Latest News
ਦਲਿਤ ਲਾਈਵਜ਼ ਮੈਟਰ

Published on 30 Oct, 2020 09:50 AM.

ਉਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੀ ਅੱਗ ਬੇਸ਼ੱਕ ਦੇਸ਼ ਵਿੱਚ ਠੰਢੀ ਹੋ ਚੁੱਕੀ ਹੈ, ਪਰ ਇਸ ਕਰੂਰਤਾ ਭਰੇ ਬਲਾਤਕਾਰ ਤੇ ਹੱਤਿਆ ਕਾਂਡ ਨਾਲ ਭਾਰਤ ਵਿੱਚ ਦਲਿਤ ਔਰਤਾਂ ਉੱਤੇ ਹੋ ਰਹੇ ਜਾਤੀਵਾਦੀ ਅੱਤਿਆਚਾਰਾਂ ਵਿਰੁੱਧ ਕੌਮਾਂਤਰੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਉਠ ਖੜ੍ਹੀ ਹੋਈ ਹੈ। ਠਾਕੁਰ ਜਾਤੀ ਦੇ 4 ਮੁਸ਼ਟੰਡਿਆਂ ਵੱਲੋਂ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਸ਼ਾਸਨ ਦੀ ਸ਼ਹਿ ਉੱਤੇ ਪੁਲਸ ਤੰਤਰ ਵੱਲੋਂ ਜਿਸ ਤਰ੍ਹਾਂ ਉੱਚ ਜਾਤੀ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ, ਉਸ ਨੇ ਸਮੁੱਚੇ ਦੇਸ਼ਵਾਸੀਆਂ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਇਸ ਪਸ਼ੂਪੁਣੇ ਵਿਰੁੱਧ ਉੱਠੇ ਵਿਦਰੋਹ ਦੇ ਬਾਵਜੂਦ ਉਤਰ ਪ੍ਰਦੇਸ਼ ਵਿੱਚ ਦਲਿਤ ਔਰਤਾਂ ਵਿਰੁੱਧ ਜਿਨਸੀ ਅਪਰਾਧਾਂ ਦੀਆਂ ਖ਼ਬਰਾਂ ਹਰ ਦਿਨ ਸੁਰਖੀਆਂ ਬਣਦੀਆਂ ਆ ਰਹੀਆਂ ਹਨ। ਦਲਿਤ ਔਰਤਾਂ ਵਿਰੁੱਧ ਸਦੀਆਂ ਪੁਰਾਣੀ ਜਾਤੀਵਾਦੀ ਹਿੰਸਕ ਵਿਵਸਥਾ ਮੌਜੂਦਾ ਹਿੰਦੂਤਵੀ ਹਾਕਮਾਂ ਦੀ ਪੁਸ਼ਤਪਨਾਹੀ ਹੇਠ ਮੁੜ ਤੋਂ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪਿਛਲੇ ਇੱਕ ਮਹੀਨੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਲਿਤ ਔਰਤਾਂ ਨਾਲ ਬਲਾਤਕਾਰ ਤੇ ਹੱਤਿਆਵਾਂ ਦੀਆਂ ਘਟਨਾਵਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਫਾਸ਼ੀਵਾਦੀ ਹਾਕਮਾਂ ਦੀ ਸ਼ਹਿ ਪ੍ਰਾਪਤ ਦਰਿੰਦਿਆਂ ਵੱਲੋਂ ਦਲਿਤ ਔਰਤਾਂ ਵਿਰੁੱਧ ਹੋ ਰਹੇ ਅਣਕਿਆਸੇ ਅਪਰਾਧਾਂ ਵਿਰੁੱਧ ਯੂ ਐੱਸ ਏ, ਕਨੇਡਾ, ਯੂਰਪ, ਬਰਤਾਨੀਆ, ਦੱਖਣੀ ਅਮਰੀਕਾ, ਅਫ਼ਰੀਕਾ ਤੇ ਏਸ਼ੀਆ ਦੇ ਸਿੱਖਿਆ ਸ਼ਾਸਤਰੀਆਂ, ਕਾਰੋਬਾਰੀਆਂ ਤੇ ਬੁੱਧੀਜੀਵੀਆਂ ਨੇ ਭਾਰਤ ਦੇ ਜਨਅੰਦੋਲਨਾਂ ਦੀ ਹਮਾਇਤ ਕਰਦਿਆਂ ਆਪਣੀ ਅਵਾਜ਼ ਬੁਲੰਦ ਕੀਤੀ ਹੈ। ਇੱਕ ਕੌਮਾਂਤਰੀ ਪਟੀਸ਼ਨ ਜਾਰੀ ਕਰਦਿਆਂ ਇਨ੍ਹਾਂ ਹਸਤੀਆਂ ਵੱਲੋਂ ਔਰਤਾਂ ਵਿਰੁੱਧ ਹੋ ਰਹੀਆਂ ਬਰਬਰਤਾ ਭਰੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਸਮਾਜਿਕ ਕਾਰਕੁਨਾਂ ਤੇ ਪੱਤਰਕਾਰਾਂ ਵਿਰੁੱਧ ਹੋ ਰਹੇ ਹਮਲਿਆਂ ਤੇ ਅੰਦੋਲਨਾਂ ਨੂੰ ਕੁਚਲਣ ਲਈ ਹੋ ਰਹੀਆਂ ਕਾਰਵਾਈਆਂ ਨੂੰ ਤੁਰੰਤ ਰੋਕਣ ਲਈ ਕਿਹਾ ਗਿਆ ਹੈ।
ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ, ''ਮੌਜੂਦਾ ਸੱਤਾਧਾਰੀਆਂ ਤੋਂ ਇਨਸਾਫ਼ ਦੀ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਖੁਦ ਜ਼ੋਰਾਵਰਾਂ ਦੇ ਹਿੱਤਾਂ ਦੀ ਪੂਰਤੀ ਲਈ ਕੰਮ ਕਰ ਰਹੇ ਹਨ। ਜੇਕਰ ਅਸੀਂ ਸਹੀ ਅਰਥਾਂ ਵਿੱਚ ਦਲਿਤਾਂ, ਮੁਸਲਮਾਂ, ਆਦਿਵਾਸੀਆਂ ਤੇ ਕਸ਼ਮੀਰੀਆਂ ਲਈ ਨਿਆਂ ਚਾਹੁੰਦੇ ਹਾਂ ਤਾਂ ਸਾਨੂੰ ਭਾਰਤ ਵਿੱਚ ਜਾਤੀ ਪ੍ਰਥਾ ਦੀ ਬਰਬਰਤਾ ਅਤੇ ਹਮਲਾਵਰ ਪੂੰਜੀਵਾਦ ਦੇ ਖਾਤਮੇ ਲਈ ਸੰਘਰਸ਼ ਕਰਨਾ ਪਵੇਗਾ।''
ਇਸ ਪਟੀਸ਼ਨ ਉੱਤੇ 1800 ਹਸਤੀਆਂ ਨੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿੱਚ ਸਿਆਸੀ ਕਾਰਕੁਨ, ਔਰਤ ਜਥੇਬੰਦੀਆਂ, ਪ੍ਰਸਿੱਧ ਦਲਿਤ ਤੇ ਬਲੈਕ ਬੁੱਧੀਜੀਵੀ ਸ਼ਾਮਲ ਹਨ। ਇਸ ਦੇ ਨਾਲ ਬਹੁਤ ਸਾਰੀਆਂ ਕੌਮਾਂਤਰੀ ਸੰਸਥਾਵਾਂ, ਦਲਿਤ ਸਾਲਿਡੈਰਟੀ ਫੋਰਮ ਯੂ ਐੱਸ ਏ, ਨੈਸ਼ਨਲ ਵੀਮੈਨਜ਼ ਸਟੱਡੀਜ਼ ਐਸੋਸੀਏਸ਼ਨ ਤੇ ਵੀਮੈਨਜ਼ ਲੀਗਲ ਐਂਡ ਹਿਊਮਨ ਰਾਈਟਸ ਬਿਊਰੋ ਕਿਊਜ਼ੋਨ ਸਿਟੀ ਨੇ ਵੀ ਇਸ ਪਟੀਸ਼ਨ ਦੀ ਹਮਾਇਤ ਕੀਤੀ ਹੈ। ਕਈ ਨਾਮੀ ਪੱਤਰਕਾਵਾਂ ਤੇ ਸਿੱਖਿਆ ਨਾਲ ਸੰਬੰਧਤ ਰਸਾਲਿਆਂ ਜਿਵੇਂ, ਐਂਟੀਮੋਡ ਫੈਮਨਿਸਟ ਸਟੱਡੀਜ਼ ਅਤੇ ਐਜੀਟੇਟ ਵੀ ਇਸ ਮੁਹਿੰਮ ਦੇ ਹੱਕ ਵਿੱਚ ਖੜ੍ਹੇ ਹੋਏ ਹਨ। ਯੂਨੀਵਰਸਿਟੀ ਆਫ਼ ਮਿਨੀਸੋਟਾ, ਓਹੀਓ ਸਟੇਟ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਮੈਸਾਚੁਸੇਟਸ ਬੋਸਟਨ ਦੇ ਸੈਕਸੁਲਿਟੀ ਸਟੱਡੀਜ਼ ਵਿਭਾਗਾਂ ਦੇ ਮੁਖੀਆਂ ਨੇ ਵੀ ਇਸ ਪਟੀਸ਼ਨ ਉੱਤੇ ਦਸਤਖਤ ਕੀਤੇ ਹਨ।
ਮੌਜੂਦਾ ਸਮੇਂ ਵਿੱਚ ਜਦੋਂ ਯੂ ਐੱਸ ਏ ਵਿੱਚ ਇੱਕ ਸਿਆਹ ਨਾਗਰਿਕ ਜਾਰਜ ਫਲਾਇਡ ਦੀ ਇੱਕ ਪੁਲਸ ਅਧਿਕਾਰੀ ਨੇ ਹੱਤਿਆ ਕਰ ਦਿੱਤੀ ਸੀ ਤਾਂ 'ਬਲੈਕ ਲਾਈਵਜ਼ ਮੈਟਰ' ਅੰਦੋਲਨ ਨੇ ਅਮਰੀਕੀ ਪ੍ਰਸ਼ਾਸ਼ਨ ਨੂੰ ਹਿਲਾ ਕੇ ਰੱਖ ਦਿੱਤਾ ਸੀ, ਹੁਣ ਭਾਰਤ ਵਿੱਚ ਦਲਿਤ ਔਰਤਾਂ ਉੱਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਸੰਸਾਰ ਭਰ ਵਿੱਚ ਲੱਖਾਂ ਲੋਕ ਉੱਠ ਖੜ੍ਹੇ ਹੋਏ ਹਨ। ਭਾਰਤ ਵਿੱਚ ਹਿੰਸਕ ਹਿੰਦੂਤਵੀ ਤਾਕਤਾਂ ਵੱਲੋਂ ਕਾਇਮ ਕੀਤੇ ਗਏ ਪੁਲਸ ਰਾਜ ਅਤੇ ਉਸ ਦੇ ਅਣਮਨੁੱਖੀ ਕਾਰਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਅੱਜ ਦੁਨੀਆ ਭਰ ਵਿੱਚੋਂ ਜ਼ੋਰਦਾਰ ਅਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਇਸ ਪਟੀਸ਼ਨ ਨੇ ਸੰਸਾਰ ਭਰ ਦੇ ਪੀੜਤ ਵਰਗਾਂ ਨੂੰ ਇੱਕਜੁਟਤਾ ਦੇ ਸੂਤਰ ਵਿੱਚ ਬੰਨ੍ਹਣ ਲਈ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਸ ਸਮੇਂ 'ਬਲੈਕ ਲਾਈਵਜ਼ ਮੈਟਰ' ਦੇ ਨਾਲ-ਨਾਲ 'ਦਲਿਤ ਲਾਈਵਜ਼' ਮੈਟਰ 'ਤੇ 'ਮੁਸਲਿਮ ਲਾਈਵਜ਼ ਮੈਟਰ' ਦੇ ਨਾਅਰੇ ਵੀ ਗੂੰਜਣ ਲੱਗੇ ਹਨ। ਪ੍ਰਮੁੱਖ ਬਲੈਕ ਦਾਰਸ਼ਨਿਕ ਅੰਜੇਲਾ ਵਾਈ ਨੇ ਬਲੈਕ ਅਮਰੀਕੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤ ਵਿੱਚ ਦਲਿਤ ਔਰਤਾਂ ਉੱਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਅਵਾਜ਼ ਬੁਲੰਦ ਕਰਨ।
ਪਟੀਸ਼ਨ 'ਤੇ ਦਸਤਖਤ ਕਰਨ ਵਾਲਿਆਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਦਲਿਤ ਔਰਤਾਂ ਦੇ ਬਲਾਤਕਾਰ ਤੇ ਹੱਤਿਆਵਾਂ ਇੱਕ ਤਾਨਾਸ਼ਾਹੀ ਸ਼ਾਸਨ ਦੇ ਲੱਛਣ ਹਨ, ਜੋ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਤੇ ਨਾਗਰਿਕ ਅਜ਼ਾਦੀ ਲਈ ਸਰਗਰਮ ਵਕੀਲਾਂ ਤੇ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਿਹਾ ਹੈ। ਨਾਗਰਿਕ ਸੋਧ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਮੁਸਲਮਾਨਾਂ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਹੈ। ਕੱਟੜ ਹਕੂਮਤੀ ਤੰਤਰ ਦਾ ਜ਼ੁਲਮ ਇਸ ਭਿਆਨਕ ਸੱਚ ਦੀ ਪੁਸ਼ਟੀ ਕਰਦਾ ਹੈ ਕਿ ਭਾਰਤੀ ਸਟੇਟ ਇੱਕ ਹਿੰਸਕ ਹਿੰਦੂਤਵੀ ਤੇ ਜਾਤੀਵਾਦੀ ਵਿਵਸਥਾ ਨੂੰ ਅੱਗੇ ਵਧਾ ਰਹੀ ਹੈ। ਮੌਜੂਦਾ ਫਾਸ਼ੀ ਵਿਵਸਥਾ ਉਨ੍ਹਾਂ ਭਾਈਚਾਰਿਆਂ ਨੂੰ ਆਪਣੀ ਲੁੱਟ, ਬਲਾਤਕਾਰ ਅਤੇ ਅਪਮਾਨ ਦਾ ਨਿਸ਼ਾਨਾ ਬਣਾ ਰਹੀ ਹੈ, ਜਿਹੜੇ ਪਹਿਲਾਂ ਹੀ ਹਾਸ਼ੀਏ 'ਤੇ ਹਨ।
ਅਮਰੀਕਾ ਵਿੱਚ ਜਾਰਜ ਫਲਾਇਡ ਦੀ ਹੱਤਿਆ ਤੇ ਭਾਰਤ ਵਿੱਚ ਦਲਿਤ ਔਰਤਾਂ ਉਪਰ ਅੱਤਿਆਚਾਰਾਂ ਵਿਰੁੱਧ ਅੱਜ ਕੌਮਾਂਤਰੀ ਪੱਧਰ ਉੱਤੇ ਗੁੱਸਾ ਫੈਲਿਆ ਹੋਇਆ ਹੈ। ਸਮੇਂ ਦੀ ਮੰਗ ਹੈ ਕਿ ਅੱਜ ਦੁਨੀਆ ਭਰ ਦੇ ਲੋਕ ਨਸਲਵਾਦੀ ਤੇ ਜਾਤੀਵਾਦੀ ਪਿਤਰੀ ਸੱਤਾ ਦੇ ਖਾਤਮੇ ਲਈ ਇੱਕਜੁੱਟ ਹੋਣ।

764 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper