Latest News
ਭਾਜਪਾ ਦਾ ਪਾਖੰਡ

Published on 05 Nov, 2020 10:51 AM.


ਬੀਤੇ ਬੁੱਧਵਾਰ ਰਿਪਬਲਿਕ ਟੀ ਵੀ ਵਾਲੇ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਹੋਣ ਦੇ ਨਾਲ ਹੀ ਮੋਦੀ ਸਰਕਾਰ ਦੇ ਮੰਤਰੀਆਂ ਤੇ ਭਾਜਪਾ ਆਗੂਆਂ ਵੱਲੋਂ ਹਾਲ-ਪਾਹਰਿਆ ਹੋਣੀ ਸ਼ੁਰੂ ਹੋ ਗਈ ਸੀ। ਸਭ ਤੋਂ ਪਹਿਲਾਂ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਵਿੱਚ ਪ੍ਰੈੱਸ ਦੀ ਅਜ਼ਾਦੀ ਉੱਤੇ ਹਮਲੇ ਦੀ ਨਿੰਦਿਆ ਕਰਦੇ ਹਾਂ। ਪ੍ਰੈੱਸ ਨਾਲ ਅਜਿਹਾ ਵਿਹਾਰ ਠੀਕ ਨਹੀਂ, ਇਹ ਐਮਰਜੈਂਸੀ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ। ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੀ ਸੱਤਾ ਵਿੱਚ ਕਾਂਗਰਸ ਦੀ ਹਿੱਸੇਦਾਰੀ ਉੱਤੇ ਹਮਲਾ ਕਰਦਿਆਂ ਐਮਰਜੈਂਸੀ ਨੂੰ ਯਾਦ ਕੀਤਾ। ਇਸ ਤੋਂ ਬਾਅਦ ਸਭ ਮੰਤਰੀਆਂ-ਸੰਤਰੀਆਂ ਨੇ ਅਰਨਬ ਦੇ ਹੱਕ ਵਿੱਚ ਬਿਆਨਾਂ ਦੀ ਝੜੀ ਲਾ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਮਹਿਲਾ ਵਿਕਾਸ ਮੰਤਰੀ ਸਿਮਰਤੀ ਈਰਾਨੀ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਐਮਰਜੈਂਸੀ ਯਾਦ ਆਉਣ ਲੱਗ ਪਈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸੱਤਾਧਾਰੀ, ਜਿਸ ਮਾਮਲੇ ਵਿੱਚ ਅਰਨਬ ਦੀ ਗ੍ਰਿਫ਼ਤਾਰੀ ਨੂੰ ਪ੍ਰੈੱਸ ਦੀ ਅਜ਼ਾਦੀ ਉਤੇ ਹਮਲਾ ਕਰਾਰ ਦੇ ਰਹੇ ਹਨ, ਉਸ ਦਾ ਪੱਤਰਕਾਰਤਾ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਹੈ। ਇਸ ਕੇਸ ਵਿੱਚ ਅੰਬੈ ਨਾਇਕ ਨਾਂਅ ਦੇ ਇੱਕ ਵਿਅਕਤੀ ਤੋਂ ਅਰਨਬ ਗੋਸਵਾਮੀ ਦੀ ਕੰਪਨੀ ਤੇ ਦੋ ਹੋਰ ਕੰਪਨੀਆਂ ਨੇ ਕੰਮ ਕਰਾਇਆ ਸੀ। ਉਸ ਵੱਲੋਂ ਕੀਤੇ ਕੰਮ ਦੇ 5 ਕਰੋੜ ਰੁਪਏ ਦਾ ਭੁਗਤਾਨ ਨਹੀਂ ਸੀ ਕੀਤਾ ਗਿਆ। ਥੱਕ-ਹਾਰ ਕੇ ਉਸ ਵਿਅਕਤੀ ਨੇ ਆਪਣੀ ਮਾਂ ਸਮੇਤ ਆਤਮ-ਹੱਤਿਆ ਕਰ ਲਈ ਸੀ। ਉਸ ਵੱਲੋਂ ਛੱਡੇ ਗਏ ਸੁਸਾਈਡ ਨੋਟ ਵਿੱਚ ਅਰਨਬ ਗੋਸਵਾਮੀ ਤੇ ਦੂਜੀਆਂ ਦੋ ਕੰਪਨੀਆਂ ਦੇ ਵਿਅਕਤੀਆਂ ਦੇ ਨਾਂਅ ਲਿਖੇ ਹੋਏ ਸਨ। ਉਸ ਨੇ ਸਪੱਸ਼ਟ ਲਿਖਿਆ ਸੀ ਕਿ ਉਹ ਆਤਮ-ਹੱਤਿਆ ਬਕਾਇਆ ਨਾ ਮਿਲਣ ਉੱਤੇ ਹੋ ਰਹੀ ਪ੍ਰੇਸ਼ਾਨੀ ਕਾਰਨ ਕਰ ਰਿਹਾ ਹੈ। ਉਸ ਸਮੇਂ ਮਹਾਰਾਸ਼ਟਰ ਵਿੱਚ ਭਾਜਪਾ ਦੇ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਸਨ। ਉਸ ਸਮੇਂ ਪੁਲਸ ਨੇ ਇਹ ਕਹਿ ਕੇ ਇਸ ਕੇਸ ਨੂੰ ਬੰਦ ਕਰ ਦਿੱਤਾ ਸੀ ਕਿ ਉਸ ਨੂੰ ਭਰੋਸੇਯੋਗ ਸਬੂਤ ਨਹੀਂ ਮਿਲੇ। ਰਾਜ ਵਿੱਚ ਸਰਕਾਰ ਬਦਲਣ ਤੋਂ ਬਾਅਦ ਮਰਹੂਮ ਅੰਬੈ ਦੀ ਭੈਣ ਤੇ ਪਤਨੀ ਨੇ ਕੇਸ ਨੂੰ ਮੁੜ ਖੋਲ੍ਹਣ ਦੀ ਦਰਖਾਸਤ ਦੇ ਦਿੱਤੀ। ਸਵਾਲ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਕੀ ਉਸ ਨੂੰ ਅੱਗੇ ਵੀ ਨਿਆਂ ਮੰਗਣ ਦਾ ਹੱਕ ਨਹੀਂ?
ਭਾਜਪਾ ਦੇ ਮੰਤਰੀਆਂ ਤੇ ਆਗੂਆਂ ਵੱਲੋਂ ਪ੍ਰੈੱਸ ਦੀ ਅਜ਼ਾਦੀ ਦੀ ਦੁਹਾਈ ਪਾਉਣਾ ਸੁਖਦ ਅਹਿਸਾਸ ਪੁਚਾਉਂਦਾ ਹੈ, ਪਰ ਇਹ ਸਿਰਫ਼ ਝੋਲੀ-ਚੁੱਕ ਪੱਤਰਕਾਰਾਂ ਪ੍ਰਤੀ ਹੀ ਕਿਉਂ ਹੈ? ਯੂ ਪੀ ਦੇ ਮੁੱਖ ਮੰਤਰੀ ਦੀ ਪ੍ਰਤੀਕ੍ਰਿਆ ਤਾਂ ਹੈਰਾਨੀਜਨਕ ਹੈ। ਮੁੰਬਈ ਪੁਲਸ ਦੇ ਕਦਮ ਨੂੰ ਫਾਸ਼ਿਸਟ ਕਹਿੰਦਿਆਂ ਉਹ ਇਹ ਵੀ ਭੁੱਲ ਗਏ ਕਿ ਕੁਝ ਦਿਨ ਪਹਿਲਾਂ ਹੀ ਹਾਥਰਸ ਕਾਂਡ ਸਮੇਂ ਉਨ੍ਹਾ ਚਾਰ ਦਿਨ ਪੱਤਰਕਾਰਾਂ ਨੂੰ ਪਿੰਡ 'ਚ ਵੜਣ ਨਹੀਂ ਸੀ ਦਿੱਤਾ ਤੇ ਕੇਰਲਾ ਦੇ ਇੱਕ ਪੱਤਰਕਾਰ ਨੂੰ ਤਾਂ ਰਾਹ ਵਿੱਚੋਂ ਚੁੱਕ ਕੇ ਯੂ ਏ ਪੀ ਏ ਹੇਠ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਉੱਤਰ ਪ੍ਰਦੇਸ਼ ਵਿੱਚ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਵਿੱਚ ਨਮਕ ਰੋਟੀ ਪ੍ਰੋਸਣ ਦੀ ਖ਼ਬਰ ਦਾ ਖੁਲਾਸਾ ਕਰਨ ਵਾਲੇ ਪੱਤਰਕਾਰ ਉੱਤੇ ਅਪਰਾਧਿਕ ਸਾਜ਼ਿਸ਼ ਦਾ ਦੋਸ਼ ਲਾ ਕੇ ਕੇਸ ਦਰਜ ਕੀਤਾ ਗਿਆ ਸੀ। ਭਾਜਪਾ ਨੂੰ ਐਮਰਜੈਂਸੀ ਦੀ ਯਾਦ ਉਦੋਂ ਕਿਉਂ ਨਾ ਆਈ, ਜਦੋਂ ਯੂ ਪੀ ਵਿੱਚ ਜ਼ਮੀਨੀ ਝਗੜੇ ਦੀ ਕਵਰੇਜ ਕਰਨ ਕਾਰਨ ਇੱਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸ੍ਰੀਮਤੀ ਸਿਮਰਤੀ ਈਰਾਨੀ ਨੂੰ ਫਾਸ਼ੀਵਾਦ ਦੀ ਯਾਦ ਉਦੋਂ ਕਿਉਂ ਨਾ ਆਈ, ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਦੀ ਅਲੋਚਨਾ ਕਰਨ ਵਾਲੇ ਪੱਤਰਕਾਰ ਨੂੰ ਦੇਸ਼ ਧ੍ਰੋਹ ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰਕਾਸ਼ ਜਾਵੜੇਕਰ ਨੂੰ ਪ੍ਰੈੱਸ ਦੀ ਅਜ਼ਾਦੀ ਦੀ ਉਸ ਵੇਲੇ ਚਿੰਤਾ ਨਹੀਂ ਹੋਈ, ਜਦੋਂ ਕਸ਼ਮੀਰ ਵਿੱਚ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈ ਕੇ ਕੁੱਟਿਆ ਗਿਆ ਸੀ।
ਭਾਜਪਾ ਨੂੰ ਅਰਨਬ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੋਕਤੰਤਰ ਦੇ ਚੌਥੇ ਪਾਵੇ ਪ੍ਰੈੱਸ ਦੀ ਅਜ਼ਾਦੀ ਦੀ ਚਿੰਤਾ ਸਤਾ ਰਹੀ ਹੈ, ਪਰ ਉਸ ਨੂੰ ਇਹ ਚੇਤੇ ਨਹੀਂ ਕਿ ਮੋਦੀ ਰਾਜ ਦੇ 6 ਸਾਲਾਂ ਦੌਰਾਨ ਲੋਕਤੰਤਰ ਦੇ ਚਾਰੇ ਪਾਵਿਆਂ ਨੂੰ ਹੀ ਸੱਤਾਧਾਰੀਆਂ ਨੇ ਘੁਣ ਵਾਂਗ ਖੋਖਲੇ ਕਰ ਦਿੱਤਾ ਹੈ। ਸਰਕਾਰ ਦੇ ਖ਼ਿਲਾਫ਼ ਲਿਖਣ-ਬੋਲਣ ਵਾਲੇ ਲੋਕਾਂ ਨੂੰ ਇੱਕ-ਇੱਕ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ। ਸੁਧਾ ਭਾਰਦਵਾਜ, ਸਟੇਨ ਸਵਾਮੀ ਤੇ ਵਰਵਰਾ ਰਾਓ ਵਰਗੇ ਆਖਰੀ ਉਮਰੇ ਪਹੁੰਚੇ ਹੋਏ ਦਰਜਨਾਂ ਬੁੱਧੀਜੀਵੀ, ਲੇਖਕ, ਪੱਤਰਕਾਰ, ਕਵੀ ਤੇ ਸਮਾਜਿਕ ਕਾਰਕੁਨ ਇਸ ਕਾਰਨ ਜੇਲ੍ਹਾਂ ਵਿੱਚ ਸੁੱਟੇ ਹੋਏ ਹਨ, ਕਿਉਂਕਿ ਉਹ ਸੱਤਾਧਾਰੀਆਂ ਵਿਰੁੱਧ ਅਵਾਜ਼ ਚੁੱਕਦੇ ਰਹੇ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅਨੇਕਾਂ ਲੋਕ ਸਿਰਫ਼ ਇਸ ਲਈ ਜੇਲ੍ਹਾਂ ਵਿੱਚ ਬੰਦ ਹਨ, ਕਿਉਂਕਿ ਉਨ੍ਹਾਂ ਨਾਗਰਿਕ ਸੋਧ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਗੌਰੀ ਲੰਕੇਸ਼ ਵੀ ਇੱਕ ਪੱਤਰਕਾਰ ਸੀ। ਉਸ ਦੀ ਦਿਨ-ਦਿਹਾੜੇ ਹੱਤਿਆ ਕਰ ਦਿੱਤੀ ਗਈ। ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਦੁਹਾਈ ਪਾਉਣ ਵਾਲੇ ਇਨ੍ਹਾਂ ਸਭ ਮੰਤਰੀਆਂ ਵਿੱਚੋਂ ਇੱਕ ਨੇ ਵੀ ਮੂੰਹ ਤੱਕ ਨਹੀਂ ਸੀ ਖੋਲ੍ਹਿਆ।
ਅਸਲ ਵਿੱਚ ਇਨ੍ਹਾਂ ਮੰਤਰੀਆਂ ਦੀ ਤਿਲਮਿਲਾਹਟ ਇਸ ਲਈ ਹੈ ਕਿ ਇਸ ਵਿੱਚੋਂ ਉਨ੍ਹਾਂ ਨੂੰ ਆਪਣੇ ਭਵਿੱਖ ਲਈ ਖਤਰੇ ਦੇ ਸੰਕੇਤ ਮਿਲ ਰਹੇ ਹਨ। ਦਰਅਸਲ ਮੋਦੀ ਕਸ਼ਾਸਨ ਦਾ ਸਭ ਤੋਂ ਵੱਡਾ ਸਹਾਰਾ ਝੂਠ ਦੇ ਪੈਰਾਂ ਉੱਤੇ ਖੜ੍ਹਾ ਗੋਦੀ ਮੀਡੀਆ ਹੀ ਹੈ। ਇਸ ਘਟਨਾ ਤੋਂ ਬਾਅਦ ਇਸ ਮੀਡੀਆ ਨੂੰ ਆਪਣੀਆਂ ਕੀਤੀਆਂ ਕਰਤੂਤਾਂ ਦਾ ਡਰ ਸਤਾਉਣਾ ਸੁਭਾਵਕ ਹੈ। ਸੱਤਾ ਕੋਲ ਵਿਕੇ ਹੋਏ ਲੋਕਾਂ ਦਾ ਕੋਈ ਇਮਾਨ ਨਹੀਂ ਹੁੰਦਾ, ਆਪਣੀ ਸੁਰੱਖਿਆ ਲਈ ਉਹ ਕਦੇ ਵੀ ਉਲਟ ਮੋੜਾ ਕੱਟ ਸਕਦੇ ਹਨ। ਸੱਤਾਧਾਰੀ ਵੀ ਇਹ ਜਾਣਦੇ ਹਨ ਕਿ ਇਹ ਭੰਡ ਕਿਸਮ ਦੇ ਪੱਤਰਕਾਰ ਕਿਸੇ ਵੀ ਸਮੇਂ ਦਗਾ ਦੇ ਸਕਦੇ ਹਨ। ਇਸ ਲਈ ਕੇਂਦਰ ਦੀ ਸਰਕਾਰ ਨੇ ਅਰਨਬ ਗੋਸਵਾਮੀ ਨੂੰ ਬਚਾਉਣ ਲਈ ਪੂਰੀ ਤਾਕਤ ਲਾ ਦਿੱਤੀ ਹੈ, ਤਾਂ ਕਿ ਉਹ ਬਾਕੀ ਦਲਾਲ ਪੱਤਰਕਾਰਾਂ ਨੂੰ ਇਹ ਅਹਿਸਾਸ ਕਰਾ ਸਕੇ ਕਿ ਮੁਸ਼ਕਲ ਆਉਣ ਉਤੇ ਉਹ ਉਨ੍ਹਾਂ ਦੇ ਨਾਲ ਖੜ੍ਹੀ ਹੋਵੇਗੀ।
-ਚੰਦ ਫਤਿਹਪੁਰੀ

890 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper