Latest News
ਯੂਨੀਵਰਸਿਟੀ ਦੀ ਸੈਨੇਟ ਮੈਂਬਰੀ ਲੈਣ ਤੋਂ ਜਤਿੰਦਰ ਪਨੂੰ ਦੀ ਨਾਂਹ

Published on 22 Oct, 2020 10:42 AM.


ਜਲੰਧਰ (ਨ ਜ਼ ਸ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਦੀ ਮੈਂਬਰੀ ਲਈ 'ਨਵਾਂ ਜ਼ਮਾਨਾ' ਦੇ ਸਾਬਕਾ ਸੰਪਾਦਕ ਜਤਿੰਦਰ ਪਨੂੰ ਨੂੰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਮੈਂਬਰੀ ਲੈਣ ਤੋਂ ਇਨਕਾਰ ਕੀਤਾ ਹੈ। ਇਸ ਸੰਬੰਧ ਵਿੱਚ ਜਤਿੰਦਰ ਪਨੂੰ ਵੱਲੋਂ ਜਾਰੀ ਕੀਤਾ ਗਿਆ ਬਿਆਨ ਇਸ ਤਰ੍ਹਾਂ ਹੈ:
ਮੈਨੂੰ ਅੱਜ ਸਵੇਰੇ ਅਖਬਾਰਾਂ ਵਿੱਚੋਂ ਪੜ੍ਹ ਕੇ ਪਤਾ ਲੱਗਾ ਹੈ ਕਿ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਹ ਮੇਰੇ ਵਾਸਤੇ ਹੈਰਾਨੀ ਵਾਲੀ ਖਬਰ ਸੀ।
ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਬਾਰੇ ਮੇਰੇ ਨਾਲ ਕਿਸੇ ਨੇ ਸਲਾਹ ਨਹੀਂ ਕੀਤੀ, ਮੇਰੀ ਕਿਸੇ ਨੇ ਵੀ ਸਹਿਮਤੀ ਨਹੀਂ ਮੰਗੀ, ਕਿਸੇ ਨੇ ਸੂਚਨਾ ਵੀ ਨਹੀਂ ਭੇਜੀ ਅਤੇ ਇਹ ਆਪਣੇ ਆਪ ਕੀਤਾ ਗਿਆ ਫੈਸਲਾ ਹੈ।
ਮੈਂ ਸਮਝਦਾ ਹਾਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਬਹੁਤ ਉੱਚਾ ਅਤੇ ਵਿਲੱਖਣ ਸਥਾਨ ਹੈ ਤੇ ਇਹ ਬਹੁਤ ਚੰਗਾ ਕੰਮ ਕਰ ਰਹੀ ਹੈ। ਮੈਂ ਇਸ ਦੀ ਹੋਰ ਤਰੱਕੀ ਲਈ ਦਿਲੋਂ ਕਾਮਨਾ ਕਰਦੇ ਹੋਏ ਵੀ ਇਹ ਮੈਂਬਰੀ ਗ੍ਰਹਿਣ ਕਰਨ ਲਈ ਮਾਨਸਕਿ ਤੌਰ ਉੱਤੇ ਤਿਆਰ ਨਹੀ ਹਾਂ। ਇਸ ਕਰ ਕੇ ਬੜੇ ਸਤਿਕਾਰ ਸਹਿਤ ਇਸ ਤਰ੍ਹਾਂ ਦੀ ਮੈਂਬਰੀ ਲੈਣ ਤੋਂ ਇਨਕਾਰ ਕਰਦਾ ਹਾਂ ਅਤੇ ਜਿਸ ਕਿਸੇ ਨੇ ਵੀ ਮੇਰਾ ਨਾਂਅ ਇਸ ਵਿੱਚ ਪਵਾਇਆ ਹੋਵੇ, ਉਸ ਦੇ ਲਈ ਸਤਿਕਾਰ ਭੇਟ ਕਰਦੇ ਹੋਏ ਕਹਿਣਾ ਚਾਹਾਂਗਾ ਕਿ ਇਰਾਦਾ ਕਿੰਨਾ ਵੀ ਨੇਕ ਹੋਵੇ, ਇਹੋ ਜਿਹੇ ਮਾਮਲੇ ਵਿੱਚ ਸੰਬੰਧਤ ਵਿਅਕਤੀ ਦੀ ਸਹਿਮਤੀ ਲਏ ਬਿਨਾਂ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਜ਼ਿਆਦਾ ਠੀਕ ਹੁੰਦਾ ਹੈ।

172 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper