Latest News
ਢੁਕਵਾਂ ਫੈਸਲਾ

Published on 01 Nov, 2020 09:36 AM.


2016 ਦੀਆਂ ਅਸੰਬਲੀ ਤੇ 2019 ਦੀਆਂ ਲੋਕਸਭਾ ਚੋਣਾਂ ਵਿਚ ਤਾਲਮੇਲ ਨਾ ਕਰਨ ਕਾਰਨ ਹੋਏ ਨੁਕਸਾਨ ਨੂੰ ਮਹਿਸੂਸ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਅਗਲੇ ਸਾਲ ਪੱਛਮੀ ਬੰਗਾਲ ਤੇ ਆਸਾਮ ਦੀਆਂ ਅਸੰਬਲੀ ਚੋਣਾਂ ਕਾਂਗਰਸ ਸਮੇਤ ਹੋਰਨਾਂ ਸਾਰੀਆਂ ਸੈਕੂਲਰ ਪਾਰਟੀਆਂ ਨਾਲ ਆਪਸੀ ਸਮਝਦਾਰੀ ਬਣਾ ਕੇ ਲੜਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਪੋਲਿਟ ਬਿਊਰੋ ਨੇ ਇਸ ਫੈਸਲੇ ਨੂੰ ਪ੍ਰਵਾਨ ਕਰ ਲਿਆ ਸੀ, ਪਰ ਅੰਤਮ ਫੈਸਲਾ ਕੇਂਦਰੀ ਕਮੇਟੀ ਉੱਤੇ ਛੱਡ ਦਿੱਤਾ ਸੀ। ਕੇਂਦਰੀ ਕਮੇਟੀ ਦੀ ਦੋ ਦਿਨਾਂ ਮੀਟਿੰਗ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਐਤਵਾਰ ਦੱਸਿਆ ਕਿ ਪੱਛਮੀ ਬੰਗਾਲ ਵਿਚ ਮਾਰਕਸੀ ਪਾਰਟੀ ਤੇ ਖੱਬਾ ਜਮਹੂਰੀ ਮੁਹਾਜ਼ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਨੂੰ ਹਰਾਉਣ ਲਈ ਕਾਂਗਰਸ ਸਮੇਤ ਸਾਰੀਆਂ ਸੈਕੂਲਰ ਪਾਰਟੀਆਂ ਨਾਲ ਆਪਸੀ ਸਮਝਦਾਰੀ ਬਣਾ ਕੇ ਚੱਲਣਗੇ। 2016 ਦੀਆਂ ਅਸੰਬਲੀ ਚੋਣਾਂ ਵਿਚ ਕੇਂਦਰੀ ਕਮੇਟੀ ਨੇ ਹੋਰਨਾਂ ਸੈਕੂਲਰ ਪਾਰਟੀਆਂ ਨਾਲ ਤਾਲਮੇਲ ਦੇ ਪੱਛਮੀ ਬੰਗਾਲ ਇਕਾਈ ਦੇ ਫੈਸਲੇ ਨੂੰ ਅਪ੍ਰਵਾਨ ਕਰ ਦਿੱਤਾ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਸੀ ਕਿ ਕਾਂਗਰਸ ਨੇ ਤਾਂ 44 ਸੀਟਾਂ ਜਿੱਤ ਲਈਆਂ, ਪਰ ਖੱਬੇ ਮੁਹਾਜ਼ ਨੂੰ ਸਿਰਫ 32 ਸੀਟਾਂ 'ਤੇ ਹੀ ਸਬਰ ਕਰਨਾ ਪਿਆ ਸੀ। ਕੇਂਦਰੀ ਕਮੇਟੀ ਨੇ ਉਦੋਂ ਦਲੀਲ ਦਿੱਤੀ ਸੀ ਕਿ ਪੱਛਮੀ ਬੰਗਾਲ ਇਕਾਈ ਦਾ ਫੈਸਲਾ ਕੇਂਦਰੀ ਕਮੇਟੀ ਦੀ ਇਸ ਸਿਆਸੀ ਦਾਅਪੇਚਕ ਲਾਈਨ ਨਾਲ ਮੇਲ ਨਹੀਂ ਖਾਂਦਾ ਕਿ ਕਾਂਗਰਸ ਨਾਲ ਗਠਜੋੜ ਜਾਂ ਤਾਲਮੇਲ ਨਹੀਂ ਕਰਨਾ। 2019 ਦੀਆਂ ਲੋਕਸਭਾ ਚੋਣਾਂ ਵਿਚ ਹਾਲਾਂਕਿ ਮਾਰਕਸੀ ਪਾਰਟੀ ਤੇ ਹੋਰਨਾਂ ਖੱਬੀਆਂ ਪਾਰਟੀਆਂ ਨੇ ਸਮਝੌਤੇ ਦੀ ਕੋਸ਼ਿਸ਼ ਕੀਤੀ, ਪਰ ਕਾਂਗਰਸ ਨਹੀਂ ਮੰਨੀ। ਇੱਥੇ ਵੀ ਦੋਹਾਂ ਦਾ ਕਾਫੀ ਨੁਕਸਾਨ ਹੋਇਆ। ਉਦੋਂ ਮਾਰਕਸੀ ਪਾਰਟੀ ਦੀ ਕੇਰਲਾ ਇਕਾਈ ਦੀ ਇਹ ਦਲੀਲ ਭਾਰੂ ਹੋ ਗਈ ਸੀ ਕਿ ਪਾਰਟੀ ਲਈ ਇਹ ਠੀਕ ਨਹੀਂ ਹੋਵੇਗਾ ਕਿ ਉਹ ਕੇਰਲਾ ਵਿਚ ਤਾਂ ਕਾਂਗਰਸ ਦੇ ਨਾਲ ਲੜੇ ਤੇ ਪੱਛਮੀ ਬੰਗਾਲ ਵਿਚ ਤਾਲਮੇਲ ਕਰ ਲਵੇ। ਇਸ ਵਾਰ ਦੱਸਿਆ ਜਾਂਦਾ ਹੈ ਕਿ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀ ਦੇ ਮੈਂਬਰ ਸਹਿਮਤ ਹੋ ਗਏ ਕਿ ਪੱਛਮੀ ਬੰਗਾਲ ਵਿਚ ਕਾਂਗਰਸ ਤੇ ਹੋਰਨਾਂ ਸੈਕੂਲਰ ਪਾਰਟੀਆਂ ਨਾਲ ਤਾਲਮੇਲ ਕਰਨਾ ਹੀ ਠੀਕ ਰਹੇਗਾ। ਯੇਚੁਰੀ ਨੇ ਦਲੀਲ ਦਿੱਤੀ ਹੈ ਕਿ ਪੱਛਮੀ ਬੰਗਾਲ ਵਾਲੇ ਤਾਲਮੇਲ ਦਾ ਕੇਰਲਾ ਦੀ ਸਿਆਸਤ ਉੱਤੇ ਅਸਰ ਨਹੀਂ ਪਵੇਗਾ। 2004 ਦੀਆਂ ਲੋਕਸਭਾ ਚੋਣ ਤੋਂ ਪਹਿਲਾਂ ਜਦੋਂ ਪਾਰਟੀ ਨੇ ਐਲਾਨਿਆ ਸੀ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀ ਹਮਾਇਤ ਕੀਤੀ ਜਾਵੇਗੀ ਤਾਂ ਕੇਰਲਾ ਵਿਚ ਖੱਬੇ ਜਮਹੂਰੀ ਮੁਹਾਜ਼ ਨੇ 20 ਵਿੱਚੋਂ 18 ਸੀਟਾਂ ਜਿੱਤ ਲਈਆਂ ਸਨ। ਕੇਰਲਾ ਦੇ ਵੋਟਰ ਬਹੁਤ ਸਿਆਣੇ ਹਨ। ਯੇਚੁਰੀ ਨੇ ਕਿਹਾ ਹੈ ਕਿ ਫਿਰਕੂ ਧਰੁਵੀਕਰਨ ਨੂੰ ਵਧਾਉਣ ਵਾਲੀ, ਸਮਾਜੀ ਇਕਸੁਰਤਾ ਨੂੰ ਢਾਹ ਲਾਉਣ ਵਾਲੀ ਤੇ ਲੋਕਾਂ 'ਤੇ ਮੁਸੀਬਤਾਂ ਦੇ ਭਾਰ ਪਾਉਣ ਵਾਲੀ ਭਾਜਪਾ ਨੂੰ ਹਰਾਉਣ ਲਈ ਪਾਰਟੀ ਨੇ ਹੋਰਨਾਂ ਰਾਜਾਂ ਵਿਚ ਵੀ ਅਜਿਹੇ ਗਠਜੋੜ ਕਰਨ ਦਾ ਫੈਸਲਾ ਕੀਤਾ ਹੈ। ਆਸਾਮ ਵਿਚ ਵੀ ਕਾਂਗਰਸ ਤੇ ਹੋਰਨਾਂ ਸੈਕੂਲਰ ਪਾਰਟੀਆਂ ਨਾਲ ਮਿਲ ਕੇ ਲੜਿਆ ਜਾਵੇਗਾ। ਤਾਮਿਲਨਾਡੂ ਵਿਚ ਉਹ ਡੀ ਐੱਮ ਕੇ ਨਾਲ ਗਠਜੋੜ ਕਰਨਗੇ। ਕੇਰਲਾ ਵਿਚ ਖੱਬਾ ਜਮਹੂਰੀ ਮੁਹਾਜ਼ ਆਪਣੇ ਤੌਰ 'ਤੇ ਲੜਨ ਦੇ ਫੈਸਲੇ 'ਤੇ ਕਾਇਮ ਰਹੇਗਾ।
ਸੈਕੂਲਰ ਤੇ ਜਮਹੂਰੀ ਪਾਰਟੀਆਂ ਦੇ ਇਕ-ਦੂਜੇ ਨਾਲ ਤਾਲਮੇਲ ਨਾ ਕਰਨ ਦਾ ਭਾਜਪਾ ਨੇ ਕਾਫੀ ਫਾਇਦਾ ਉਠਾਇਆ ਹੈ ਤੇ ਉਹ ਇਨ੍ਹਾਂ ਦੀਆਂ ਵੋਟਾਂ ਵੰਡੀਆਂ ਜਾਣ ਕਾਰਨ ਲਗਾਤਾਰ ਦੂਜੀ ਵਾਰ ਕੇਂਦਰੀ ਸੱਤਾ ਉੱਤੇ ਕਾਬਜ਼ ਹੋਣ ਵਿਚ ਕਾਮਯਾਬ ਰਹੀ ਹੈ। ਕਈ ਰਾਜਾਂ ਵਿਚ ਸੈਕੂਲਰ ਤੇ ਜਮਹੂਰੀ ਪਾਰਟੀਆਂ ਨੇ ਉਸ ਦੀਆਂ ਪਿਛਲੱਗ ਬਣ ਕੇ ਵੀ ਉਸ ਨੂੰ ਕਈ ਰਾਜਾਂ ਵਿਚ ਸੱਤਾ ਵਿਚ ਆਉਣ 'ਚ ਮਦਦ ਕੀਤੀ ਹੈ। ਬਸਪਾ ਤਾਂ ਅਜੇ ਵੀ ਸਮਾਜਵਾਦੀ ਪਾਰਟੀ ਨਾਲ ਦੁਸ਼ਮਣੀ ਪੁਗਾਉਣ ਲਈ ਭਾਜਪਾ ਦੀ ਹਮਾਇਤ ਕਰਨ ਦਾ ਐਲਾਨ ਕਰ ਰਹੀ ਹੈ। ਅਜਿਹੀ ਸੋਚ ਦਾ ਨਤੀਜਾ ਸਿਰਫ ਤੇ ਸਿਰਫ ਭਾਜਪਾ ਦੇ ਤਕੜੀ ਹੋਣ ਤੇ ਲੋਕਾਂ ਉੱਤੇ ਜ਼ੁਲਮ ਵਧਣ ਵਿਚ ਹੀ ਨਿਕਲਣਾ ਹੈ। ਜਿਵੇਂ ਖੱਬੀਆਂ ਪਾਰਟੀਆਂ ਨੇ ਪੱਛਮੀ ਬੰਗਾਲ ਤੇ ਆਸਾਮ ਦੇ ਸੰਬੰਧ ਵਿਚ ਪਹਿਲ ਕੀਤੀ ਹੈ। ਹੋਰਨਾਂ ਰਾਜਾਂ ਵਿਚ ਸਰਗਰਮ ਖੱਬੀਆਂ, ਜਮਹੂਰੀ ਤੇ ਸੈਕੂਲਰ ਪਾਰਟੀਆਂ ਨੂੰ ਵੀ ਹੁਣ ਤੋਂ ਹੀ ਤਾਲਮੇਲ ਬਿਠਾ ਕੇ ਚੱਲਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਅਜਿਹਾ ਏਕਾ ਹੀ ਭਾਜਪਾ ਨੂੰ ਭਾਂਜ ਦੇ ਸਕਦਾ ਹੈ। ਲੀਡਰਾਂ ਦੇ ਹਊਮੈ ਨੇ ਹਮੇਸ਼ਾ ਲੋਕਾਂ ਦਾ ਨੁਕਸਾਨ ਹੀ ਕੀਤਾ ਹੈ।

819 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper