Latest News
ਨਵੇਂ ਜ਼ਮੀਨੀ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੀ ਮਹਿਬੂਬਾ ਮੁਫਤੀ ਵਰਕਰਾਂ ਸਮੇਤ ਹਿਰਾਸਤ 'ਚ

Published on 29 Oct, 2020 11:27 AM.


ਸ੍ਰੀਨਗਰ : ਜੰਮੂ-ਕਸ਼ਮੀਰ 'ਚ ਜ਼ਮੀਨ ਦੀ ਖਰੀਦੋ-ਫਰੋਖ਼ਤ ਨੂੰ ਲੈ ਕੇ ਬਣਾਏ ਗਏ ਨਵੇਂ ਨਿਯਮਾਂ ਸੰਬੰਧੀ ਨੋਟੀਫਿਕੇਸ਼ਨ 'ਤੇ ਸਿਆਸੀ ਉਬਾਲ ਜਾਰੀ ਹੈ। ਸਰਕਾਰ ਦੇ ਇਨ੍ਹਾਂ ਨਿਯਮਾਂ ਖਿਲਾਫ਼ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਨੇ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 'ਚ ਸ਼ਾਮਲ ਹੋਣ ਜਾ ਰਹੀ ਸੂਬੇ ਦੀ ਸਾਬਕਾ ਮੁੱੱਖ ਮੰਤਰੀ ਅਤੇ ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਕਈ ਵਰਕਰਾਂ ਸਮੇਤ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਖਿਲਾਫ ਗੁੱਸਾ ਕੱਢਿਆ। ਪੀ ਡੀ ਪੀ ਨੇ ਵੀਰਵਾਰ ਨੂੰ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਪਾਰਟੀ ਦੇ ਵਰਕਰ ਵੱਡੀ ਗਿਣਤੀ 'ਚ ਸ੍ਰ੍ਰੀਨਗਰ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਪਹੁੰਚੇ। ਇੱਥੋਂ ਇੱਕ ਰੈਲੀ ਕੱਢਣ ਦੀ ਤਿਆਰੀ ਸੀ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ।
ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, 'ਸ੍ਰੀਨਗਰ 'ਚ ਪੀ ਡੀ ਪੀ ਦਾ ਦਫਤਰ ਜੰਮੂ-ਕਸ਼ਮੀਰ ਪ੍ਰਸ਼ਾਸ਼ਨ ਨੇ ਸੀਲ ਕਰ ਦਿੱਤਾ ਹੈ। ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਵਰਕਰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ। ਤੁਹਾਡੀ ਨਜ਼ਰ 'ਚ ਕੀ ਸਹੀ 'ਆਮ' ਹਾਲਾਤ ਹਨ, ਜੋ ਤੁਸੀਂ ਪੂਰੀ ਦੁਨੀਆ ਨੂੰ ਦਿਖਾ ਰਹੇ ਹੋ? ' ਪੀ ਡੀ ਪੀ ਮੁਖੀ ਨੇ ਦੋਸ਼ ਲਾਇਆ, 'ਇਹ ਲੋਕ (ਭਾਜਪਾ) ਜੰਮੂ-ਕਸ਼ਮੀਰ ਦੇ ਸਾਧਨ ਲੁੱਟ ਕੇ ਲੈ ਜਾਣਾ ਚਾਹੁੰਦੇ ਹਨ। ਭਾਜਪਾ ਨੇ ਗਰੀਬ ਨੂੰ ਦੋ ਵਕਤ ਦੀ ਰੋਟੀ ਨਹੀਂ ਦਿੱਤੀ, ਉਹ ਜੰਮੂ-ਕਸ਼ਮੀਰ 'ਚ ਜ਼ਮੀਨ ਕੀ ਖਰੀਦੇਗੀ? ਦਿੱਲੀ ਤੋਂ ਰੋਜ਼ ਇੱਕ ਫਰਮਾਨ ਜਾਰੀ ਹੁੰਦਾ ਹੈ, ਜੇਕਰ ਤੁਹਾਡੇ ਕੋਲ ਏਨੀ ਤਾਕਤ ਹੈ ਤਾਂ ਚੀਨ ਨੂੰ ਕੱਢੋ, ਜਿਸ ਨੇ ਲੱਦਾਖ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ, ਚੀਨ ਦਾ ਨਾਂਅ ਲੈਣ ਤੋਂ ਡਰਦੇ ਹੋ? 'ਮਹਿਬੂਬਾ ਮੁਫ਼ਤੀ ਨੇ ਕਿਹਾ, ਜੰਮੂ-ਕਸ਼ਮੀਰ ਦੀ ਜ਼ਮੀਨ ਨੂੰ ਲੁੱਟਣ ਦਾ ਜੋ ਕਾਨੂੰਨ ਭਾਜਪਾ ਨੇ ਪਾਸ ਕੀਤਾ ਹੈ, ਉਸ ਖਿਲਾਫ਼ ਅੱਜ ਪੀ ਡੀ ਪੀ ਦੇ ਲੋਕ ਪ੍ਰਦਰਸ਼ਨ ਕਰਨ ਜਾ ਰਹੇ ਸਨ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ, ਰਾਤ ਨੂੰ ਘਰ ਤੋਂ ਚੁੱਕ ਲਿਆ ਗਿਆ। ਇਹ ਲੋਕ ਜ਼ਮੀਨ ਕਾਨੂੰਨ ਦਾ ਵਿਰੋਧ ਕਰ ਰਹੇ ਸਨ, ਜੋ ਸੂਬੇ ਦੀ ਜਨਤਾ 'ਤੇ ਥੋਪ ਦਿੱਤਾ ਗਿਆ ਹੈ। ਅਸੀਂ ਇਕੱਠੇ ਹੋ ਕੇ ਆਪਣੀ ਆਵਾਜ਼ ਉਠਾਉਂਦੇ ਰਹਾਂਗੇ ਅਤੇ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper