Latest News
ਸਬਜ਼ੀਆਂ 'ਤੇ ਐੱਮ ਐੱਸ ਪੀ ਲਾਗੂ ਕਰੇ ਮੋਦੀ ਸਰਕਾਰ : ਅਰਸ਼ੀ

Published on 30 Oct, 2020 09:12 AM.

ਮਾਨਸਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਤਹਿਤ ਮਜ਼ਦੂਰ ਵਿਰੋਧੀ ਕਿਰਤ ਕਾਨੂੰਨ, ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਐਕਟ 2020 ਸਮੇਤ ਕਿਸਾਨ, ਮਜ਼ਦੂਰ, ਵਪਾਰੀ, ਛੋਟੇ ਦੁਕਾਨਦਾਰ, ਨੌਜਵਾਨ ਅਤੇ ਔਰਤ ਵਿਰੋਧੀ ਕਾਨੂੰਨ ਧੜਾਧੜ ਲਾਗੂ ਕੀਤੇ ਜਾ ਰਹੇ ਹਨ ਅਤੇ ਦੇਸ਼ ਦੇ ਤਮਾਮ ਵਰਗਾਂ ਦੇ ਲੋਕਾਂ ਵੱਲੋਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ। ਪਿਛਲੇ ਸਮੇਂ ਤੋਂ ਕਿਸਾਨ ਉਜਾੜੂ ਅਤੇ ਖੇਤੀ ਵਿਰੋਧੀ ਆਰਡੀਨੈਂਸ ਜੋ ਕਾਨੂੰਨ ਬਣ ਚੁੱਕਾ ਹੈ, ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਤਹਿਤ ਕਰੋ ਅਤੇ ਮਰੋ ਦੀ ਲੜਾਈ ਮੋਦੀ ਸਰਕਾਰ ਖਿਲਾਫ ਚੱਲ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਹਨਾਂ ਕੇਰਲਾ ਦੀ ਸਰਕਾਰ ਨੂੰ 16 ਸਬਜ਼ੀਆਂ ਅਤੇ ਫਲਾਂ 'ਤੇ ਐੱਮ.ਐੱਸ.ਪੀ. ਲਾਗੂ ਕਰਨ 'ਤੇ ਵਧਾਈ ਦਿੱਤੀ ਅਤੇ ਮੋਦੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਰੀਆਂ ਫਸਲਾਂ ਸਮੇਤ ਸਬਜ਼ੀਆਂ ਤੇ ਪੂਰੇ ਦੇਸ਼ ਵਿੱਚ ਐੱਮ.ਐੱਸ.ਪੀ. ਲਾਗੂ ਕੀਤੀ ਜਾਵੇ। ਸਾਥੀ ਅਰਸ਼ੀ ਨੇ ਮੋਦੀ ਸਰਕਾਰ ਨੂੰ ਅੰਬਾਨੀ, ਅਡਾਨੀਆਂ ਦੀ ਪਿੱਠੂ ਦੱਸਦਿਆਂ ਕਿਹਾ ਕਿ ਦੇਸ਼ ਖੇਤੀ ਪ੍ਰਧਾਨ ਹੋਣ ਕਾਰਨ ਕਿਸਾਨਾਂ 'ਤੇ ਇਹ ਕਾਨੂੰਨ ਲਾਗੂ ਕਰਕੇ ਪੂੰਜੀਪਤੀਆਂ ਨੂੰ ਜ਼ਮੀਨ ਦੇਣ ਜਾ ਰਹੀ ਹੈ ਜਿਸ ਨੂੰ ਕਿਸਾਨ ਜਥੇਬੰਦੀਆਂ ਸਮੇਤ ਲੜਨ ਵਾਲੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਇਸ ਸਮੇਂ 5 ਨਵੰਬਰ ਦੇ ਭਾਰਤ ਚੱਕਾ ਜਾਮ ਅਤੇ 26 ਅਤੇ 27 ਦਿੱਲੀ ਧਰਨੇ ਦੀ ਹਮਾਇਤ ਕੀਤੀ ਗਈ। ਸਾਥੀ ਅਰਸ਼ੀ ਨੇ ਮੋਦੀ ਸਰਕਾਰ ਵੱਲੋਂ ਪਰਾਲੀ ਸਾੜਨ ਤੇ ਪੰਜ ਸਾਲ ਦੀ ਸਜ਼ਾ ਅਤੇ ਇੱਕ ਕਰੋੜ ਦੇ ਜੁਰਮਾਨੇ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਵਲ 8% ਪ੍ਰਦੂਸ਼ਨ ਸੀਜ਼ਨ ਦੌਰਾਨ ਹੁੰਦਾ ਹੈ, ਜਦੋਂ ਕਿ ਵੱਡੀਆਂ ਇੰਡਸਟਰੀਆਂ ਕਾਰਨ ਹਰ ਰੋਜ਼ ਪ੍ਰਦੂਸ਼ਨ ਫੈਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾਈ ਸਰਕਾਰਾਂ ਪਰਾਲੀ ਦੀ ਸਾਂਭ-ਸੰਭਾਲ ਲਈ ਬੋਨਸ ਦੇਵੇ ਤਾਂ ਜੋ ਕਿਸਾਨ ਇਸ ਨੂੰ ਸਾੜਨ ਲਈ ਮਜਬੂਰ ਨਾ ਹੋਣ, ਪ੍ਰੰਤੂ ਸਰਕਾਰ ਕੇਵਲ ਗਰੀਬ ਅਤੇ ਆਮ ਲੋਕਾਂ ਨੂੰ ਕੁਚਲਣਾ ਚਾਹੁੰਦੀ ਹੈ। ਮੀਟਿੰਗ ਦਰਮਿਆਨ ਕਾਮਰੇਡ ਧਰਮ ਸਿੰਘ ਫੱਕਰ ਦੀ ਬਰਸੀ ਉਹਨਾਂ ਦੇ ਜੱਦੀ ਪਿੰਡ ਦਲੇਲ ਸਿੰਘ ਵਾਲਾ ਵਿਖੇ 30 ਨਵੰਬਰ ਅਤੇ ਬੂਟਾ ਸਿੰਘ ਸਾਬਕਾ ਵਿਧਾਇਕ ਦੀ ਬਰਸੀ 1 ਦਸੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦਾ ਅੰਨਦਾਤਾ ਜੋ ਪੂਰੀ ਦੁਨੀਆ ਦਾ ਢਿੱਡ ਭਰ ਰਿਹਾ ਹੈ, ਉਸ ਨੂੰ ਜ਼ਮੀਨਾਂ ਤੋਂ ਬਾਹਰ ਕਰਕੇ ਉਹਨਾਂ ਨੂੰ ਮਜ਼ਦੂਰ ਬਣਾਉਣ ਜਾ ਰਹੀ ਹੈ। ਇਸ ਸਮੇਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਐਡਵੋਕੇਟ ਰੇਖਾ ਸ਼ਰਮਾ ਨੇ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼ ਬੁਢਲਾਡਾ, ਸੀਤਾ ਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਦਲਜੀਤ ਮਾਨਸ਼ਾਹੀਆ, ਅਰਵਿੰਦਰ ਕੌਰ, ਪੂਰਨ ਸਰਦੂਲਗੜ੍ਹ, ਦਰਸ਼ਨ ਪੰਧੇਰ, ਨਿਰਮਲ ਮਾਨਸਾ, ਰਤਨ ਭੋਲਾ, ਰੂਪ ਢਿੱਲੋਂ, ਭੁਪਿੰਦਰ ਗੁਰਨੇ, ਮਲਕੀਤ ਮੰਦਰਾਂ, ਹਰੀ ਸਿੰਘ ਅੱਕਾਂਵਾਲੀ, ਹਰਮੇਲ ਉੱਭਾ, ਕਿਰਨਾ ਰਾਣੀ ਐਮ.ਸੀ., ਕਰਨੈਲ ਸਿੰਘ ਦਾਤੇਵਾਸ ਆਦਿ ਆਗੂਆਂ ਨੇ ਸੰਬੋਧਨ ਕੀਤਾ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper