Latest News
ਕੋਸ਼ਿਆਰੀ ਦੀ ਕਾਰਸਤਾਨੀ

Published on 18 Oct, 2020 10:47 AM.


ਫਾਸ਼ੀਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਵਿਅਕਤੀਆਂ ਲਈ ਸੰਵਿਧਾਨ, ਅਸੂਲ ਤੇ ਪ੍ਰੰਪਰਾਵਾਂ ਦੀ ਕੋਈ ਕੀਮਤ ਨਹੀਂ ਹੁੰਦੀ। ਹਕੂਮਤ ਦਾ ਨਸ਼ਾ ਉਸ ਹਊਮੈ ਨੂੰ ਸਭ ਉੱਤੇ ਹਾਵੀ ਕਰ ਦਿੰਦਾ ਹੈ। ਪਿਛਲੇ ਦਿਨੀਂ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਵੱਲੋਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੀ ਚਿੱਠੀ ਵਿੱਚ ਵਰਤੀ ਗਈ ਭਾਸ਼ਾ ਇਸ ਦੀ ਤਾਜ਼ਾ ਮਿਸਾਲ ਹੈ।
ਗਵਰਨਰ ਦੀ ਪਦਵੀ ਇੱਕ ਸੰਵਿਧਾਨਕ ਅਹੁਦਾ ਹੁੰਦਾ ਹੈ। ਗਵਰਨਰ ਦੀ ਜਵਾਬਦੇਹੀ ਸੰਵਿਧਾਨ ਪ੍ਰਤੀ ਹੁੰਦੀ ਹੈ। ਕਿਸੇ ਰਾਜ ਵਿੱਚ ਗਵਰਨਰ ਨੂੰ ਇਸ ਲਈ ਬਿਠਾਇਆ ਜਾਂਦਾ ਹੈ, ਤਾਂ ਜੋ ਉਹ ਰਾਜ ਵਿੱਚ ਕਿਸੇ ਵੀ ਸਮੇਂ ਸੰਵਿਧਾਨ ਦੀ ਹੁੰਦੀ ਉਲੰਘਣਾ ਉੱਤੇ ਨਜ਼ਰ ਰੱਖ ਸਕੇ ਅਤੇ ਇਸ ਬਾਰੇ ਕੇਂਦਰ ਸਰਕਾਰ ਤੇ ਸਭ ਸੰਵਿਧਾਨਕ ਸੰਸਥਾਵਾਂ ਦੇ ਮੁਖੀ ਰਾਸ਼ਟਰਪਤੀ ਨੂੰ ਜਾਣੂੰ ਕਰਵਾਉਂਦਾ ਰਹੇ। ਉਸ ਨੂੰ ਸੂਬੇ ਦੇ ਪਹਿਲੇ ਨਾਗਰਿਕ ਹੋਣ ਦਾ ਮਾਣ ਇਸ ਲਈ ਮਿਲਦਾ ਹੈ, ਕਿਉਂਕਿ ਇੱਕ ਨਾਗਰਿਕ ਦੇ ਤੌਰ ਉੱਤੇ ਉਹ ਸੰਵਿਧਾਨ ਦੀ ਰਾਖੀ ਲਈ ਸਭ ਤੋਂ ਅੱਗੇ ਹੁੰਦਾ ਹੈ, ਪਰ ਜਦੋਂ ਇੱਕ ਗਵਰਨਰ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦੇਵੇ, ਤਦ ਉਸ ਪਾਸੋਂ ਸੰਵਿਧਾਨ ਦੀ ਰਾਖੀ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।
ਗਵਰਨਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਕੋਰੋਨਾ ਮਹਾਂਮਾਰੀ ਕਾਰਨ ਮੰਦਰ ਨਾ ਖੋਲ੍ਹੇ ਜਾਣ ਸੰਬੰਧੀ ਚਿੱਠੀ ਲਿਖੀ ਸੀ। ਉਨ੍ਹਾ ਆਪਣੀ ਚਿੱਠੀ ਵਿੱਚ ਕੁਝ ਅਜਿਹੀਆਂ ਟਿੱਪਣੀਆਂ ਕਰ ਦਿੱਤੀਆਂ, ਜਿਹੜੀਆਂ ਇਸ ਅਹੁਦੇ ਉੱਤੇ ਬੈਠੇ ਵਿਅਕਤੀ ਲਈ ਸ਼ੋਭਾ ਨਹੀਂ ਦਿੰਦੀਆਂ। ਇਸ ਚਿੱਠੀ ਵਿੱਚ ਗਵਰਨਰ ਸਾਹਿਬ ਨੇ ਸੈਕੂਲਰਿਜ਼ਮ ਦਾ ਮਜ਼ਾਕ ਉਡਾਉਂਦਿਆਂ ਮੁੱਖ ਮੰਤਰੀ ਨੂੰ ਇਹ ਪੁੱਛ ਲਿਆ ਕਿ ਕੀ ਹੁਣ ਉਹ ਸੈਕੂਲਰ ਹੋ ਗਏ ਹਨ। ਨਾਲ ਹੀ ਉਨ੍ਹਾ ਲਿਖਿਆ ਕਿ ਤੁਸੀਂ ਤਾਂ ਹਿੰਦੂਤਵ ਦੇ ਵੱਡੇ ਚੈਂਪੀਅਨ ਬਣਦੇ ਹੁੰਦੇ ਸੀ ਤੇ ਭਗਵਾਨ ਰਾਮ ਦੇ ਭਗਤ ਸੀ ਅਤੇ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾਂ ਅਯੁੱਧਿਆ ਜਾ ਕੇ ਭਗਵਾਨ ਰਾਮ ਦੇ ਦਰਸ਼ਨ ਕੀਤੇ ਸਨ। ਉਨ੍ਹਾ ਆਪਣੀ ਚਿੱਠੀ ਵਿੱਚ ਲਿਖਿਆ ਕਿ ਜੇਕਰ ਬਾਰ ਤੇ ਰੈਸਟੋਰੈਂਟ ਖੋਲ੍ਹੇ ਜਾ ਸਕਦੇ ਹਨ ਤਾਂ ਦੇਵੀ-ਦੇਵਤਿਆਂ ਨੂੰ ਤਾਲੇ ਬੰਦ ਕਿਉਂ ਕੀਤਾ ਹੋਇਆ ਹੈ? ਇਸ ਚਿੱਠੀ ਵਿੱਚ ਸਿਰਫ਼ ਮੰਦਰਾਂ ਦਾ ਜ਼ਿਕਰ ਹੈ, ਕਿਤੇ ਵੀ ਮਸਜਿਦ ਜਾਂ ਚਰਚ ਦੀ ਕੋਈ ਚਰਚਾ ਨਹੀਂ ਕੀਤੀ ਗਈ।
ਗਵਰਨਰ ਵੱਲੋਂ ਲਿਖੀ ਇਸ ਮਰਿਆਦਾ ਰਹਿਤ ਚਿੱਠੀ ਉੱਤੇ ਮੁੱਖ ਮੰਤਰੀ ਊਧਵ ਠਾਕਰੇ ਤੇ ਐੱਨ ਸੀ ਪੀ ਮੁਖੀ ਸ਼ਰਦ ਪਵਾਰ ਨੇ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਚਿੱਠੀ ਦੇ ਜਵਾਬ ਵਿੱਚ ਗਵਰਨਰ ਨੂੰ ਲਿਖੇ ਖਤ ਵਿੱਚ ਉਨ੍ਹਾ ਨੂੰ ਮੋੜਵਾਂ ਸਵਾਲ ਕੀਤਾ ਹੈ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਮੰਦਰ ਨੂੰ ਖੋਲ੍ਹਣਾ ਹਿੰਦੂਤਵ ਹੈ ਤੇ ਨਾ ਖੋਲ੍ਹਣਾ ਸੈਕੂਲਰਿਜ਼ਮ? ਉਨ੍ਹਾ ਇਹ ਵੀ ਲਿਖਿਆ ਹੈ ਕਿ ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੈਕੂਲਰਿਜ਼ਮ ਸੰਵਿਧਾਨ ਦਾ ਅਟੁੱਟ ਅੰਗ ਹੈ, ਜਿਸ ਦੀ ਸਹੁੰ ਚੁੱਕ ਕੇ ਹੀ ਤੁਸੀਂ ਇਸ ਅਹੁਦੇ ਉੱਤੇ ਬਿਰਾਜਮਾਨ ਹੋ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਸਾਨੂੰ ਉਨ੍ਹਾਂ ਦੇ ਜੀਵਨ ਦੀ ਰਾਖੀ ਨੂੰ ਪਹਿਲ ਦੇਣੀ ਪਵੇਗੀ। ਇਸ ਲਈ ਲਾਕਡਾਊਨ ਨੂੰ ਖੋਲ੍ਹਣਾ ਹਾਲ ਦੀ ਘੜੀ ਸੰਭਵ ਨਹੀਂ ਹੈ। ਐੱਨ ਸੀ ਪੀ ਮੁਖੀ ਸ਼ਰਦ ਪਵਾਰ ਨੇ ਗਵਰਨਰ ਦੀ ਇਸ ਕਾਰਵਾਈ ਉੱਤੇ ਇਤਰਾਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾ ਲਿਖਿਆ ਹੈ ਕਿ ਗਵਰਨਰ ਨੇ ਜਿਸ ਤਰ੍ਹਾਂ ਦੀ ਭਾਸ਼ਾ ਲਿਖੀ ਤੇ ਫਿਰ ਚਿੱਠੀ ਨੂੰ ਸਰਵਜਨਕ ਕੀਤਾ, ਇਹ ਉਨ੍ਹਾ ਦੇ ਅਹੁਦੇ ਮੁਤਾਬਕ ਠੀਕ ਨਹੀਂ ਹੈ। ਉਨ੍ਹਾ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੈਕੂਲਰਿਜ਼ਮ ਸ਼ਬਦ ਹੈ, ਜੋ ਸਭ ਧਰਮਾਂ ਪ੍ਰਤੀ ਬਰਾਬਰ ਦੇ ਵਿਹਾਰ ਦੀ ਗੱਲ ਕਰਦਾ ਹੈ।
ਅਸਲ ਵਿੱਚ ਠਾਕਰੇ ਤੇ ਪਵਾਰ ਜਿਸ ਸੈਕੂਲਰਿਜ਼ਮ ਦੀ ਗੱਲ ਕਰ ਰਹੇ ਹਨ, ਸੰਘ ਦੀ ਪਾਠਸ਼ਾਲਾ ਵਿੱਚ ਪੜ੍ਹੇ ਕੋਸ਼ਿਆਰੀ ਦਾ ਉਸ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਉਹ ਤਾਂ ਸੰਵਿਧਾਨ ਦੇ ਸੈਕੂਲਰਿਜ਼ਮ ਦੀ ਇਮਾਰਤ ਨੂੰ ਤਹਿਸ-ਨਹਿਸ ਕਰਕੇ ਉਸ ਉੱਤੇ ਹਿੰਦੂਤਵ ਦੀ ਇਮਾਰਤ ਖੜ੍ਹੀ ਕਰਨ ਲਈ ਜਤਨਸ਼ੀਲ ਹਨ। ਇਸ ਲਈ ਸੰਘੀ ਵਿਚਾਰਧਾਰਾ ਨਾਲ ਜੁੜੇ ਹਰ ਵਿਅਕਤੀ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਧਰਮ ਨਿਰਪੱਖਤਾ ਉੱਤੇ ਵਾਰ ਕਰਨ ਤੋਂ ਖੁੰਝਦਾ ਨਹੀਂ। ਮੌਜੂਦਾ ਹਾਕਮਾਂ ਲਈ ਸੰਵਿਧਾਨ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਓਨਾ ਚਿਰ ਹੀ ਸਹਿਣਯੋਗ ਹਨ, ਜਿੰਨਾ ਚਿਰ ਉਹ ਉਨ੍ਹਾਂ ਦੇ ਹਿੰਦੂਤਵ ਦੇ ਏਜੰਡੇ ਲਈ ਸਹਾਈ ਰਹਿੰਦੀਆਂ ਹਨ, ਜਦੋਂ ਹੀ ਉਹ ਉਨ੍ਹਾਂ ਦੇ ਰਾਹ ਵਿੱਚ ਰੋੜਾ ਬਣਨ ਦੀ ਕੋਸ਼ਿਸ਼ ਕਰਨਗੀਆਂ, ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਪਤਾ ਹੈ ਕਿ ਸੰਵਿਧਾਨ ਨੂੰ ਪਰ੍ਹੇ ਕੀਤੇ ਬਿਨਾਂ ਹਿੰਦੂਤਵੀ ਏਜੰਡਾ ਲਾਗੂ ਕਰਨਾ ਸੰਭਵ ਨਹੀਂ ਹੈ, ਇਸ ਲਈ ਜਦੋਂ ਵੀ ਮੌਕਾ ਮਿਲਦਾ ਹੈ, ਉਹ ਇਸ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅਸਲ ਵਿੱਚ ਸੰਘੀ ਟੋਲੇ ਨੂੰ ਲੋਕਾਂ ਦੀ ਮੌਜੂਦਾ ਜ਼ਿੰਦਗੀ ਤੇ ਉਨ੍ਹਾਂ ਦੀਆਂ ਲੋੜਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਉਨ੍ਹਾਂ ਨੂੰ ਤਾਂ ਲੋਕਾਂ ਦੇ ਅਗਲੇ ਜਨਮ ਦੀ ਚਿੰਤਾ ਹੈ। ਇਸੇ ਕਾਰਣ ਸੰਵਿਧਾਨ, ਸੰਸਦ ਤੇ ਹੋਰ ਸੰਵਿਧਾਨਕ ਸੰਸਥਾਵਾਂ ਦੇ ਮੁਕਾਬਲੇ ਉਨ੍ਹਾਂ ਨੂੰ ਭਗਵਾਨ, ਮੰਦਰ ਤੇ ਧਾਰਮਕ ਪ੍ਰੰਪਰਾਵਾਂ ਦੀ ਵੱਧ ਚਿੰਤਾ ਰਹਿੰਦੀ ਹੈ। ਸੰਘੀ ਫਲਸਫੇ ਮੁਤਾਬਕ ਮਾਨਵ ਜੀਵਨ ਤਾਂ ਇੱਕ ਪੜਾਅ ਹੈ ਤੇ ਇਸ ਦੌਰਾਨ ਗਰੀਬੀ, ਭੁੱਖ-ਦੁੱਖ ਲੋਕਾਂ ਦੇ ਪਿਛਲੇ ਜਨਮ ਦਾ ਫਲ ਹੈ। ਇਸੇ ਫਲਸਫੇ ਅਧੀਨ ਲੋਕਾਂ ਨੂੰ ਮੂਰਛਤ ਕਰਕੇ ਹੀ ਸੱਤਾਧਾਰੀ ਉਨ੍ਹਾਂ ਨੂੰ ਆਪਣੇ ਮਗਰ ਲਾਈ ਰੱਖਦੇ ਹਨ। ਇਸ ਲਈ ਮੰਦਰਾਂ ਦਾ ਖੁੱਲ੍ਹਣਾ ਉਨ੍ਹਾਂ ਦੀ ਰਾਜਨੀਤੀ ਦੇ ਵਿਸਥਾਰ ਦੀ ਲੋੜ ਹੈ। ਮੰਦਰਾਂ ਦਾ ਬੰਦ ਹੋਣਾ ਤਾਂ ਉਨ੍ਹਾਂ ਨੂੰ ਆਪਣੀ ਮੌਤ ਬਰਾਬਰ ਲਗਦਾ ਹੈ।
-ਚੰਦ ਫਤਿਹਪੁਰੀ

487 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper