੍ਹਾ ਪਹਿਲਾਂ ਵੀ ਉਨ੍ਹਾ ਦੇ ਘਰ 'ਚ ਆ ਕੇ ਪੂਰੇ ਪਰਵਾਰ 'ਤੇ ਗੋਲੀਆਂ ਦਾਗ ਕੇ ਹਥਿਆਰਬੰਦ ਗਰੋਹ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਸ ਦਹਿਸ਼ਤਗਰਦ ਕਾਰਵਾਈ ਦਾ ਵਾਜਿਬ ਨੋਟਿਸ ਨਹੀਂ ਲਿਆ ਗਿਆ। ਡੀ ਜੀ ਪੀ ਵੱਲੋਂ ਆਰਡਰ ਕੀਤੇ ਜਾਣ ਦੇ ਬਾਵਜੂਦ ਮਾਰਚ ਮਹੀਨੇ 'ਚ ਕਾਮਰੇਡ ਬਲਵਿੰਦਰ ਸਿੰਘ ਦੀ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈ ਲਈ ਗਈ। ਇਸ ਲਈ ਪੰਜਾਬ ਸਰਕਾਰ ਵੀ ਸਾਥੀ ਬਲਵਿੰਦਰ ਸਿੰਘ ਦੇ ਕਤਲ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਪੱਖੋਂ ਕੁਤਾਹੀ ਦੇ ਦੋਸ਼ ਤੋਂ ਨਹੀਂ ਬਚ ਸਕਦੀ। ਪ੍ਰਾਂਤ ਅੰਦਰ ਪਿਛਲੇ ਦਿਨਾਂ 'ਚ ਦੇਸ਼ਧ੍ਰੋਹੀ ਤੱਤਾਂ ਨੇ ਆਪਣੀਆਂ ਕਾਰਵਾਈਆਂ ਨੂੰ ਤੇਜ਼ ਕੀਤਾ ਹੋਇਆ ਹੈ, ਜਿਸ ਨੂੰ ਦਹਿਸ਼ਤਗਰਦੀ ਦੇ ਕਾਲੇ ਦੌਰ ਦੀ ਮੁੜ ਆਮਦ ਦੀ ਆਹਟ ਵੀ ਕਿਹਾ ਜਾ ਸਕਦਾ ਹੈ। ਸ਼ਹੀਦ ਸਾਥੀ ਬਲਵਿੰਦਰ ਸਿੰਘ ਤੇ ਉਨ੍ਹਾ ਦੀ ਧਰਮ ਪਤਨੀ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਲਈ ਰਾਸ਼ਟਰਪਤੀ ਵੱਲੋਂ 'ਸ਼ੌਰੀਆ ਚੱਕਰ' ਨਾਲ ਸਨਮਾਨਤ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਉਪਰ ਕਈ ਫਿਲਮਾਂ ਵੀ ਬਣਾਈਆਂ ਗਈਆਂ ਸਨ। ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ, ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਸਮੁੱਚੀ ਪਾਰਟੀ ਵੱਲੋਂ ਸਾਥੀ ਬਲਵਿੰਦਰ ਸਿੰਘ ਦੀ ਕੀਤੀ ਗਈ ਕਾਇਰਾਨਾ ਹੱਤਿਆ ਉਪਰ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਧ੍ਰੋਹੀ ਤੇ ਸਮਾਜ ਵਿਰੋਧੀ ਤੱਤਾਂ ਵੱਲੋਂ ਹਮੇਸ਼ਾ ਸਾਥੀ ਬਲਵਿੰਦਰ ਸਿੰਘ ਤੇ ਉਸ ਦੇ ਪਰਵਾਰ ਉਪਰ ਹਮਲੇ ਦਾ ਖਦਸ਼ਾ ਰਹਿੰਦਾ ਸੀ। ਇਸੇ ਕਰਕੇ ਉਨ੍ਹਾ ਨੂੰ ਸੀਮਤ ਜਿਹੀ ਸਰਕਾਰੀ ਸੁਰੱਖਿਆ ਵੀ ਦਿੱਤੀ ਗਈ ਸੀ, ਪ੍ਰੰਤੂ ਅਨੇਕਾਂ ਵਾਰ ਰਾਜਨੀਤਕ ਦਬਾਅ ਸਦਕਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਾਪਸ ਲੈ ਲਈ ਜਾਂਦੀ ਸੀ। ਹੁਣ ਵੀ ਅਜਿਹੀ ਸਥਿਤੀ 'ਚ ਹੀ ਸਾਥੀ ਬਲਵਿੰਦਰ ਸਿੰਘ ਨੂੰ ਉਨ੍ਹਾ ਦੇ ਘਰ 'ਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਪਾਰਟੀ ਇਸ ਦੁਰਭਾਗੀ ਘਟਨਾ ਦੀ ਹਰ ਪੱਖ ਤੋਂ ਨਿਰਪੱਖ ਇਨਕੁਆਰੀ ਦੀ ਮੰਗ ਕਰਦੀ ਹੈ ਤਾਂ ਕਿ ਕਾਤਲਾਂ ਅਤੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਰਾਜਸੀ ਲੋਕਾਂ ਦੀ ਹਕੀਕਤ ਦਾ ਪਤਾ ਲੱਗ ਸਕੇ। ਪਾਰਟੀ ਸ਼ਹੀਦ ਸਾਥੀ ਬਲਵਿੰਦਰ ਸਿੰਘ ਦੀ ਧਰਮ ਪਤਨੀ ਕਾਮਰੇਡ ਜਗਦੀਸ਼ ਕੌਰ, ਬੇਟੇ ਤੇ ਬਾਕੀ ਪਰਵਾਰ ਨਾਲ ਡੂੰਘੀ ਹਮਦਰਦੀ ਤੇ ਅਫਸੋਸ ਦਾ ਪ੍ਰਗਟਾਵਾ ਕਰਦੀ ਹੈ।

299 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper