Latest News
29ਵੇਂ 'ਮੇਲਾ ਗ਼ਦਰੀ ਬਾਬਿਆਂ ਦਾ' 'ਚ ਫਿਲਮ ਸ਼ੋਅ ਅੱਜ

Published on 30 Oct, 2020 09:09 AM.

ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿਚ ਲੱਗਣ ਵਾਲਾ '29ਵਾਂ ਮੇਲਾ ਗ਼ਦਰੀ ਬਾਬਿਆਂ ਦਾ' ਇਸ ਵਾਰ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਤ ਹੋਵੇਗਾ। ਮੇਲੇ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ 'ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਨਗਰ' ਵਜੋਂ ਸਜਾਇਆ ਜਾਵੇਗਾ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੀਪਲਜ਼ ਵਾਇਸ ਵੱਲੋਂ 31 ਅਕਤੂਬਰ ਸ਼ਾਮ 6 ਵਜੇ ਫਿਲਮ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ। ਮੇਲੇ ਵਿਚ ਫ਼ਿਲਮ ਸ਼ੋਅ ਦਾ ਆਪਣਾ ਵਿਲੱਖਣ ਸਥਾਨ ਹੈ। ਫ਼ਿਲਮ ਸ਼ੋਅ ਵਿੱਚ ਦਿਖਾਈਆਂ ਜਾਣ ਵਾਲ਼ੀਆਂ ਫ਼ਿਲਮਾਂ ਦੀ ਦਰਸ਼ਕ ਬੇਸਬਰੀ ਨਾਲ਼ ਉਡੀਕ ਕਰਦੇ ਹਨ। ਇਹ ਫ਼ਿਲਮਾਂ ਨਾ ਸਿਰਫ਼ ਆਮ ਲੋਕਾਂ ਦੇ ਮੁੱਦਿਆਂ ਨੂੰ ਸੰਬੋਧਤ ਹੁੰਦੀਆਂ ਹਨ, ਸਗੋਂ ਉਹ ਕਲਾਤਮਕ ਪੱਖੋਂ ਵੀ ਉੱਚ-ਪੱਧਰ ਦੀਆਂ ਹੁੰਦੀਆਂ ਹਨ। ਸੰਨ 2001 ਵਿੱਚ ਅਗਾਂਹਵਧੂ ਸੰਸਥਾ 'ਦਿ ਪੀਪਲਜ਼ ਵਾਇਸ' ਵੱਲੋਂ 10ਵੇਂ 'ਮੇਲਾ ਗ਼ਦਰੀ ਬਾਬਿਆਂ ਵਿੱਚ' ਫ਼ਿਲਮ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਸੀ। ਤਦ ਤੋਂ ਲੈ ਕੇ ਹੁਣ ਤੱਕ ਇਸ ਫ਼ਿਲਮ ਸ਼ੋਅ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਚਰਚਿਤ ਅਨੇਕਾਂ ਦਸਤਾਵੇਜ਼ੀ ਅਤੇ ਫੀਚਰ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ। ਪੀਪਲਜ਼ ਵਾਇਸ ਦੇ ਬੁਲਾਰੇ ਡਾ. ਸੈਲੇਸ਼ ਨੇ ਦੱਸਿਆ ਕਿ ਇਸ ਵਾਰ ਇਸ ਫ਼ਿਲਮ ਸ਼ੋਅ ਵਿੱਚ ਦੋ ਫ਼ਿਲਮਾਂ ਦਿਖਾਈਆਂ ਜਾਣਗੀਆਂ। ਪਹਿਲੀ ਫਿਲਮ 'ਬਾਬਾ ਸੋਹਣ ਸਿੰਘ ਭਕਨਾ' ਹੈ। ਬਾਬਾ ਸੋਹਣ ਸਿੰਘ ਭਕਨਾ ਦੀ ਫ਼ਿਲਮ ਫੁਟੇਜ਼ ਡੈਨਮਾਰਕ ਦੇ ਸਿਨਮੇਟੋਗ੍ਰਾਫਰ ਜਾਨ ਵਿਉਫ਼ ਦੁਆਰਾ ਖਿੱਚੀ ਗਈ ਹੈ। ਸੰਨ 2003 ਵਿੱਚ ਅਸੀਂ ਸਾਥੀ ਸੁਦਰਸ਼ਨ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਬਣਾ ਰਹੇ ਸੀ। ਸਾਡੀ ਸੰਸਥਾ ਦਿ ਪੀਪਲਜ਼ ਵਾਈਸ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਉੱਘੇ ਦਸਤਾਵੇਜ਼ੀ ਫ਼ਿਲਮਕਾਰ ਦਲਜੀਤ ਅਮੀ ਕਰ ਰਹੇ ਸਨ। ਇਸ ਫ਼ਿਲਮ ਦੇ ਨਿਰਮਾਣ ਦੌਰਾਨ ਮਲਵਿੰਦਰਜੀਤ ਸਿੰਘ ਵੜੈਚ ਤੋਂ ਸਾਨੂੰ ਬਾਬਾ ਸੋਹਣ ਸਿੰਘ ਭਕਨਾ ਦੀ ਇਸ ਫੁਟੇਜ਼ ਬਾਰੇ ਪਤਾ ਲੱਗਿਆ। ਸਾਡੀ ਗੁਜਾਰਿਸ਼ 'ਤੇ ਉਨ੍ਹਾ ਡਾ. ਸੁਰੇਸ਼ ਰਤਨ ਦੀ ਮਦਦ ਨਾਲ਼ ਇਹ ਫੁਟੇਜ਼ ਮੰਗਵਾ ਕੇ ਦਿੱਤੀ ਸੀ। ਦਸਤਾਵੇਜ਼ੀ ਫ਼ਿਲਮ 'ਸੁਦਰਸ਼ਨ : ਐਨ ਇੰਸੀਟਿਊਸ਼ਨ ਆਫ਼ ਸਿੰਪਲੀਸਿਟੀ' ਵਿੱਚ ਇਸ ਫੁਟੇਜ਼ ਨੂੰ ਪਹਿਲੀ ਵਾਰ ਵਰਤਿਆ ਗਿਆ ਸੀ।ਦੂਸਰੀ ਫਿਲਮ ਹੋਵੇਗੀ, 'ਰਾਮ ਕੇ ਨਾਮ' ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ 1990 ਵਿੱਚ ਕੱਢੀ ਗਈ ਰੱਥ ਯਾਤਰਾ ਦਾ ਦਸਤਾਵੇਜ਼ੀਕਰਨ ਕਰਦੀ ਹੋਈ ਫ਼ਿਲਮ ਹੈ। ਆਨੰਦ ਪਟਵਰਧਨ ਦੁਆਰਾ ਨਿਰਦੇਸ਼ਤ ਇਹ ਫ਼ਿਲਮ ਇਸ ਰੱਥ ਯਾਤਰਾ ਤੱਕ ਹੀ ਸੀਮਤ ਨਹੀਂ ਰਹਿੰਦੀ, ਸਗੋਂ ਇਸ ਲਹਿਰ ਦੇ ਇਤਿਹਾਸ ਅਤੇ ਉਸ ਦੌਰ ਵਿੱਚ ਇਸ ਲਹਿਰ ਨੂੰ ਚਲਾਉਣ ਵਾਲ਼ੀਆਂ ਸੰਸਥਾਵਾਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ ਐੱਸ ਐੱਸ ਦੇ ਮਨਸੂਬਿਆਂ ਨੂੰ ਵੀ ਪੇਸ਼ ਕਰਦੀ ਹੈ। ਫ਼ਿਲਮ ਇਸ ਲਹਿਰ ਦੇ ਪਿੱਛੇ ਕੰਮ ਕਰਦੀ ਸਿਆਸਤ ਦਾ ਵਿਸ਼ਲੇਸ਼ਣ ਕਰਦੀ ਹੋਈ ਇਸ ਪਿੱਛੇ ਕੰਮ ਕਰਦੀਆਂ ਸੰਸਥਾਵਾਂ ਦੇ ਆਰਥਕ ਹਿੱਤਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ, ਜਿਨ੍ਹਾਂ ਬਾਰੇ ਸੁਆਲ ਉਠਾਉਣ ਵਾਲ਼ਿਆਂ ਨੂੰ ਅਨੇਕਾਂ ਢੰਗਾਂ ਨਾਲ਼ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਫ਼ਿਲਮ ਇਨ੍ਹਾਂ ਤਾਕਤਾਂ ਦੁਆਰਾ ਪੇਸ਼ ਕੀਤੇ ਧਾਰਮਕ ਬਿੰਬਾਂ ਦੇ ਮੁਕਾਬਲੇ ਮੱਧ ਯੁੱਗ ਦੀ ਭਗਤੀ ਲਹਿਰ ਨੂੰ ਪੇਸ਼ ਕਰਦੀ ਹੈ, ਜਿਸ ਦੁਆਰਾ ਆਮ ਲੋਕਾਂ ਨੂੰ ਆਪਸ ਵਿੱਚ ਲੜਨ ਦੀ ਥਾਂ ਆਪਸੀ ਭਾਈਚਾਰੇ ਅਤੇ ਮਿਲ਼-ਜੁਲ਼ ਕੇ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ। ਅਜੋਕੇ ਦੌਰ ਵਿੱਚ ਸੰਨ 2014 ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ 'ਰਾਮ ਕੇ ਨਾਮ' ਦਾ ਇਤਿਹਾਸਕ ਮਹੱਤਵ ਹੋਰ ਵੀ ਵਧ ਗਿਆ ਹੈ।

128 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper