Latest News
ਪਰਵਾਰ ਦੇ ਚਾਰ ਜੀਆਂ ਨੇ ਆਪਣੇ-ਆਪ ਨੂੰ ਅੱਗ ਲਾ ਕੇ ਕੀਤੀ ਖੁਦਕੁਸ਼ੀ

Published on 17 Oct, 2020 11:12 AM.


ਫਰੀਦਕੋਟ (ਗੁਰਪ੍ਰੀਤ ਪੱਕਾ, ਸੁਰਿੰਦਰ ਮਚਾਕੀ,
ਗੁਰਪ੍ਰੀਤ ਸਿੰਘ ਬੇਦੀ)
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਅੱਗ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਧਰਮਪਾਲ ਵਜੋਂ ਹੋਈ ਹੈ, ਜੋ ਰਾਜਸਥਾਨ ਦੇ ਜ਼ਿਲ੍ਹਾ ਸੀਕਰ ਦਾ ਵਸਨੀਕ ਹੈ, ਜੋ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਸੀਮਾ (36), ਧੀ ਮੋਨਿਕਾ (15) ਅਤੇ ਪੁੱਤਰ ਹਤੀਸ਼ ਕੁਮਾਰ (10) ਨਾਲ ਪਿੰਡ ਕਲੇਰ ਵਿਖੇ ਰਹਿ ਰਿਹਾ ਸੀ।
ਪਰਵਾਰ ਪਿੰਡ ਵਿੱਚ ਹੀ ਇੱਕ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ ਅਤੇ ਪਰਵਾਰ ਦਾ ਮੁਖੀ ਧਰਮਪਾਲ ਭੱਠੇ 'ਤੇ ਮੁਨਸ਼ੀ ਸੀ। ਮੂਲ ਰੂਪ 'ਚ ਰਾਜਸਥਾਨ ਦੇ ਰਹਿਣ ਵਾਲੇ ਇਸ ਪਰਵਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਪਰਵਾਰ ਦੇ ਮੁਖੀ ਨੇ ਸੁਸਾਈਡ ਨੋਟ ਆਪਣੇ ਦੋਸਤ ਨੂੰ ਵਟਸਅੱਪ ਕਰ ਦਿੱਤਾ, ਜਿਸ ਨੇ ਵਟਸਅੱਪ ਦੇਖਣ ਤੋਂ ਬਾਅਦ ਪਰਵਾਰ ਦੇ ਘਰ ਦਾ ਰੁਖ ਕੀਤਾ, ਪਰ ਤਦ ਤੱਕ ਘਟਨਾ ਵਾਪਰ ਚੁੱਕੀ ਸੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਘਰ ਦੇ ਮੁਖੀ ਨੇ ਪਹਿਲਾਂ ਪਰਵਾਰ ਦੇ ਬਾਕੀ ਤਿੰਨ ਜੀਆਂ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾਈ ਅਤੇ ਬਾਅਦ ਵਿੱਚ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਭੱਠੇ 'ਤੇ ਮੁਨਸ਼ੀ ਦੇ ਤੌਰ 'ਤੇ ਕੰਮ ਕਰਦੇ ਇਸ ਵਿਅਕਤੀ ਦਾ ਪਰਵਾਰ ਮਕਾਨ ਕਿਰਾਏ 'ਤੇ ਲੈ ਕੇ ਪਿੰਡ ਵਿੱਚ ਰਹਿ ਰਿਹਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਪਰਵਾਰ ਕਈ ਸਾਲਾਂ ਤੋਂ ਇੱਥੇ ਰਹਿ ਰਿਹਾ ਹੈ ਅਤੇ ਬੰਦ ਕਾਰਨ ਕਾਰੋਬਾਰ ਪ੍ਰਭਾਵਤ ਹੋਇਆ। ਸ਼ਨੀਵਾਰ ਸਵੇਰੇ ਪਿੰਡ ਵਾਸੀਆਂ ਨੇ ਦੇਖਿਆ ਕਿ ਉਸ ਦੇ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਘਰ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ।
ਤੁਰੰਤ ਹੀ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਘਰ ਦਾ ਦਰਵਾਜ਼ਾ ਤੋੜਿਆ ਜਦੋਂ ਪਰਵਾਰ ਦੇ ਸਾਰੇ ਮੈਂਬਰ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਏ ਸਨ। ਘਟਨਾ ਦੀ ਜਾਣਕਾਰੀ ਮਿਲਣ 'ਤੇ ਜ਼ਿਲ੍ਹਾ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਵਿੱਚ ਡੀ ਐੱਸ ਪੀ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

92 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper