Latest News
ਕਹਿਣੀ ਤੇ ਕਰਨੀ 'ਚ ਫਰਕ

Published on 21 Oct, 2020 11:00 AM.


ਲਾਕਡਾਊਨ ਦੇ ਐਲਾਨ ਤੋਂ ਲੈ ਕੇ ਕੋਰੋਨਾ ਕਾਲ ਦੌਰਾਨ ਆਪਣੇ ਕੌਮ ਦੇ ਨਾਂਅ ਸੱਤਵੇਂ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ਇਹ ਚੇਤੇ ਰੱਖਿਆ ਜਾਵੇ ਕਿ ਲਾਕਡਾਊਨ ਖਤਮ ਹੋ ਗਿਆ ਹੈ, ਪਰ ਵਾਇਰਸ ਅਜੇ ਮੌਜੂਦ ਹੈ। ਯੂਰਪ, ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਕੇਸ ਵਧਣੇ ਜਾਰੀ ਹਨ, ਜਿਸ ਕਰਕੇ ਅਸੀਂ ਬੇਪ੍ਰਵਾਹ ਨਹੀਂ ਹੋ ਸਕਦੇ। ਲੋਕਾਂ ਦੇ ਬਿਨਾਂ ਮਾਸਕ ਤੋਂ ਫਿਰਨ ਦੀਆਂ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਨਾ ਸਿਰਫ ਆਪਣੀ, ਸਗੋਂ ਆਪਣੇ ਬੱਚਿਆਂ ਤੇ ਬਜ਼ੁਰਗਾਂ ਦੀ ਜਾਨ ਵੀ ਖਤਰੇ ਵਿਚ ਪਾ ਰਹੇ ਹਨ। ਪ੍ਰਧਾਨ ਮੰਤਰੀ ਨੇ ਸ਼ਾਮੀਂ ਛੇ ਵਜੇ ਤੋਂ ਸਵਾ ਛੇ ਵਜੇ ਤੱਕ ਦੇ ਆਪਣੇ ਸੰਬੋਧਨ ਵਿਚ ਕੋਰੋਨਾ ਨੂੰ ਨੱਥ ਪਾਉਣ ਲਈ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਪਰ ਭਾਸ਼ਣ ਦੌਰਾਨ ਟਵਿੱਟਰ 'ਤੇ 'ਬਾਈਕਾਟ ਮੋਦੀ ਭਾਸ਼ਣ' ਵੀ ਟਰੈਂਡ ਕਰਦਾ ਰਿਹਾ। ਲੋਕ ਉਨ੍ਹਾ ਦੀ ਸਰਕਾਰ ਦੀਆਂ ਨਾਕਾਮੀਆਂ ਗਿਣਾਉਂਦੇ ਰਹੇ ਤੇ ਝੂਠੇ ਵਾਅਦੇ ਕਰਨ ਦੇ ਦੋਸ਼ ਲਾਉਂਦੇ ਰਹੇ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤਾਂ ਇਹ ਨਸੀਹਤ ਦੇ ਦਿੱਤੀ, ਪਰ ਆਪਣੇ ਲੀਡਰਾਂ ਨੂੰ ਕੁਝ ਨਹੀਂ ਕਿਹਾ, ਜਿਹੜੇ ਬਿਹਾਰ ਤੇ ਜ਼ਿਮਨੀ ਚੋਣਾਂ ਵਾਲੇ ਹੋਰਨਾਂ ਰਾਜਾਂ ਵਿਚ ਚੋਣ ਪ੍ਰਚਾਰ ਦੌਰਾਨ ਬਿਨਾਂ ਮਾਸਕ ਵਾਲੇ ਹਜ਼ਾਰਾਂ ਲੋਕਾਂ ਨੂੰ ਇਕੱਠੇ ਕਰਕੇ ਸਾਵਧਾਨੀਆਂ ਦੀਆਂ ਧੱਜੀਆਂ ਉਡਾ ਰਹੇ ਹਨ। ਸ਼ੁੱਕਰਵਾਰ ਮੋਦੀ ਖੁਦ ਬਿਹਾਰ ਵਿਚ ਚੋਣ ਰੈਲੀਆਂ ਕਰਨ ਜਾ ਰਹੇ ਹਨ, ਦੇਖਾਂਗੇ ਕਿ ਉਸ ਦਿਨ ਮਾਸਕ ਪਾਉਣ ਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਦੀ ਕਿੰਨੀ ਕੁ ਪਾਲਣਾ ਹੁੰਦੀ ਹੈ। ਬਿਹਾਰ ਨੂੰ ਮੁੜ ਹਥਿਆਉਣ ਦੇ ਲਾਲਚ ਵਿਚ ਉਥੇ ਅਸੰਬਲੀ ਚੋਣਾਂ ਦਾ ਐਲਾਨ ਉਦੋਂ ਕੀਤਾ ਗਿਆ, ਜਦੋਂ ਕੋਰੋਨਾ ਚੜ੍ਹਾਅ ਉੱਤੇ ਸੀ। ਸੰਵਿਧਾਨਕ ਸੰਸਥਾ ਹੋਣ ਦੇ ਬਾਵਜੂਦ ਚੋਣ ਕਮਿਸ਼ਨ ਨੇ ਹਾਕਮਾਂ ਦੀ ਇੱਛਾ ਪੂਰੀ ਕਰਦਿਆਂ ਚੋਣਾਂ ਦਾ ਐਲਾਨ ਕਰ ਦਿੱਤਾ, ਮਾਸਕ ਤੇ ਦੋ ਗਜ਼ ਦੀ ਦੂਰੀ ਦੀਆਂ ਸਾਵਧਾਨੀਆਂ ਨੱਥੀ ਕਰਕੇ। ਰੋਜ਼ਾਨਾ ਹਜ਼ਾਰਾਂ ਲੋਕ ਬਿਹਾਰ ਦੀਆਂ ਚੋਣ ਰੈਲੀਆਂ ਵਿਚ ਬਿਨਾਂ ਮਾਸਕ ਦੇ ਇਕ-ਦੂਜੇ ਨਾਲ ਖਹਿੰਦੇ ਨਜ਼ਰ ਆ ਰਹੇ ਹਨ, ਪਰ ਚੋਣ ਕਮਿਸ਼ਨ 'ਮਾਸਕ' ਪਾਈ ਬੈਠਾ ਹੈ। ਉਂਜ ਉਸ ਦੇ ਬੋਲਣ ਦੀ ਸਰਕਾਰ ਨੇ ਹੀ ਕੋਈ ਗੁੰਜਾਇਸ਼ ਨਹੀਂ ਛੱਡੀ। ਕੋਰੋਨਾ ਤੋਂ ਬਚਣ ਦੀਆਂ ਤਾਜ਼ਾ ਸੇਧ-ਲੀਹਾਂ ਵਿਚ ਇਹ ਦੱਸਿਆ ਹੀ ਨਹੀਂ ਗਿਆ ਕਿ ਜਨਤਕ ਇਕੱਠ ਵਿਚ ਕਿੰਨੇ ਲੋਕ ਜੁੜ ਸਕਦੇ ਹਨ। ਸੁਪਰੀਮ ਕੋਰਟ ਤੱਕ ਨੇ ਕੋਰੋਨਾ ਦੇ ਚੜ੍ਹਾਅ ਦੇ ਦਿਨਾਂ ਵਿਚ ਪੁਰੀ ਵਿਚ ਰੱਥ ਯਾਤਰਾ ਖਿੱਚਣ ਦੀ ਆਗਿਆ ਦੇ ਦਿੱਤੀ ਸੀ। ਸੱਤਾਧਾਰੀ ਕੋਰੋਨਾ ਦੇ ਬਾਵਜੂਦ ਆਪਣੀਆਂ ਮਨਆਈਆਂ ਕਰਦੇ ਰਹੇ, ਪਰ ਲੋਕਾਂ ਨੂੰ ਡਰਾਉਂਦੇ ਰਹੇ। ਡਰ ਪੈਦਾ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ ਤੇ ਭੱਤੇ ਤੱਕ ਬੰਦ ਕਰ ਦਿੱਤੇ। ਲੋਕ ਹਿੱਤਾਂ ਲਈ ਸੜਕਾਂ ਉੱਤੇ ਉਤਰਨ ਵਾਲਿਆਂ ਨੂੰ ਫੜ ਕੇ ਅੰਦਰ ਕਰ ਦਿੱਤਾ। ਤਰ੍ਹਾਂ-ਤਰ੍ਹਾਂ ਦੀਆਂ ਹਰਕਤਾਂ ਕਰਕੇ ਤੇ ਨੁਸਖੇ ਦੱਸ ਕੇ ਕੋਰੋਨਾ ਦੀਆਂ ਸਾਵਧਾਨੀਆਂ ਦੀਆਂ ਧੱਜੀਆਂ ਜਿੰਨੀਆਂ ਹੁਕਮਰਾਨ ਪਾਰਟੀ ਦੇ ਆਗੂਆਂ ਨੇ ਉਡਾਈਆਂ, ਓਨੀਆਂ ਹੋਰ ਕਿਸੇ ਨੇ ਨਹੀਂ। ਕਦੇ ਇਸ ਦੇ ਰਾਜਸਥਾਨ ਦੇ ਇਕ ਸਾਂਸਦ ਨੇ ਕਿਹਾ ਕਿ ਚਿੱਕੜ ਵਿਚ ਨਹਾਓ ਤਾਂ ਕੋਰੋਨਾ ਲਾਗੇ ਨਹੀਂ ਲੱਗੇਗਾ ਤੇ ਕਦੇ ਰਾਜਸਥਾਨ ਤੋਂ ਹੀ ਇਸ ਦੇ ਇਕ ਕੇਂਦਰੀ ਮੰਤਰੀ ਨੇ ਕਿਹਾ ਕਿ ਕੋਰੋਨਾ ਦਾ ਮੁਕਾਬਲਾ ਕਰਨ ਲਈ ਭਾਬੀ ਜੀ ਪਾਪੜ ਖਾਓ। ਬਾਅਦ ਵਿਚ ਇਹ ਦੋਨੋਂ ਕੋਰੋਨਾ ਦਾ ਸ਼ਿਕਾਰ ਹੋਏ। ਬਿਹਾਰ ਵਿਚ ਸਭ ਤੋਂ ਪਹਿਲੀ ਖੁੱਲ੍ਹੀ ਚੋਣ ਰੈਲੀ ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਨੇ ਕੀਤੀ। ਮਹਾਰਾਸ਼ਟਰ ਵਿਚ ਕੋਰੋਨਾ ਨੇ ਸਭ ਤੋਂ ਵੱਧ ਮਾਰ ਕੀਤੀ, ਪਰ ਉਥੋਂ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਚਿੰਤਾ ਇਸ ਗੱਲ ਦੀ ਰਹੀ ਕਿ ਊਧਵ ਸਰਕਾਰ ਨੇ ਮੈਖਾਨੇ ਖੋਲ੍ਹ ਦਿੱਤੇ, ਮੰਦਰ ਕਿਉਂ ਨਹੀਂ ਖੋਲ੍ਹੇ। ਆਰ ਐੱਸ ਐੱਸ ਦੀ ਪੈਦਾਵਾਰ ਕੋਸ਼ਿਆਰੀ ਨੇ ਤਾਂ ਇਸ ਲਈ ਮੁੱਖ ਮੰਤਰੀ ਤੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੂੰ ਸੈਕੂਲਰ ਹੋ ਜਾਣ ਦਾ ਮਿਹਣਾ ਵੀ ਮਾਰ ਦਿੱਤਾ। ਮੋਦੀ ਭਾਵੇਂ ਡਾਕਟਰੀ ਪੱਖੋਂ ਚੰਗੇ ਲਗਦੇ ਜਿੰਨੇ ਮਰਜ਼ੀ ਭਾਸ਼ਣ ਦੇਣ, ਕੋਰੋਨਾ ਖਿਲਾਫ ਲੜਾਈ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਜਿੰਨੀਆਂ ਗੱਲਾਂ ਉਸ ਦੀ ਪਾਰਟੀ ਦੇ ਆਗੂਆਂ ਨੇ ਕੀਤੀਆਂ, ਕਿਸੇ ਹੋਰ ਪਾਰਟੀ ਦੇ ਆਗੂ ਨੇ ਨਹੀਂ। ਇਹ ਤਾਂ ਲੋਕਾਂ ਦਾ ਅਨੁਸ਼ਾਸਨ ਹੀ ਸੀ, ਜਿਨ੍ਹਾਂ ਬਿਨਾਂ ਵੈਕਸੀਨ ਤੇ ਦਵਾਈ ਦੇ ਵੱਧ ਤੋਂ ਵੱਧ ਸਾਵਧਾਨੀ ਵਰਤ ਕੇ ਖੁਦ ਨੂੰ, ਬੱਚਿਆਂ ਨੂੰ ਤੇ ਆਪਣੇ ਬਜ਼ੁਰਗਾਂ ਨੂੰ ਕਾਫੀ ਹੱਦ ਤੱਕ ਬਚਾਇਆ। ਕੋਰੋਨਾ ਕਾਲ ਨੇ ਬਹੁਤ ਦੁੱਖ ਦਿੱਤੇ ਹਨ, ਪਰ ਫਿਲਹਾਲ ਮਾਸਕ ਤੇ ਦੋ ਗਜ਼ ਦੀ ਦੂਰੀ ਦੇ ਅਸੂਲ ਦੀ ਪਾਲਣਾ ਕਰਨੀ ਹੀ ਪੈਣੀ ਹੈ। ਜਦੋਂ ਤੱਕ ਲੋਦਾ ਨਹੀਂ ਲੱਗਦਾ, ਪਰਨੇ ਤੇ ਚੁੰਨੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ।

813 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper