Latest News
ਬਿਹਾਰ ਨੂੰ ਫਰੀ ਵੈਕਸੀਨ ਦਾ ਵਾਅਦਾ ਪਟਨਾ : ਭਾਜਪਾ ਵੱਲੋਂ ਬਿਹਾਰ ਅਸੰਬਲੀ ਚੋਣਾਂ ਲਈ ਜਾਰੀ ਕੀਤੇ ਮੈਨੀਫੈਸਟੋ

Published on 22 Oct, 2020 11:50 AM.


ਪਟਨਾ : ਭਾਜਪਾ ਵੱਲੋਂ ਬਿਹਾਰ ਅਸੰਬਲੀ ਚੋਣਾਂ ਲਈ ਜਾਰੀ ਕੀਤੇ ਮੈਨੀਫੈਸਟੋ ਵਿਚ ਸੂਬੇ ਦੇ ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਫਰੀ ਵੈਕਸੀਨ ਦੇਣ ਦਾ ਵਾਅਦਾ ਕੀਤਾ ਹੈ। ਆਪੋਜ਼ੀਸ਼ਨ ਨੇ ਦੋਸ਼ ਲਾਇਆ ਹੈ ਕਿ ਇਹ ਭਾਜਪਾ ਦੀ ਵੈਕਸੀਨ ਨੂੰ ਸਿਆਸੀ ਏਜੰਡੇ ਲਈ ਵਰਤਣ ਦੀ ਕੋਸ਼ਿਸ਼ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਜਦੋਂ ਵੈਕਸੀਨ ਦਾ ਵੱਡੀ ਪੱਧਰ 'ਤੇ ਉਤਪਾਦਨ ਸ਼ੁਰੂ ਹੋ ਗਿਆ, ਬਿਹਾਰ ਦੇ ਹਰ ਵਿਅਕਤੀ ਨੂੰ ਫਰੀ ਲਾਈ ਜਾਵੇਗੀ। ਇਹ ਉਨ੍ਹਾ ਦੇ ਮੈਨੀਫੈਸਟੋ ਦਾ ਪਹਿਲਾ ਵਾਅਦਾ ਹੈ। ਇਸ ਐਲਾਨ ਦੇ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਈ ਪਲਾਨੀਸਵਾਮੀ ਨੇ ਐਲਾਨ ਕਰ ਦਿੱਤਾ ਕਿ ਜਦੋਂ ਵੈਕਸੀਨ ਬਣ ਗਈ ਸਭ ਨੂੰ ਮੁਫਤ ਲਾਈ ਜਾਵੇਗੀ। ਹੁਕਮਰਾਨ ਅੰਨਾ ਡੀ ਐੱਮ ਕੇ ਭਾਜਪਾ ਦੀ ਇਤਿਹਾਦੀ ਹੈ ਤੇ ਸੂਬੇ ਵਿਚ ਅਗਲੇ ਸਾਲ ਅਸੰਬਲੀ ਚੋਣਾਂ ਹੋਣੀਆਂ ਹਨ।
ਵੈਕਸੀਨ ਬਣਾਉਣ ਲਈ ਸੰਸਾਰ ਪੱਧਰ 'ਤੇ ਜਤਨ ਹੋ ਰਹੇ ਹਨ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਟਰਾਇਲ ਵੀ ਚੱਲ ਰਹੇ ਹਨ, ਪਰ ਇਹ ਪਹਿਲੀ ਵਾਰ ਹੈ ਕਿ ਜਿਹੜੀ ਵੈਕਸੀਨ ਬਣੀ ਨਹੀਂ, ਉਸ ਨੂੰ ਚੋਣ ਵਾਅਦਾ ਬਣਾ ਦਿੱਤਾ ਗਿਆ ਹੈ।
ਬਿਹਾਰ ਮਹਾਂਗਠਬੰਧਨ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਵੈਕਸੀਨ ਦੇਸ਼ ਦੀ ਹੈ ਨਾ ਕਿ ਭਾਜਪਾ ਦੀ। ਨਿਰਮਲਾ ਸੀਤਾਰਮਨ ਵੱਲੋਂ ਮੈਨੀਫੈਸਟੋ ਜਾਰੀ ਕਰਨ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਨੂੰ ਸੂਬਾਈ ਲੀਡਰਸ਼ਿਪ 'ਤੇ ਭਰੋਸਾ ਨਹੀਂ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਸ ਨੂੰ 'ਵੈਕਸੀਨ ਚੋਣਵਾਦ' ਕਰਾਰ ਦਿੱਤਾ ਹੈ। ਕਾਂਗਰਸ ਨੇ ਕਿਹਾ ਹੈ ਕਿ ਕੀ ਵਿੱਤ ਮੰਤਰੀ ਕਹਿ ਰਹੇ ਹਨ ਕਿ ਬਾਕੀ ਰਾਜਾਂ ਨੂੰ ਵੈਕਸੀਨ ਦੇ ਪੈਸੇ ਦੇਣੇ ਪੈਣਗੇ। ਕਾਂਗਰਸ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਟਵੀਟ ਕੀਤਾ ਹੈ—ਤੁਮ ਮੁਝੇ ਵੋਟ ਦੋ ਮੈਂ ਤੁਮਹੇ ਵੈਕਸੀਨ...।
ਕਾਂਗਰਸ ਦੇ ਹੀ ਜੈਵੀਰ ਸ਼ੇਰਗਿੱਲ ਨੇ ਟਵੀਟ ਕੀਤਾ—ਭਾਜਪਾ ਅਜਿਹੀ ਇਕੱਲੀ ਪਾਰਟੀ ਹੋਵੇਗੀ, ਜਿਸਨੂੰ ਕੋਰੋਨਾ ਵੈਕਸੀਨ ਲੋਕਾਂ ਦੀ ਜਾਨ ਬਚਾਉਣ ਤੇ ਉਨ੍ਹਾਂ ਦੇ ਅਧਿਕਾਰ ਦੀ ਥਾਂ ਇਲੈਕਸ਼ਨ ਲਾਲੀਪਾਪ ਲਗਦਾ ਹੈ। ਇਹ ਲੋਕਾਂ ਦਾ ਅਧਿਕਾਰ ਹੈ, ਕੋਈ ਸ਼ਰਤੀਆ ਚੋਣ ਲਾਭ ਨਹੀਂ। ਕੋਰੋਨਾ ਦੇ ਨਾਲ-ਨਾਲ ਭਾਜਪਾ ਦੀ ਮਾਨਸਿਕਤਾ ਦਾ ਇਲਾਜ ਵੀ ਜ਼ਰੂਰੀ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਪੁੱਛਿਆ ਹੈ ਕਿ ਗੈਰ-ਭਾਜਪਾ ਹਕੂਮਤ ਵਾਲੇ ਰਾਜਾਂ ਦੀ ਕੀ ਬਣੇਗਾ? ਜਿਨ੍ਹਾਂ ਭਾਰਤੀਆਂ ਨੇ ਭਾਜਪਾ ਨੂੰ ਵੋਟ ਨਹੀਂ ਪਾਈ ਕੀ ਉਨ੍ਹਾਂ ਨੂੰ ਫਰੀ ਵੈਕਸੀਨ ਨਹੀਂ ਮਿਲੇਗੀ?
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਪੁੱਛਿਆ ਕਿ ਕੀ ਭਾਜਪਾ ਵੈਕਸੀਨ ਦੇ ਪੈਸੇ ਪਾਰਟੀ ਦੇ ਖਜ਼ਾਨੇ ਵਿਚੋਂ ਦੇਵੇਗੀ? ਜੇ ਸਰਕਾਰ ਦੇ ਖਜ਼ਾਨੇ ਵਿਚੋਂ ਜਾਣਗੇ ਤਾਂ ਬਿਹਾਰ ਕਿਵੇਂ ਫਰੀ ਵੈਕਸੀਨ ਲੈ ਸਕਦਾ ਹੈ, ਜਦਕਿ ਬਾਕੀ ਦੇਸ਼ ਨੂੰ ਕੀਮਤ ਅਦਾ ਕਰਨੀ ਪਵੇਗੀ। ਇਹ ਤਾਂ ਕੋਰੋਨਾ ਦੇ ਡਰ ਨੂੰ ਸ਼ਰਮਨਾਕ ਢੰਗ ਨਾਲ ਵਰਤਣਾ ਹੋ ਗਿਆ।
ਕੁਲਦੀਪ ਤੰਵਰ ਨੇ ਟਵੀਟ ਕੀਤਾ ਹੈ—ਭਾਜਪਾ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਵਾਇਰਸ ਨਾਲੋਂ ਜ਼ਿਆਦਾ ਖਤਰਨਾਕ ਹੈ। ਜਿਹੜੀ ਪਾਰਟੀ ਆਪਣੇ ਨਾਗਰਿਕਾਂ ਨਾਲ ਬਰਾਬਰ ਦਾ ਸਲੂਕ ਨਹੀਂ ਕਰ ਸਕਦੀ, ਉਸ ਨੂੰ ਸੱਤਾ ਵਿਚ ਰਹਿਣ ਦਾ ਹੱਕ ਨਹੀਂ। ਭਾਜਪਾ ਦੀ ਘਟੀਆ ਵਿਚਾਰਧਾਰਾ 'ਤੇ ਸ਼ਰਮ ਆਉਂਦੀ ਹੈ। ਬਾਲੀਵੁੱਡ ਡਾਇਰੈਕਟਰ ਓਨਿਰ ਨੇ ਕਿਹਾ ਕਿ ਵੋਟ ਬਦਲੇ ਫਰੀ ਵੈਕਸੀਨ ਦੀ ਗੱਲ ਹੋ ਰਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬਾਕੀ ਭਾਰਤ ਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਪਵੇਗਾ, ਜਦੋਂ ਤੱਕ ਉਹ ਭਾਜਪਾ ਨੂੰ ਵੋਟ ਨਹੀਂ ਦਿੰਦੇ।

218 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper