Latest News
ਪਾਣੀ ਪੈਰੋਂ ਨਿਕਲ ਚੱਲਿਆ

Published on 03 Nov, 2020 10:32 AM.


ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਜੈਪੁਰ ਤੇ ਦਿੱਲੀ ਦੇਸ਼ ਦੇ ਉਨ੍ਹਾਂ 31 ਸ਼ਹਿਰਾਂ ਵਿਚ ਸ਼ਾਮਲ ਹਨ, ਜਿਥੇ ਆਉਂਦੇ ਕੁਝ ਦਹਾਕਿਆਂ ਵਿਚ ਜ਼ਬਰਦਸਤ ਪਾਣੀ ਸੰਕਟ ਪੈਦਾ ਹੋਵੇਗਾ। ਇਹ ਇੰਕਸ਼ਾਫ ਵਰਲਡਵਾਈਡ ਫੰਡ ਫਾਰ ਨੇਚਰ'ਜ਼ ਵਾਟਰ ਰਿਸਕ ਫਿਲਟਰ ਨਾਂਅ ਦੀ ਜਥੇਬੰਦੀ ਨੇ ਸੋਮਵਾਰ ਜਾਰੀ ਕੀਤੀ ਆਪਣੀ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਵਿਚ ਖਬਰਦਾਰ ਕੀਤਾ ਗਿਆ ਹੈ ਕਿ ਜੇ ਜ਼ਰੂਰੀ ਕਦਮ ਨਾ ਚੁੱਕੇ ਗਏ ਤੇ ਵਾਤਾਵਰਣ ਨਾਲ ਖਿਲਵਾੜ ਕੀਤਾ ਜਾਂਦਾ ਰਿਹਾ ਤਾਂ ਦੁਨੀਆ ਦੇ ਕਈ ਸ਼ਹਿਰਾਂ ਦੇ ਕਰੋੜਾਂ ਲੋਕਾਂ ਨੂੰ ਯਕਦਮ ਗੰਭੀਰ ਪਾਣੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਇਹ ਜਥੇਬੰਦੀ ਕਈ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਵਿਸ਼ਲੇਸ਼ਣ ਕਰਦੀ ਹੈ, ਜਿਵੇਂ ਬੰਜਰ ਧਰਤੀ, ਪਾਣੀ ਦਾ ਡਿੱਗਦਾ ਪੱਧਰ, ਪ੍ਰਦੂਸ਼ਣ, ਵਾਤਾਵਰਣ ਵਿਚ ਤਬਦੀਲੀ ਆਦਿ। ਇਸ ਦਾ ਕਹਿਣਾ ਹੈ ਕਿ 2050 ਤੱਕ ਉੱਤਰ-ਪੱਛਮ ਅਤੇ ਹੇਠਲੇ ਇਲਾਕਿਆਂ ਸਮੇਤ ਭਾਰਤ ਦੇ ਕਈ ਹਿੱਸੇ ਅਤਿਅੰਤ ਪਾਣੀ ਸੰਕਟ ਵਿਚੋਂ ਲੰਘਣਗੇ। ਇਸ ਦਾ ਕਾਰਨ ਹੋਵੇਗਾ—ਜੰਗਲਾਂ ਦਾ ਛਾਂਗਾ, ਜ਼ਮੀਨ ਦਾ ਖੁਰਨਾ, ਘਾਹ ਦੀ ਲੋੜੋਂ ਵੱਧ ਕਟਾਈ, ਮਾਰੂਥਲ, ਸਨਅਤਾਂ ਤੇ ਮੋਟਰ-ਗੱਡੀਆਂ ਦਾ ਪ੍ਰਦੂਸ਼ਣ, ਪਾਣੀ ਦਾ ਗੰਦਾ ਹੋਣ ਅਤੇ ਖੇਤੀਬਾੜੀ ਲਈ ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਜਥੇਬੰਦੀ ਦੇ ਭਾਰਤ ਲਈ ਪ੍ਰੋਗਰਾਮ ਡਾਇਰੈਕਟਰ ਸੇਜਲ ਵੋਰ੍ਹਾ ਮੁਤਾਬਕ ਭਾਰਤ ਦਾ ਵਾਤਾਵਰਣ ਭਵਿੱਖ ਵਿਚ ਸ਼ਹਿਰਾਂ ਤੋਂ ਹੀ ਪਰਖਿਆ ਜਾਣਾ ਹੈ, ਕਿਉਂਕਿ ਲੋਕ ਤੇਜ਼ੀ ਨਾਲ ਸ਼ਹਿਰਾਂ ਵੱਲ ਵਹੀਰਾਂ ਘੱਤ ਰਹੇ ਹਨ।
ਜਥੇਬੰਦੀ ਨੇ ਸ਼ਹਿਰਾਂ ਵਿਚ ਵਰਤਮਾਨ ਸੰਕਟ ਅਤੇ 2050 ਤੱਕ ਪੈਦਾ ਹੋਣ ਵਾਲੀ ਸਥਿਤੀ ਬਾਰੇ ਦੱਸਿਆ ਹੈ, ਜਿਸ ਮੁਤਾਬਕ ਤਿੰਨ ਦਹਾਕਿਆਂ ਵਿਚ ਭਾਰਤੀ ਸ਼ਹਿਰਾਂ ਨੂੰ ਅਤਿਅੰਤ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਇਸ ਨੇ ਇਕ ਤੋਂ ਪੰਜ ਨੁਕਤਿਆਂ ਤੱਕ ਦੇ ਸਕੇਲ ਦੇ ਹਿਸਾਬ ਨਾਲ ਦੱਸਿਆ ਹੈ ਕਿ ਤੀਜੇ ਨੁਕਤੇ ਦਾ ਮਤਲਬ ਗੰਭੀਰ ਸੰਕਟ ਤੇ ਚੌਥੇ ਨੁਕਤੇ ਦਾ ਮਤਲਬ ਬਹੁਤ ਗੰਭੀਰ ਸੰਕਟ ਹੈ। ਦੇਸ਼ ਦੇ 31 ਸ਼ਹਿਰਾਂ ਵਿਚੋਂ 26 ਚੌਥੇ ਨੁਕਤੇ 'ਤੇ ਪੁੱਜ ਚੁੱਕੇ ਹਨ। ਮਤਲਬ ਬਹੁਤ ਗੰਭੀਰ ਸੰਕਟ ਵਿਚੋਂ ਲੰਘ ਰਹੇ ਹਨ। ਸੰਕਟ ਵਿਚ 2050 ਤਕ ਕਿੰਨੇ ਫੀਸਦੀ ਦੀ ਦਰ ਨਾਲ ਵਾਧਾ ਹੋਣਾ ਹੈ, ਉਸ ਹਿਸਾਬ ਨਾਲ ਮਿਸਰ ਦਾ ਅਲੈਗਜ਼ੈਂਦਰੀਆ 16 ਫੀਸਦੀ ਨਾਲ ਸਭ ਤੋਂ ਅੱਗੇ ਹੈ। ਉਸ ਤੋਂ ਬਾਅਦ ਮੱਕਾ ਤੇ ਚੀਨ ਦਾ ਤੰਗਸ਼ਾਨ (15-15 ਫੀਸਦੀ) ਆਉਂਦੇ ਹਨ। ਭਾਰਤ ਦਾ ਜੈਪੁਰ 11 ਫੀਸਦੀ ਤੇ ਇੰਦੌਰ 10 ਫੀਸਦੀ ਦੇ ਹਿਸਾਬ ਨਾਲ ਅਤਿਅੰਤ ਗੰਭੀਰ ਸੰਕਟ ਵੱਲ ਵਧਣਗੇ। ਪ੍ਰੋਜੈਕਟ ਦੇ ਕੌਮਾਂਤਰੀ ਮੋਹਰੀ ਅਰੀਏਨ ਲੈਪੋਰਤੇ-ਬਿਸਕਿਤ ਮੁਤਾਬਕ ਸਕੇਲ ਦੇ ਹਿਸਾਬ ਨਾਲ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਸ਼ਹਿਰਾਂ ਵਿਚ ਸੰਕਟ ਵਧਣ ਦਾ ਅੰਕੜਾ ਰਿਪੋਰਟ ਵਿਚ ਜ਼ਿਆਦਾ ਇਸ ਕਰਕੇ ਨਹੀਂ ਦਿਖਾਇਆ ਗਿਆ ਹੈ, ਕਿਉਂਕਿ ਉਹ ਪਹਿਲਾਂ ਹੀ ਹੱਦਾਂ ਟੱਪ ਚੁੱਕੇ ਹਨ। ਮਿਸਾਲ ਵਜੋਂ ਲੁਧਿਆਣਾ 5 ਵਿਚੋਂ 4.9 'ਤੇ ਪਹਿਲਾਂ ਹੀ ਪੁੱਜ ਚੁੱਕਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ 4.7 ਤੇ ਚੰਡੀਗੜ੍ਹ 4.8 'ਤੇ ਪੁੱਜ ਚੁੱਕੇ ਹਨ। ਹਰੇ ਇਨਕਲਾਬ ਤੋਂ ਬਾਅਦ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਜਿੰਨਾ ਥੱਲੇ ਜਾ ਚੁੱਕਾ ਹੈ, ਸਬਮਰਸੀਬਲ ਪੰਪ ਲਾਉਣ ਵਾਲਿਆਂ ਨੂੰ ਇਸ ਦਾ ਭਲੀਭਾਂਤ ਅਹਿਸਾਸ ਹੈ। ਪਾਣੀ ਦੇ ਇਸ ਸੰਕਟ ਨਾਲ ਨਿੱਜੀ ਜਾਂ ਗੈਰ-ਸਰਕਾਰੀ ਜਥੇਬੰਦੀਆਂ ਦੇ ਹੰਭਲਿਆਂ ਨਾਲ ਨਹੀਂ ਨਜਿੱਠਿਆ ਜਾਣਾ। ਸਰਕਾਰਾਂ ਨੂੰ ਹੀ ਵੱਡੇ ਹੰਭਲੇ ਮਾਰਨੇ ਪੈਣੇ ਹਨ। ਪੰਜਾਬ ਸਰਕਾਰ ਨੇ ਵੱਡੇ ਸ਼ਹਿਰਾਂ ਵਿਚ ਦਰਿਆਈ ਪਾਣੀ ਮੁਹੱਈਆ ਕਰਨ ਲਈ ਪ੍ਰੋਜੈਕਟ ਤਾਂ ਬਣਾਇਆ ਹੈ, ਪਰ ਇਸ ਦੇ ਮੁਕੰਮਲ ਹੋਣ ਬਾਰੇ ਕੁਝ ਨਹੀਂ ਕਹਿ ਸਕਦੇ। ਸਰਕਾਰ ਧਾਰਮਕ ਤਿੱਥਾਂ ਦੇ ਹਿਸਾਬ ਨਾਲ ਸਮਾਗਮ ਸਿਰੇ ਲਾਉਣ ਲਈ ਤਾਂ ਪੱਬਾਂ ਭਾਰ ਹੋਈ ਰਹਿੰਦੀ ਹੈ, ਪਰ ਬਾਬਾ ਨਾਨਕ ਵੱਲੋਂ ਪੰਜ ਸਦੀਆਂ ਪਹਿਲਾਂ ਪਾਣੀ ਨੂੰ ਪਿਤਾ ਸਮਾਨ ਦੱਸਣ ਦੀ ਮੱਤ ਮੁਤਾਬਕ ਚੱਲਣ ਵਿਚ ਯਕੀਨ ਨਹੀਂ ਰੱਖਦੀ।

860 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper