Latest News
ਕੇਰਲਾ 'ਚ ਕਿਸਾਨਾਂ ਲਈ ਦਰੱਖਤਾਂ ਬਦਲੇ ਵਿਆਜ-ਮੁਕਤ ਕਰਜ਼ਾ ਸਕੀਮ

Published on 22 Oct, 2020 10:43 AM.


ਤਿਰੁਅਨੰਤਪੁਰਮ : ਪੌਦੇ ਲਾਉਣ ਤੇ ਫਿਰ ਦਰੱਖਤਾਂ ਦੀ ਰਾਖੀ ਕਰਕੇ ਕਾਰਬਨ ਘਟਾਉਣ ਦੀ ਕੋਸ਼ਿਸ਼ ਵਿਚ ਕੇਰਲਾ ਦੇ ਇਕ ਪਿੰਡ ਵਿਚ ਅਜਿਹਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਕਿਸਾਨ ਦਰੱਖਤ ਗਹਿਣੇ ਰੱਖ ਕੇ ਬੈਂਕ ਤੋਂ ਵਿਆਜ-ਮੁਕਤ ਕਰਜ਼ਾ ਲੈ ਸਕਦੇ ਹਨ। ਇਹ ਪ੍ਰੋਜੈਕਟ ਵਿੱਤ ਮੰਤਰੀ ਟੀ ਐੱਮ ਇਸਾਕ ਦੀ ਕਾਢ ਹੈ ਤੇ ਇਸ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਵਾਇਨਾਡ ਜ਼ਿਲ੍ਹੇ ਦੇ 33 ਹਜ਼ਾਰ ਦੀ ਆਬਾਦੀ ਵਾਲੇ ਮੀਨਨਗੜ੍ਹੀ ਵਿਚ ਸ਼ੁਰੂ ਕੀਤਾ ਗਿਆ।
ਟ੍ਰੀ ਬੈਂਕਿੰਗ ਸਕੀਮ ਤਹਿਤ ਕਿਸਾਨ ਪੌਦੇ ਲਾਉਣ ਦੇ ਇਕ ਸਾਲ ਬਾਅਦ ਉਸ ਨੂੰ ਵਿਆਜ-ਮੁਕਤ ਕਰਜ਼ੇ ਲਈ ਸਥਾਨਕ ਕੋਆਪ੍ਰੇਟਿਵ ਬੈਂਕ ਕੋਲ ਪਲੈੱਜ ਕਰ ਦੇਣਗੇ। ਬੈਂਕ ਉਸ ਦੀ ਦਰੱਖਤਾਂ ਦੀ ਸੰਭਾਲ ਕਰਨ ਵਿਚ ਮਦਦ ਕਰੇਗੀ ਤੇ ਉਸ ਦੇ ਖੇਤਾਂ ਦੀਆਂ ਹੋਰਨਾਂ ਲੋੜਾਂ ਦਾ ਖਿਆਲ ਰੱਖੇਗੀ। ਇਸ ਨਾਲ ਕਿਸਾਨ ਦਰੱਖਤਾਂ ਨੂੰ ਛਾਂਗਣ ਤੋਂ ਗੁਰੇਜ਼ ਕਰਨਗੇ।
ਸਰਪੰਚਣੀ ਬੀਨਾ ਵਿਜਿਅਨ ਨੇ ਦੱਸਿਆ ਕਿ ਹਰੇਕ ਪੌਦਾ 10 ਸਾਲ ਲਈ 50 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਪਲੈੱਜ ਕੀਤਾ ਜਾਵੇਗਾ। ਜੇ ਕੋਈ ਕਿਸਾਨ 100 ਦਰੱਖਤ ਪਲੈੱਜ ਕਰਦਾ ਹੈ ਤਾਂ ਬੈਂਕ ਵਿਆਜ ਦੀ ਸ਼ਕਲ ਵਿਚ 10 ਸਾਲ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਸਾਲ ਕਰਜ਼ਾ ਦੇਵੇਗੀ। ਕਰਜ਼ੇ ਦਾ ਵਿਆਜ ਪੰਚਾਇਤ ਭਰੇਗੀ ਤੇ ਕਿਸਾਨ ਨੂੰ ਸਿਰਫ ਮੂਲ ਧਨ ਵਾਪਸ ਕਰਨਾ ਪਵੇਗਾ, ਜੇ ਉਹ ਦੱਰਖਤ ਵੱਢਣਾ ਚਾਹੁੰਦਾ ਹੈ। ਜੇ ਉਹ ਦਰੱਖਤ ਵੱਢਣਾ ਨਹੀਂ ਚਾਹੁੰਦਾ ਤਾਂ ਕਰਜ਼ਾ ਨਹੀਂ ਮੋੜਨਾ ਪਵੇਗਾ। ਸੂਬਾ ਸਰਕਾਰ ਨੇ ਕੋਆਪ੍ਰੇਟਿਵ ਬੈਂਕ ਨੂੰ 10 ਕਰੋੜ ਦਾ ਕੋਰ ਫੰਡ ਦੇ ਦਿੱਤਾ ਹੈ, ਜਿਹੜਾ ਕਰਜ਼ਾ ਦੇਣ ਲਈ ਵਰਤਿਆ ਜਾਵੇਗਾ। ਇਸ ਵਿਚੋਂ ਹੀ ਵਿਆਜ ਦਿੱਤਾ ਜਾਵੇਗਾ। ਹੁਣ ਤੱਕ ਪੰਚਾਇਤ ਦੇ ਦੋ ਵਾਰਡਾਂ ਦੇ 184 ਕਿਸਾਨਾਂ ਨੂੰ ਕਰਜ਼ੇ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਸਕੀਮ ਤਹਿਤ ਪੰਚਾਇਤ ਪੌਦੇ ਵੱਡੇ ਕਰਨ ਵਿਚ ਕਿਸਾਨ ਦੀ ਤਿੰਨ ਸਾਲ ਮਦਦ ਕਰੇਗੀ।
ਉਸ ਤੋਂ ਬਾਅਦ ਉਸ ਦੀ ਜ਼ਿੰਮੇਦਾਰੀ ਹੋਵੇਗੀ। ਪੰਚਾਇਤ ਨੇ 34 ਕਿਸਮਾਂ ਦੇ ਪੌਦੇ ਲਾਉਣ ਦੀ ਲਿਸਟ ਬਣਾਈ ਹੈ, ਜਿਨ੍ਹਾਂ ਵਿਚ ਅੰਬ, ਅੰਜੀਰ ਤੇ ਕਠਲ ਸ਼ਾਮਲ ਹਨ। ਟੀਕ ਤੇ ਇੰਡੀਅਨ ਰੋਜ਼ਵੁੱਡ ਲਾਉਣ 'ਤੇ ਰੋਕ ਹੋਵੇਗੀ। ਵੱਡੇ ਪੱਧਰ 'ਤੇ ਫਲਾਂ ਦੇ ਪੌਦੇ ਲਾਉਣ ਨਾਲ ਕਿਸਾਨਾਂ ਨੂੰ ਖਾਣ ਨੂੰ ਵੀ ਮਿਲਣਗੇ ਤੇ ਫਰੂਟ ਪ੍ਰੋਸੈਸਿੰਗ ਇੰਡਸਟਰੀ ਵੀ ਕਾਇਮ ਹੋ ਸਕਦੀ ਹੈ। ਖੇਤੀ ਸੈਕਟਰ, ਖਾਸਕਰ ਵਾਇਨਾਡ ਵਿਚ, ਦੇ ਢਹਿਣ ਕਾਰਨ ਕਿਸਾਨ ਛੋਟੇ-ਛੋਟੇ ਦਰੱਖਤ ਵੀ ਵੱਢ ਕੇ ਵੇਚਣ ਲੱਗੇ ਸਨ। ਇਸ ਪ੍ਰੋਜੈਕਟ ਨਾਲ ਕਿਸਾਨਾਂ ਨੂੰ ਕੁਝ ਤਾਂ ਰਾਹਤ ਮਿਲੇਗੀ।

211 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper