Latest News
ਮੋਦੀ ਦੀ ਅਸਲ ਚਿੰਤਾ

Published on 02 Nov, 2020 10:33 AM.


ਇਸ ਸਮੇਂ ਦੋ ਚੋਣਾਂ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਮਘ ਚੁੱਕਾ ਹੈ। ਸ਼ੁਰੂ ਵਿੱਚ ਇਹ ਕਿਆਫ਼ੇ ਲਾਏ ਜਾ ਰਹੇ ਸਨ ਕਿ ਜੇ ਡੀ ਯੂ ਤੇ ਭਾਜਪਾ ਦੇ ਗਠਜੋੜ ਦਾ ਹੱਥ ਉਪਰ ਹੈ, ਪਰ ਇਸ ਸਮੇਂ ਮਹਾਂਗਠਜੋੜ ਨੇ ਫਸਵੀਂ ਟੱਕਰ ਬਣਾ ਦਿੱਤੀ ਹੈ ਤੇ ਦਿਨੋ-ਦਿਨ ਉਸ ਦੀ ਚੜ੍ਹਾਈ ਦੀਆਂ ਖ਼ਬਰਾਂ ਆ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਗਠਜੋੜ ਜੇਕਰ ਹਾਰ ਵੀ ਜਾਂਦਾ ਹੈ ਤਾਂ ਇਸ ਦਾ ਮੋਦੀ ਦੀ ਸਿਹਤ 'ਤੇ ਬਹੁਤਾ ਅਸਰ ਪੈਣ ਵਾਲਾ ਨਹੀਂ, ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਤੱਕ ਪੁਲਾਂ ਹੇਠੋਂ ਬਥੇਰਾ ਪਾਣੀ ਲੰਘ ਚੁੱਕਾ ਹੋਣਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤੀ ਚਿੰਤਾ ਧਰਤੀ ਦੇ ਦੂਸਰੇ ਸਿਰੇ ਉੱਤੇ ਯੂ ਐੱਸ ਏ ਵਿੱਚ ਹੋ ਰਹੀਆਂ ਚੋਣਾਂ ਦੀ ਰਹਿੰਦੀ ਹੈ। ਜਦੋਂ ਇਹ ਸਤਰਾਂ ਪਾਠਕਾਂ ਸਾਹਮਣੇ ਹੋਣਗੀਆਂ, ਅਮਰੀਕਾ ਵਿੱਚ ਵੋਟਾਂ ਪੈ ਚੁੱਕੀਆਂ ਹੋਣਗੀਆਂ।
ਪੰਜਾਬੀ ਦੀ ਇੱਕ ਕਹਾਵਤ ਹੈ ਕਿ 'ਝੋਟਾ ਮਰ ਗਿਆ ਤਾਂ ਜੂੰਆਂ ਆਪੇ ਮਰ ਜਾਣਗੀਆਂ।' ਇਹੋ ਡਰ ਹੀ ਮੋਦੀ ਸਮੇਤ ਦੁਨੀਆ ਦੇ ਸਭ ਫਾਸ਼ਿਸਟ ਵਿਚਾਰਧਾਰਾ ਵਾਲੇ ਹਾਕਮਾਂ ਨੂੰ ਸਤਾ ਰਿਹਾ ਹੈ ਕਿ ਜੇਕਰ ਅਮਰੀਕੀ ਚੋਣਾਂ ਵਿੱਚ ਫਾਸ਼ਿਸਟਾਂ ਦਾ ਚੌਧਰੀ ਡੋਨਾਲਡ ਟਰੰਪ ਹਾਰ ਗਿਆ ਤਾਂ ਸਾਡੀ ਗੱਦੀ ਨੂੰ ਠੁੰਮ੍ਹਣਾ ਦੇਣ ਵਾਲਾ ਕੋਈ ਨਹੀਂ ਰਹਿਣਾ। ਇਸੇ ਕਾਰਨ ਹੀ ਨਰਿੰਦਰ ਮੋਦੀ ਪਿਛਲੇ ਇੱਕ ਸਾਲ ਤੋਂ ਟਰੰਪ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਲੜਦਾ ਆ ਰਿਹਾ ਹੈ। ਅਮਰੀਕਾ ਵਿੱਚ ਜਾ ਕੇ ''ਹਾਊਡੀ ਮੋਦੀ'' ਪ੍ਰੋਗਰਾਮ ਵਿੱਚ ਭਾਰਤੀ ਅਮਰੀਕੀਆਂ ਦੀ ਭੀੜ ਇਕੱਠੀ ਕਰਕੇ ਸੰਸਾਰਕ ਭਾਈਚਾਰਕ ਸਦਾਚਾਰ ਨੂੰ ਵੀ ਛਿੱਕੇ ਟੰਗਦਿਆਂ ਟਰੰਪ ਲਈ ਵੋਟਾਂ ਦੀ ਅਪੀਲ ਕੀਤੀ ਗਈ ਤੇ ਫਿਰ ਜਦੋਂ ਭਾਰਤ ਵਿੱਚ ਕੋਰੋਨਾ ਦਾ ਹਮਲਾ ਸ਼ੁਰੂ ਹੋ ਚੁੱਕਾ ਸੀ ਤਾਂ ਟਰੰਪ ਨੂੰ ਸੱਦ ਕੇ 'ਨਮਸਤੇ ਟਰੰਪ' ਵਿੱਚ ਲੱਖਾਂ ਲੋਕਾਂ ਦਾ ਇਕੱਠ ਕਰਕੇ ਟਰੰਪ ਦੀ ਸ਼ਾਨ ਵਿੱਚ ਕਸੀਦੇ ਪੜ੍ਹੇ ਗਏ। ਸਾਡੇ ਸਮੁੱਚੇ ਦੇਸ਼ ਵਾਸੀਆਂ ਨੂੰ ਮੋਦੀ ਦੀ ਇਸ ਕੁਤਾਹੀ ਦਾ ਕੋਰੋਨਾ ਮਹਾਂਮਾਰੀ ਦੇ ਫੈਲਾਅ ਦੇ ਰੂਪ ਵਿੱਚ ਨਤੀਜਾ ਭੁਗਤਣਾ ਪਿਆ ਤੇ ਲੰਮੇ ਲਾਕਡਾਊਨ ਦੀਆਂ ਪਾਬੰਦੀਆਂ ਝੱਲਣ ਲਈ ਮਜਬੂਰ ਹੋਣਾ ਪਿਆ।
ਸੋਵੀਅਤ ਯੂਨੀਅਨ ਦੇ ਸਮਿਆਂ ਅਨੁਸਾਰ ਇੱਕ ਵਾਰ ਫਿਰ ਦੁਨੀਆ ਦੀਆਂ ਦੋ ਤਾਕਤਾਂ ਵਿੱਚ ਸੀਤ ਯੁੱਧ ਚੱਲ ਰਿਹਾ ਹੈ। ਇੱਕ ਪਾਸੇ ਅਮਰੀਕਾ ਤੇ ਉਸ ਦੇ ਪਿਛਲੱਗ ਦੇਸ਼ ਹਨ ਤੇ ਦੂਜੇ ਪਾਸੇ ਚੀਨ ਤੇ ਰੂਸ ਦੀ ਅਗਵਾਈ ਵਿੱਚ ਇੱਕ ਮਜ਼ਬੂਤ ਧਿਰ ਬਣ ਚੁੱਕੀ ਹੈ। ਕੋਰੋਨਾ ਕਾਲ ਵਿੱਚ ਡੋਨਾਲਡ ਟਰੰਪ ਦੀਆਂ ਲੱਚਰ ਨੀਤੀਆਂ ਕਾਰਨ ਅਮਰੀਕਾ ਸੰਸਾਰਕ ਚੌਧਰਪੁਣੇ ਵਿੱਚ ਚੀਨ ਤੋਂ ਪੱਛੜ ਰਿਹਾ ਹੈ। ਪੱਛਮੀ ਸਾਮਰਾਜੀ ਸੰਸਾਰ ਵਿੱਚ ਟਰੰਪ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ। ਆਪਣੀ ਹਰ ਨਾਕਾਮੀ ਨੂੰ ਚੀਨ ਦੇ ਸਿਰ ਮੜ੍ਹ ਕੇ ਟਰੰਪ ਆਪਣੇ ਉੱਖੜ ਰਹੇ ਪੈਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਉੱਤਰੀ ਕੋਰੀਆ ਤੇ ਈਰਾਨ ਦੇ ਪ੍ਰਮਾਣੂ ਬੰਬਾਂ ਦੀ ਦੁਹਾਈ ਪੈਣੀ ਬੰਦ ਹੋ ਚੁੱਕੀ ਹੈ। ਮੁਸਲਿਮ ਦੇਸ਼ਾਂ ਵਿਚਲੇ ਕੱਟੜ ਅੱਤਵਾਦੀ ਸਰਗਣਿਆਂ ਦੀ ਵੀ ਚਿੰਤਾ ਮੁੱਕ ਚੁੱਕੀ ਹੈ। ਅਜਿਹੇ ਵਿੱਚ ਡੋਨਾਲਡ ਟਰੰਪ ਨੂੰ ਸਹਾਰਾ ਦੇਣ ਲਈ ਭਾਰਤੀ ਹਾਕਮ ਪੱਬਾਂ ਭਾਰ ਹੋਏ ਲੱਭਦੇ ਹਨ। ਭਾਰਤ-ਚੀਨ ਦੇ ਹਾਲੀਆ ਸਰਹੱਦੀ ਝਗੜੇ ਨੇ ਡੋਨਾਲਡ ਟਰੰਪ ਨੂੰ ਕਾਫ਼ੀ ਰਾਹਤ ਪੁਚਾਈ ਹੈ। ਸਾਡੇ ਸਾਰੇ ਗੁਆਂਢੀ ਦੇਸ਼ ਇਸ ਸਮੇਂ ਚੀਨ ਦੀ ਦੋਸਤੀ ਦਾ ਦਮ ਭਰਦੇ ਹਨ। ਅਮਰੀਕਾ ਦਾ ਦਹਾਕਿਆਂ ਦਾ ਸਾਥੀ ਪਾਕਿਸਤਾਨ ਵੀ ਚੀਨ ਦੇ ਵੱਧ ਨੇੜੇ ਜਾ ਚੁੱਕਾ ਹੈ। ਇਸ ਮੌਕੇ ਉੱਤੇ ਅਮਰੀਕਾ ਨੂੰ ਇਸ ਖਿੱਤੇ ਵਿੱਚ ਭਾਰਤ ਤੋਂ ਹੀ ਉਮੀਦਾਂ ਬਚੀਆਂ ਸਨ। ਭਾਰਤੀ ਹਾਕਮਾਂ ਲਈ ਆਪਣੇ ਪੁਰਾਣੇ ਮਿੱਤਰ ਰੂਸ ਨੂੰ ਛੱਡ ਨੇ ਅਮਰੀਕਾ ਵਲ ਕੂਹਣੀ ਮੋੜ ਕੱਟਣਾ ਔਖਾ ਸੀ। ਇਹ ਕੰਮ ਚੀਨ ਨਾਲ ਵਧੇ ਸਰਹੱਦੀ ਝਗੜੇ ਨੇ ਸੌਖਾ ਕਰ ਦਿੱਤਾ। ਗਲਵਾਨ ਘਾਟੀ ਵਿੱਚ ਸਾਡੇ ਵੀਹ ਜਵਾਨ ਸ਼ਹੀਦ ਹੋ ਗਏ, ਪਰ ਮੋਦੀ ਕਹਿੰਦਾ ਰਿਹਾ ਕਿ ਉਥੇ ਕੋਈ ਘੁਸਪੈਠੀਆ ਆਇਆ ਹੀ ਨਹੀਂ। ਇਹ ਸਵਾਲ ਅਣਸੁਲਝਿਆ ਰਹੇਗਾ ਕਿ ਕੀ ਇਸ ਝਗੜੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਸੀ।
ਇਸੇ ਦੌਰਾਨ 27 ਅਕਤੂਬਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦਿੱਲੀ ਆਣ ਪਧਾਰੇ ਤੇ ਆਪਣੇ ਭਾਰਤੀ ਹਮਰੁਤਬਾ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਆ ਗਿਆ ਕਿ ਭਾਰਤ ਤੇ ਅਮਰੀਕਾ ਇਕ ਖੁਫ਼ੀਆ ਸਮਝੌਤੇ ਉੱਤੇ ਦਸਤਖਤ ਕਰਨ ਲਈ ਤਿਆਰ ਹੋ ਗਏ ਹਨ। ਇਹ ਸਮਝੌਤਾ ਕਿਹੋ ਜਿਹਾ ਹੋਵੇਗਾ, ਇਸ ਬਾਰੇ ਸਰਕਾਰੀ ਤੌਰ ਉੱਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ, ਗੋਦੀ ਮੀਡੀਆ ਦੇ ਸ਼ੋਰ-ਸ਼ਰਾਬੇ ਵਿੱਚੋਂ ਜੋ ਗੱਲ ਛਣ ਕੇ ਬਾਹਰ ਆਈ ਹੈ, ਉਸ ਮੁਤਾਬਕ ਦੋਵੇਂ ਦੇਸ਼ ਇੱਕ-ਦੂਜੇ ਨਾਲ ਸਥਾਨਕ ਨਕਸ਼ੇ ਤੇ ਉਪਗ੍ਰਹਿ ਚਿੱਤਰ ਸਾਂਝੇ ਕਰਨਗੇ, ਜਿਸ ਨਾਲ ਭਾਰਤ ਨੂੰ ਵੈਰੀ ਦੇਸ਼ਾਂ ਵਿੱਚ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹੇਗੀ, ਪ੍ਰੰਤੂ ਇਸ ਦੇ ਉਲਟ ਫੌਜੀ ਰੱਖਿਆ ਦੀ ਰਾਏ ਹੈ ਕਿ ਇਸ ਸਮਝੌਤੇ ਨਾਲ ਅਮਰੀਕਾ ਦੀ ਸਾਡੇ ਰੱਖਿਆ ਤੰਤਰ ਤੇ ਮਹੱਤਵਪੂਰਨ ਤਕਨੀਕੀ ਕੇਂਦਰ ਤੱਕ ਪਹੁੰਚ ਅਸਾਨ ਹੋ ਜਾਵੇਗੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਭਾਰਤ ਦੀ ਸਥਿਤੀ ਅਮਰੀਕਾ ਦੇ ਫ਼ੌਜੀ ਅੱਡੇ ਵਰਗੀ ਹੋ ਜਾਵੇਗੀ। ਇਹ ਕੋਈ ਲੁਕੀ-ਛਿਪੀ ਹੋਈ ਗੱਲ ਨਹੀਂ ਕਿ ਹਰ ਸਮਝੌਤਾ ਭਾਵੇਂ ਉਹ ਬਰਾਬਰੀ 'ਤੇ ਅਧਾਰਤ ਹੋਵੇ, ਉਸ ਦਾ ਪੱਲੜਾ ਜ਼ੋਰਾਵਰ ਵੱਲ ਹੀ ਝੁਕਦਾ ਹੈ, ਪਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਇਹ ਸਮਝੌਤਾ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਇਸ ਲਈ ਕੀਤਾ ਗਿਆ ਹੈ ਤਾਂ ਜੋ ਟਰੰਪ ਦੇ ਹੱਕ ਵਿੱਚ ਹਵਾ ਬੰਨ੍ਹੀ ਜਾ ਸਕੇ ਤੇ ਉਹ ਕਹਿ ਸਕੇ ਕਿ ਚੀਨ ਨੂੰ ਨੱਥ ਪਾਉਣ ਲਈ ਮੈਂ ਭਾਰਤ ਨੂੰ ਆਪਣੇ ਨਾਲ ਜੋੜ ਲਿਆ ਹੈ। ਸਾਡੇ ਹਾਕਮਾਂ ਦੀ ਬੇਸ਼ਰਮੀ ਦੀ ਵੀ ਕੋਈ ਹੱਦ ਨਹੀਂ, ਪਹਿਲਾਂ ਟਰੰਪ ਨੇ ਕਿਹਾ ਕਿ ਭਾਰਤ ਕੋਰੋਨਾ ਬਾਰੇ ਅੰਕੜੇ ਲੁਕਾ ਰਿਹਾ ਹੈ, ਫਿਰ ਵੀਜ਼ੇ ਵਿੱਚ ਅੜਿੱਕਾ ਲਾਇਆ ਤੇ ਹੁਣ ਭਾਰਤ ਨੂੰ ਗੰਦਾ ਦੇਸ਼ ਕਿਹਾ, ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਚੁੱਪ ਕੀਤੇ ਟਰੰਪ ਦੀ ਪਿਛਲੱਗ ਬਣੀ ਹੋਈ ਹੈ।
ਅਸਲ ਵਿੱਚ ਸਾਡੇ ਹਾਕਮਾਂ ਨੂੰ ਦੇਸ਼ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ। ਉਹ ਇਹ ਵੀ ਜਾਣਦੇ ਹਨ ਕਿ ਚੋਣਾਂ ਵਿੱਚ ਜੇ ਟਰੰਪ ਹਾਰ ਜਾਂਦਾ ਹੈ ਤਾਂ ਇਸ ਸਮਝੌਤੇ ਬਾਰੇ ਨਵੇਂ ਹਾਕਮ ਕੀ ਰੁਖ ਅਖਤਿਆਰ ਕਰਦੇ ਹਨ, ਕੋਈ ਪਤਾ ਨਹੀਂ। ਸਾਨੂੰ ਯਾਦ ਹੋਵੇਗਾ 2016 ਵਿੱਚ ਵੀ ਭਾਰਤ ਨੇ ਓਬਾਮਾ ਨਾਲ ਜਲਵਾਯੂ ਸਮਝੌਤੇ ਉਤੇ ਦਸਤਖਤ ਕੀਤੇ ਸਨ, ਪਰ ਟਰੰਪ ਨੇ ਜਿੱਤਦਿਆਂ ਹੀ ਉਸ ਉੱਤੇ ਕਾਟਾ ਮਾਰ ਦਿੱਤਾ ਸੀ। ਟਰੰਪ ਦੀ ਇਸ ਕਰਤੂਤ ਕਾਰਨ ਭਾਰਤ ਨੂੰ ਮਿਲਣ ਵਾਲੀ ਅਰਬਾਂ ਡਾਲਰਾਂ ਦੀ ਸਹਾਇਤਾ ਉੱਤੇ ਪਾਣੀ ਫਿਰ ਗਿਆ ਸੀ। ਸਪੱਸ਼ਟ ਹੈ ਕਿ ਇਹ ਸਾਰਾ ਸਮਝੌਤਾ ਜੁਗਾੜ 19 ਲੱਖ ਭਾਰਤੀਆਂ ਦੀਆਂ ਵੋਟਾਂ ਨੂੰ ਟਰੰਪ ਦੇ ਹੱਕ ਵਿੱਚ ਭੁਗਤਾਉਣ ਲਈ ਕੀਤਾ ਗਿਆ ਹੈ। ਇਸ ਵਿੱਚ ਟਰੰਪ-ਮੋਦੀ ਜੋੜੀ ਕਿੰਨੀ ਸਫ਼ਲ ਰਹੀ, ਇਹ ਆਉਂਦੇ ਦਿਨੀਂ ਆਉਣ ਵਾਲੇ ਚੋਣ ਨਤੀਜਿਆਂ ਤੋਂ ਸਾਹਮਣੇ ਆ ਜਾਵੇਗਾ, ਪਰ ਹਾਲ ਦੀ ਘੜੀ ਇਹੋ ਕਿਹਾ ਜਾਵੇਗਾ ਕਿ ਭਾਰਤੀ ਹਾਕਮਾਂ ਨੇ ਦੇਸ਼ ਦੀ ਪ੍ਰਭੂਸੱਤਾ ਨੂੰ ਅਮਰੀਕਾ ਕੋਲ ਗਹਿਣੇ ਪਾ ਦਿੱਤਾ ਹੈ।
-ਚੰਦ ਫਤਿਹਪੁਰੀ

876 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper