Latest News
ਮਾਇਆਵਤੀ ਦੀ ਮਾਇਆ

Published on 29 Oct, 2020 11:35 AM.


ਯੂ ਪੀ ਤੋਂ ਰਾਜ ਸਭਾ ਲਈ 9 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਬਸਪਾ ਉਮੀਦਵਾਰ ਦੀ ਜਿੱਤ ਨੂੰ ਖਤਰਾ ਭਾਵੇਂ ਫਿਲਹਾਲ ਟਲ ਗਿਆ, ਪਰ ਪਾਰਟੀ ਸੁਪਰੀਮੋ ਮਾਇਆਵਤੀ ਵੱਲੋਂ ਆਪਣਾ ਉਮੀਦਵਾਰ ਜਿਤਾਉਣ ਲਈ ਭਾਜਪਾ ਦੀ ਮਦਦ ਲੈਣ ਦੀ ਕਥਿਤ ਕੋਸ਼ਿਸ਼ ਕਾਰਨ ਪਾਰਟੀ ਦੇ ਵੰਡੇ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਅਸੰਬਲੀ ਨੇ 10 ਮੈਂਬਰਾਂ ਦੀ ਚੋਣ ਕਰਨੀ ਸੀ, ਜਿਹੜੇ ਬਿਨਾਂ ਮੁਕਾਬਲਾ ਜਿੱਤ ਜਾਣੇ ਸਨ, ਪਰ ਸਨਅਤਕਾਰ ਪ੍ਰਕਾਸ਼ ਬਜਾਜ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਕੁੱਦ ਪੈਣ ਨਾਲ ਕਾਫੀ ਸਿਆਸੀ ਉਥਲ-ਪੁਥਲ ਹੋ ਗਈ, ਹਾਲਾਂਕਿ ਬਾਅਦ ਵਿਚ ਰਿਟਰਨਿੰਗ ਅਫਸਰ ਨੇ ਬਜਾਜ ਦੇ ਕਾਗਜ਼ ਰੱਦ ਕਰਕੇ ਬਸਪਾ ਦੇ ਰਾਮਜੀ ਗੌਤਮ ਦੀ ਜਿੱਤ ਆਸਾਨ ਕਰ ਦਿੱਤੀ। ਬਜਾਜ ਨੇ ਇਸ ਫੈਸਲੇ ਵਿਰੁੱਧ ਕੋਰਟ ਜਾਣ ਦੀ ਗੱਲ ਕਹੀ ਹੈ। ਅਸੰਬਲੀ ਵਿਚ ਇਸ ਵੇਲੇ 395 ਮੈਂਬਰ ਵੋਟ ਪਾਉਣ ਦੇ ਯੋਗ ਹਨ। ਭਾਜਪਾ ਦੇ 304 ਮੈਂਬਰ ਹਨ ਤੇ ਉਸ ਨੇ 8 ਉਮੀਦਵਾਰ ਉਤਾਰੇ ਹਨ। ਇਕ ਉਮੀਦਵਾਰ ਨੂੰ ਜਿੱਤਣ ਲਈ 36 ਵੋਟਾਂ ਦਰਕਾਰ ਹਨ। ਇਸ ਤਰ੍ਹਾਂ ਭਾਜਪਾ ਕੋਲ 16 ਵੋਟਾਂ ਫਾਲਤੂ ਸਨ। ਸਮਾਜਵਾਦੀ ਪਾਰਟੀ ਕੋਲ 48 ਵੋਟਾਂ ਹਨ ਤੇ ਉਸ ਨੇ ਰਾਮ ਗੋਪਾਲ ਯਾਦਵ ਨੂੰ ਖੜ੍ਹਾ ਕੀਤਾ ਹੈ। ਉਸ ਕੋਲ ਵੀ 12 ਵੋਟਾਂ ਫਾਲਤੂ ਹਨ। ਮਾਇਆਵਤੀ ਕੋਲ ਸਿਰਫ 18 ਵੋਟਾਂ ਹਨ ਤੇ ਦੱਸਿਆ ਜਾਂਦਾ ਹੈ ਕਿ ਭਾਜਪਾ ਨੇ ਉਸ ਨੂੰ ਆਪਣੀਆਂ ਫਾਲਤੂ ਵੋਟਾਂ ਦੇ ਨਾਲ-ਨਾਲ ਇਤਿਹਾਦੀ ਅਪਨਾ ਦਲ ਦੀਆਂ 9 ਵੋਟਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਦੀਆਂ ਵੋਟਾਂ ਦਿਵਾਉਣ ਦਾ ਵਾਅਦਾ ਕੀਤਾ ਸੀ। ਭਾਜਪਾ ਦੇ 8 ਉਮੀਦਵਾਰਾਂ ਤੇ ਰਾਮ ਗੋਪਾਲ ਦੀ ਜਿੱਤ ਯਕੀਨੀ ਹੋਣ ਦੇ ਬਾਅਦ ਮੁਕਾਬਲਾ ਗੌਤਮ ਤੇ ਬਜਾਜ ਵਿਚਾਲੇ ਫਸ ਗਿਆ ਸੀ। ਬਜਾਜ ਦਾ ਨਾਂਅ ਵੀ ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਨੇ ਤਜਵੀਜ਼ ਕੀਤਾ ਸੀ। ਬਜਾਜ ਦੇ ਕਾਗਜ਼ ਰੱਦ ਹੋਣ ਤੋਂ ਪਹਿਲਾਂ ਬਸਪਾ ਦੇ ਪੰਜ ਵਿਧਾਇਕ ਦੋ ਵਾਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਮਿਲੇ। ਉਮੀਦਵਾਰ ਦਾ ਨਾਂਅ ਤਜਵੀਜ਼ ਕਰਨ ਲਈ 10 ਵਿਧਾਇਕਾਂ ਦੇ ਦਸਤਖਤ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਗੌਤਮ ਦਾ ਨਾਂਅ ਤਜਵੀਜ਼ ਕਰਨ ਵਾਲੇ ਵਿਧਾਇਕਾਂ ਵਿਚ ਉਹ ਸ਼ਾਮਲ ਨਹੀਂ ਤੇ ਉਨ੍ਹਾਂ ਦੇ ਦਸਤਖਤ ਫਰਜ਼ੀ ਕੀਤੇ ਗਏ ਹਨ। ਇਕ ਵਿਧਾਇਕ ਹਕੀਮ ਲਾਲ ਬਿੰਦ ਨੇ ਕਿਹਾ ਕਿ ਮਾਇਆਵਤੀ ਨੇ ਭਾਜਪਾ ਦੀ ਹਮਾਇਤ ਹਾਸਲ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ। ਉਹ ਮਾਇਆਵਤੀ ਦੀ ਜਗੀਰ ਨਹੀਂ ਹਨ, ਮਾਇਆਵਤੀ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੀ, ਜਦਕਿ ਅਖਿਲੇਸ਼ ਹਾਲ-ਚਾਲ ਪੁੱਛ ਲੈਂਦੇ ਹਨ। ਅਖਿਲੇਸ਼ ਨਾਲ ਦੂਜੀ ਮੀਟਿੰਗ ਵਿਚ ਛੇਵੀਂ ਵਿਧਾਇਕ ਸੁਸ਼ਮਾ ਪਟੇਲ ਵੀ ਮੌਜੂਦ ਸੀ।
ਪਿੱਛੇ ਜਿਹੇ ਤੋਂ ਮਾਇਆਵਤੀ ਦਾ ਭਾਜਪਾ-ਪ੍ਰੇਮ ਲੁਕਿਆ ਨਹੀਂ ਰਿਹਾ। ਉਸ ਨੇ ਹਾਥਰਸ ਵਿਚ ਦਲਿਤ ਕੁੜੀ ਨਾਲ ਕਥਿਤ ਬਲਾਤਕਾਰ ਤੋਂ ਬਾਅਦ ਉਸ ਦੇ ਕਤਲ ਲਈ ਯੋਗੀ ਸਰਕਾਰ ਦੀ ਖਾਸ ਨੁਕਤਾਚੀਨੀ ਨਹੀਂ ਕੀਤੀ ਅਤੇ ਨਾਗਰਿਕਤਾ ਸੋਧ ਕਾਨੂੰਨਾਂ ਤੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਧਾਰਾ 370 ਦੇ ਖਾਤਮੇ 'ਤੇ ਵੀ ਭਾਜਪਾ ਦੀ ਅਸਿੱਧੀ ਹਮਾਇਤ ਕੀਤੀ ਸੀ। ਵੀਰਵਾਰ ਤਾਂ ਉਸ ਨੇ ਇਹ ਕਹਿ ਕੇ ਨਕਾਬ ਹੀ ਉਤਾਰ ਦਿੱਤਾ ਕਿ ਯੂ ਪੀ ਵਿਧਾਨ ਪ੍ਰੀਸ਼ਦ ਦੀ ਚੋਣ ਵਿਚ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਜੇ ਭਾਜਪਾ ਨੂੰ ਵੋਟ ਪਾਉਣੀ ਪਈ ਤਾਂ ਪਾਵਾਂਗੇ। ਉਸ ਨੇ ਪਿਛਲੀਆਂ ਚੋਣਾਂ ਵਿਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਨੂੰ ਵੱਡੀ ਭੁੱਲ ਵੀ ਕਰਾਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਗੱਠਜੋੜ ਦੇ ਹੱਕ ਵਿਚ ਉਸ ਵੱਲੋਂ 1995 ਵਿਚ ਉਸ ਉੱਤੇ ਗੈਸਟ ਹਾਊਸ 'ਚ ਸਮਾਜਵਾਦੀਆਂ ਵੱਲੋਂ ਕੀਤੇ ਹਮਲੇ ਦਾ ਕੇਸ ਵਾਪਸ ਲੈਣਾ ਵੀ ਉਸ ਦੀ ਭੁੱਲ ਸੀ, ਜਦੋਂਕਿ ਭਾਜਪਾ ਦੇ ਸ਼ਿਵ ਸੈਨਾ ਤੇ ਅਕਾਲੀ ਦਲ ਵਰਗੇ ਪੁਰਾਣੇ ਇਤਿਹਾਦੀ ਉਸ ਨੂੰ ਛੱਡ ਗਏ ਹਨ, ਬਸਪਾ ਦਾ ਨਵਾਂ ਪੈਂਤੜਾ ਸਾਹਮਣੇ ਆ ਗਿਆ ਹੈ। ਇਸ ਤਰ੍ਹਾਂ ਦਾ ਗੱਠਜੋੜ ਪੰਜਾਬ ਵਿਚ ਵੀ ਨਜ਼ਰ ਆ ਸਕਦਾ ਹੈ। ਮਾਇਆਵਤੀ ਦਾ ਬਿਆਨ ਉਸ ਅਤੇ ਉਸ ਦੇ ਸਕੇ-ਸੰਬੰਧੀਆਂ ਉੱਪਰ ਚੱਲ ਰਹੇ ਕੇਸਾਂ ਨੂੰ ਠੰਢੇ ਬਸਤੇ ਵਿਚ ਪੁਆਉਣ ਦੀ ਚਾਲ ਵੀ ਸਮਝੀ ਜਾ ਸਕਦੀ ਹੈ। ਉਸ ਵੱਲੋਂ ਭਾਜਪਾ ਦੀ ਹਮਾਇਤ ਕਰਨ ਦੇ ਐਲਾਨ 'ਤੇ ਪ੍ਰਿਅੰਕਾ ਗਾਂਧੀ ਦਾ ਇਹ ਟਵੀਟ ਵੀ ਕਾਫੀ ਕੁਝ ਕਹਿ ਜਾਂਦਾ ਹੈ—ਕੀ ਹੁਣ ਹੋਰ ਕੁਝ ਕਹਿਣਾ ਬਾਕੀ ਰਹਿ ਗਿਆ ਹੈ।

812 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper