Latest News
ਕੇਂਦਰ ਪੰਜਾਬ ਦਾ ਸਬਰ ਨਾ ਪਰਖੇ

Published on 04 Nov, 2020 10:12 AM.


ਪੰਜਾਬ ਇਸ ਸਮੇਂ ਗੰਭੀਰ ਬਿਜਲੀ ਸੰਕਟ ਵੱਲ ਵਧ ਰਿਹਾ ਹੈ। ਇੱਕ ਮਹੀਨੇ ਤੋਂ ਮਾਲ ਗੱਡੀਆਂ ਦੇ ਬੰਦ ਹੋਣ ਕਾਰਨ ਸਾਰੇ ਬਿਜਲੀ ਘਰਾਂ ਵਿੱਚ ਕੋਲਾ ਮੁੱਕ ਚੁੱਕਾ ਹੈ। ਪੰਜਾਬ ਵਿੱਚ ਸਰਕਾਰੀ ਤੇ ਨਿੱਜੀ 5 ਥਰਮਲ ਪਲਾਂਟ ਹਨ। ਇਹ ਕਰੀਬ 5000 ਮੈਗਾਵਾਟ ਬਿਜਲੀ ਪੈਦਾ ਕਰਦੇ ਹਨ। ਇਨ੍ਹਾਂ ਥਰਮਲ ਪਲਾਂਟਾਂ ਵਿੱਚੋਂ 4 ਪਹਿਲਾਂ ਹੀ ਬੰਦ ਹੋ ਚੁੱਕੇ ਸਨ ਤੇ ਪੰਜਵਾਂ ਮੰਗਲਵਾਰ ਨੂੰ ਬੰਦ ਹੋ ਗਿਆ ਹੈ।
ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਨੇ ਦੱਸਿਆ ਹੈ ਕਿ ਇਸ ਸਮੇਂ ਪੰਜਾਬ ਵਿੱਚ ਬਿਜਲੀ ਦੀ ਘਾਟ 1000 ਤੋਂ 1500 ਮੈਗਾਵਾਟ ਹੋ ਚੁੱਕੀ ਹੈ। ਇਸ ਸਮੇਂ ਪਾਵਰ ਕਾਰਪੋਰੇਸ਼ਨ ਕੋਲ ਪਾਵਰ ਕੱਟ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਪਿਛਲੇ 4-5 ਦਿਨਾਂ ਤੋਂ ਸੂਬਾ ਕੇਂਦਰੀ ਗਰਿੱਡ ਤੋਂ ਬਿਜਲੀ ਖਰੀਦ ਰਿਹਾ ਸੀ, ਪ੍ਰੰਤੂ ਬੀਤੇ ਐਤਵਾਰ ਵਿੱਤ ਵਿਭਾਗ ਨੇ ਬਿਜਲੀ ਖਰੀਦਣ ਲਈ ਪੈਸੇ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ।
ਇਸ ਤੋਂ ਇਲਾਵਾ ਕਣਕ ਤੇ ਆਲੂ ਦੀ ਫਸਲ ਬੀਜਣ ਲਈ ਖਾਦਾਂ ਦੀ ਕਿੱਲਤ ਵੀ ਪੈਦਾ ਹੋ ਗਈ ਹੈ। ਪਿਛਲੇ ਇੱਕ ਮਹੀਨੇ ਤੋਂ ਰਾਜ ਵਿੱਚ ਯੂਰੀਆ ਤੇ ਡਾਇਆ ਨਹੀਂ ਆਇਆ। ਰਸਾਇਣਕ ਖਾਦਾਂ ਰੇਲਾਂ ਰਾਹੀਂ ਰਾਜਸਥਾਨ ਤੇ ਗੁਜਰਾਤ ਵਿੱਚੋਂ ਹੋ ਕੇ ਪੰਜਾਬ ਪਹੁੰਚਦੀਆਂ ਹਨ। ਰੇਲਾਂ ਬੰਦ ਹੋਣ ਕਾਰਨ ਹੁਣ ਇਹ ਹੌਲੀ-ਹੌਲੀ ਟਰੱਕਾਂ ਰਾਹੀਂ ਆ ਰਹੀਆਂ ਹਨ । ਪੰਜਾਬ ਵਿੱਚ ਹਾੜੀ ਦੀ ਬਿਜਾਈ ਲਈ 15 ਲੱਖ ਟਨ ਯੂਰੀਆ ਤੇ 5 ਲੱਖ ਟਨ ਡੀ ਏ ਪੀ ਦੀ ਲੋੜ ਹੁੰਦੀ ਹੈ। ਅਕਤੂਬਰ ਮਹੀਨੇ ਵਿੱਚ 4 ਲੱਖ ਟਨ ਯੂਰੀਆ ਆਉਣਾ ਸੀ, ਪਰ ਟਰੱਕਾਂ ਰਾਹੀਂ ਸਿਰਫ਼ 50 ਹਜ਼ਾਰ ਟਨ ਆਇਆ ਹੈ। ਡੀ ਏ ਪੀ ਬਿਜਾਈ ਸਮੇਂ ਪਾਈ ਜਾਂਦੀ ਹੈ, ਇਸ ਦੀ ਥੁੜ੍ਹ ਕਾਰਨ ਬਿਜਾਈ ਲੇਟ ਹੋ ਸਕਦੀ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਦਸੰਬਰ ਦੇ ਪਹਿਲੇ ਹਫ਼ਤੇ ਜਦੋਂ ਕਣਕ ਨੂੰ ਪਹਿਲਾ ਪਾਣੀ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਫਸਲ ਨੂੰ ਯੂਰੀਆ ਖਾਦ ਦੀ ਲੋੜ ਹੁੰਦੀ ਹੈ, ਉਸ ਸਮੇਂ ਯੂਰੀਆ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ਸਰਕਾਰ ਨੂੰ ਇੱਕ ਹੋਰ ਚਿੰਤਾ ਵੀ ਸਤਾ ਰਹੀ ਹੈ ਕਿ ਸਰਕਾਰੀ ਖਰੀਦ ਦੇ ਅੰਨ ਭੰਡਾਰ ਨੂੰ ਵੀ ਕਿਸ ਤਰ੍ਹਾਂ ਬਿਲੇ ਲਾਉਣਾ ਹੈ। ਵੇਅਰ ਹਾਊਸਾਂ ਤੇ ਖੁੱਲ੍ਹੀਆਂ ਥਾਵਾਂ ਉੱਤੇ ਪਈ 137 ਲੱਖ ਮੀਟ੍ਰਿਕ ਟਨ ਕਣਕ ਬਾਹਰਲੇ ਰਾਜਾਂ ਨੂੰ ਭੇਜੀ ਜਾਣੀ ਹੈ, ਜਿਸ ਵਿੱਚ 30 ਲੱਖ ਮੀਟ੍ਰਿਕ ਟਨ ਉਹ ਕਣਕ ਵੀ ਹੈ, ਜੋ ਪਿਛਲੇ ਸਾਲ ਖਰੀਦੀ ਗਈ ਸੀ। ਅਕਤੂਬਰ ਮਹੀਨੇ ਵਿੱਚ ਇਸ ਵਿੱਚੋਂ 20 ਲੱਖ ਮੀਟ੍ਰਿਕ ਟਨ ਕਣਕ ਭੇਜੀ ਜਾਣੀ ਸੀ, ਜੋ ਨਹੀਂ ਜਾ ਸਕੀ। ਇਸ ਤੋਂ ਬਿਨਾਂ ਇਸ ਸੀਜ਼ਨ ਵਿੱਚ ਐੱਫ਼ ਸੀ ਆਈ ਵੱਲੋਂ ਖਰੀਦਿਆ ਗਿਆ 185 ਲੱਖ ਮੀਟ੍ਰਿਕ ਟਨ ਝੋਨਾ ਵੀ ਮਿਲਿੰਗ ਤੋਂ ਬਾਅਦ ਚਾਵਲ ਦੇ ਰੂਪ ਵਿੱਚ ਸਟੋਰ ਕੀਤਾ ਜਾਣਾ ਹੈ, ਪਰ ਸਰਕਾਰ ਪਾਸ ਭੰਡਾਰ ਕਰਨ ਲਈ ਥਾਂ ਨਹੀਂ ਹੈ। ਖਰੀਦੇ ਗਏ ਝੋਨੇ ਤੇ ਕੱਢੇ ਗਏ ਚਾਵਲਾਂ ਲਈ ਟਾਟ ਦੇ ਬੋਰੇ ਪੱਛਮੀ ਬੰਗਾਲ ਤੋਂ ਆਉਂਦੇ ਹਨ। ਇਸ ਸਮੇਂ 2 ਕਰੋੜ 76 ਲੱਖ ਬੋਰੇ ਦਿੱਲੀ ਵਿੱਚ ਫਸੇ ਪਏ ਹਨ। ਪੰਜਾਬ ਸਰਕਾਰ ਇਨ੍ਹਾਂ ਦਾ ਸਾਰਾ ਖਰਚਾ ਦੇ ਚੁੱਕੀ ਹੈ, ਇਸ ਲਈ ਇਨ੍ਹਾਂ ਨੂੰ ਲਿਆਉਣ ਵਾਸਤੇ ਪੰਜਾਬ ਸਰਕਾਰ ਬਦਲਵਾਂ ਪ੍ਰਬੰਧ ਵੀ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਸਨਅਤ, ਵਪਾਰ ਤੇ ਹੋਰ ਕਾਰੋਬਾਰਾਂ ਦੇ ਨਾਲ-ਨਾਲ ਆਮ ਲੋਕ ਵੀ ਮਹਿੰਗਾਈ ਦੇ ਰੂਪ ਵਿੱਚ ਇਸ ਸਥਿਤੀ ਦੀ ਮਾਰ ਝੱਲਣ ਲਈ ਮਜਬੂਰ ਹਨ।
ਸੂਬੇ ਵਿੱਚ 2 ਅਕਤੂਬਰ ਤੋਂ ਕਿਸਾਨ ਅੰਦੋਲਨ ਦੇ ਰੇਲ ਰੋਕੋ ਪ੍ਰੋਗਰਾਮ ਅਧੀਨ ਮਾਲ ਗੱਡੀਆਂ ਬੰਦ ਹਨ। ਹਾਲਾਂਕਿ ਕਿਸਾਨਾਂ ਨੇ 23 ਅਕਤੂਬਰ ਨੂੰ ਮਾਲ ਗੱਡੀਆਂ ਦੀ ਆਵਾਜਾਈ ਖੋਲ੍ਹ ਦਿੱਤੀ ਸੀ, ਪਰ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਕਿਸਾਨ ਅੰਦੋਲਨਕਾਰੀਆਂ ਨੂੰ ਸਬਕ ਸਿਖਾਉਣ ਦੇ ਰਾਹ ਪਈ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੂੰ ਪੱਤਰ ਲਿਖ ਕੇ ਰੇਲਵੇ ਵੱਲੋਂ ਮਾਲ ਗੱਡੀਆਂ ਰੋਕੇ ਜਾਣ ਉੱਤੇ ਚਿੰਤਾ ਪ੍ਰਗਟ ਕੀਤੀ ਸੀ, ਪਰ ਕੇਂਦਰ ਟੱਸ ਤੋਂ ਮੱਸ ਹੋਣ ਨੂੰ ਤਿਆਰ ਨਹੀਂ। ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਨੂੰ ਮਿਲਣਾ ਸੀ, ਪਰ ਰਾਸ਼ਟਰਪਤੀ ਨੇ ਹੁੰਗਾਰਾ ਹੀ ਨਹੀਂ ਭਰਿਆ। ਲੱਗਦਾ ਹੈ ਕਿ ਕੇਂਦਰੀ ਹਾਕਮ ਪੰਜਾਬ ਦਾ ਸਬਰ ਪਰਖਣ ਦੇ ਰਾਹ ਪੈ ਚੁੱਕੇ ਹਨ। ਇਹ ਵਤੀਰਾ ਅੰਦੋਲਨਕਾਰੀ ਪੰਜਾਬੀਆਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਵਾਲਾ ਹੈ। ਕੇਂਦਰੀ ਹਾਕਮਾਂ ਨੂੰ ਹੋਸ਼ ਵਿੱਚ ਆਉਣਾ ਚਾਹੀਦਾ ਹੈ। ਲੋਕਤੰਤਰੀ ਵਿਵਸਥਾ ਵਿੱਚ ਹੈਂਕੜਬਾਜ਼ ਰਵੱਈਏ ਲਈ ਕੋਈ ਥਾਂ ਨਹੀਂ ਹੁੰਦੀ, ਪਰ ਇਹ ਗੱਲ ਫਾਸ਼ੀ ਹਾਕਮਾਂ ਦੇ ਭੇਜੇ ਵਿੱਚ ਕਦੀ ਨਹੀਂ ਪੈਂਦੀ।

900 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper