Latest News
ਓਹਲਾ ਰੱਖਦੀ ਸਰਕਾਰ

Published on 06 Nov, 2020 09:45 AM.

ਕੋਵਿਡ-19 ਪਸਾਰ ਦੀ ਰੋਕਥਾਮ ਦੇ ਰੂਪ ਵਿਚ ਮੋਦੀ ਸਰਕਾਰ ਵੱਲੋਂ ਕਾਫੀ ਪ੍ਰਚਾਰੀ ਗਈ ਆਰੋਗਿਆ ਸੇਤੂ ਐਪ ਸ਼ੁਰੂ ਤੋਂ ਹੀ ਅਲੋਚਨਾ ਦੇ ਘੇਰੇ ਵਿਚ ਰਹੀ ਹੈ। ਇਸ ਨੂੰ ਬਣਾਉਣ ਵਾਲਿਆਂ ਬਾਰੇ ਕੋਈ ਜਾਣਕਾਰੀ ਨਾ ਦੇਣ 'ਤੇ ਪਿਛਲੇ ਦਿਨੀਂ ਕੇਂਦਰੀ ਸੂਚਨਾ ਕਮਿਸ਼ਨ ਨੇ ਸਖਤ ਫਟਕਾਰ ਲਾਉਂਦਿਆਂ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ ਕੌਮੀ ਸੂਚਨਾ ਵਿਗਿਆਨ ਕੇਂਦਰ (ਐੱਨ ਆਈ ਸੀ) ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ। ਕਮਿਸ਼ਨ ਨੇ ਵਾਜਬ ਜਵਾਬ ਨਾ ਮਿਲਣ 'ਤੇ ਅਧਿਕਾਰੀਆਂ ਨੂੰ ਜੁਰਮਾਨਾ ਠੋਕਣ ਦਾ ਸੰਕੇਤ ਵੀ ਦਿੱਤਾ ਹੈ। ਕਮਿਸ਼ਨ ਨੇ ਕਿਹਾ-ਐੱਨ ਆਈ ਸੀ ਦੇ ਮੁੱਖ ਜਨ ਸੂਚਨਾ ਅਧਿਕਾਰੀ ਨੂੰ ਇਹ ਦੱਸਣਾ ਚਾਹੀਦਾ ਕਿ ਜਦ ਵੈੱਬਸਾਈਟ ਉੱਤੇ ਜ਼ਿਕਰ ਹੈ ਕਿ ਆਰੋਗਿਆ ਸੇਤੂ ਮੰਚ ਨੂੰ ਐੱਨ ਆਈ ਸੀ, ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਤੇ ਭਾਰਤ ਸਰਕਾਰ ਵੱਲੋਂ ਡਿਜ਼ਾਈਨ, ਵਿਕਸਤ ਤੇ ਹੋਸਟ ਕੀਤਾ ਗਿਆ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਕੋਲ ਐਪ ਨੂੰ ਬਣਾਏ ਜਾਣ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਸਰਕਾਰ ਨੇ ਆਰੋਗਿਆ ਸੇਤੂ ਦੇ ਸੰਬੰਧ ਵਿਚ ਗੁੰਮਰਾਹਕੁੰਨ ਜਾਣਕਾਰੀ ਦਿੱਤੀ ਹੈ ਤੇ ਜ਼ਰੂਰੀ ਸੂਚਨਾਵਾਂ ਨੂੰ ਲੁਕੋਣ ਦੀ ਕੋਸ਼ਿਸ਼ ਕੀਤੀ ਹੈ। ਇਸ ਐਪ ਦੀ ਸ਼ੁਰੂਆਤ ਵਿਚ ਹੀ ਇਸ ਦੇ ਨਿਰਮਾਣ ਤੇ ਪ੍ਰਚਾਰ ਦੇ ਸੰਬੰਧ ਵਿਚ ਸੂਚਨਾ ਦੇ ਅਧਿਕਾਰ ਤਹਿਤ ਕਈ ਅਰਜ਼ੀਆਂ ਦਿੱਤੀਆਂ ਗਈਆਂ ਸਨ, ਪਰ ਐੱਨ ਆਈ ਸੀ ਨੇ ਜਵਾਬ ਨਹੀਂ ਦਿੱਤਾ। ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਵੀ ਇਹ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਕਿ ਐਪ ਨੇ ਕੁਲ ਕਿੰਨੇ ਲੋਕਾਂ ਨੂੰ ਕੋਰੋਨਾ ਜਾਂਚ ਦਾ ਸੁਝਾਅ/ਸਲਾਹ ਦਿੱਤੀ ਸੀ ਜਾਂ ਜਾਂਚ ਦੀ ਸਿਫਾਰਸ਼ ਕੀਤੀ ਸੀ ਅਤੇ ਇਸ ਨਾਲ ਕਿੰਨੇ ਲੋਕ ਪਾਜ਼ੀਟਿਵ ਪਾਏ ਗਏ। ਕਿੰਨੇ ਲੋਕਾਂ ਨੂੰ ਕੁਆਰਨਟੀਨ ਵਿਚ ਜਾਣ ਦੀ ਸਲਾਹ ਦਿੱਤੀ ਸੀ। ਕਿੰਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ। ਇਸ ਐਪ ਨਾਲ ਕੁਲ ਕਿੰਨੇ ਬਲੂਟਰੁੱਥ ਸੰਪਰਕ ਪਛਾਣੇ ਗਏ। ਇਨ੍ਹਾਂ ਵਿੱਚੋਂ ਕਿੰਨਿਆਂ ਨਾਲ ਕੌਮੀ ਸਿਹਤ ਅਥਾਰਟੀ ਨੇ ਸੰਪਰਕ ਕੀਤਾ। ਸਰਕਾਰ ਮੁਤਾਬਕ ਆਰੋਗਿਆ ਸੇਤੂ ਐਪ ਕਾਂਟੈਕਟ ਟਰੇਸਿੰਗ ਰਾਹੀਂ ਉਨ੍ਹਾਂ ਸਾਰੇ ਲੋਕਾਂ ਦੇ ਵੇਰਵੇ ਰਿਕਾਰਡ ਕਰਦੀ ਹੈ, ਜਿਨ੍ਹਾਂ ਦੇ ਸੰਪਰਕ ਵਿਚ ਇਸਦਾ ਯੂਜ਼ਰ ਆਉਂਦਾ ਹੈ। ਜੇ ਬਾਅਦ ਵਿਚ ਉਨ੍ਹਾਂ ਵਿੱਚ ਕੋਈ ਵੀ ਕੋਵਿਡ-19 ਪਾਜ਼ੀਟਿਵ ਆਉਂਦਾ ਹੈ ਤਾਂ ਉਸ ਬਾਰੇ ਤੁਰੰਤ ਇਸ ਐਪ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਲੋਕ ਚੌਕਸ ਹੋ ਜਾਣ। ਐਂਡਰਾਇਡ ਤੇ ਆਈਫੋਨ ਦੋਹਾਂ 'ਤੇ ਹੀ ਉਪਲੱਬਧ ਇਹ ਐਪ ਯੂਜ਼ਰ ਤੋਂ ਉਸ ਦੀ ਲੋਕੇਸ਼ਨ ਦੀ ਜਾਣਕਾਰੀ ਅਤੇ ਕੁਝ ਸਵਾਲਾਂ ਦੇ ਆਧਾਰ 'ਤੇ ਉਸ ਵਿਅਕਤੀ ਦੇ ਲਾਗੇ-ਛਾਗੇ ਮੌਜੂਦ ਇਨਫੈਕਸ਼ਨ ਦੇ ਖਤਰੇ ਤੇ ਸੰਭਾਵਨਾ ਦਾ ਪਤਾ ਲਾਉਣ ਵਿਚ ਸਹਾਇਤਾ ਕਰਦੀ ਹੈ। ਉਂਜ ਤਾਂ ਸਰਕਾਰੀ ਦਬਾਅ ਹੇਠ ਇਸ ਐਪ ਨੂੰ 16.24 ਕਰੋੜ ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਸਰਕਾਰ ਇਸ ਦੀ ਸਫਲਤਾ ਦੇ ਦਾਅਵੇ ਕਰਕੇ ਵਾਹ-ਵਾਹ ਬਟੋਰ ਰਹੀ ਹੈ, ਪਰ ਇਸਦੇ ਕੰਮਕਾਜ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਦੇ ਰਹੀ। ਮੋਦੀ ਸਰਕਾਰ ਤੇ ਸੂਬਾਈ ਭਾਜਪਾ ਸਰਕਾਰਾਂ ਦੀ ਇਹ ਆਦਤ ਬਣ ਚੁੱਕੀ ਹੈ ਕਿ ਉਹ ਸੂਚਨਾ ਦੇ ਅਧਿਕਾਰ ਤੱਕ ਮੰਗੀ ਗਈ ਉਹ ਜਾਣਕਾਰੀ ਦੇਣ ਤੋਂ ਟਾਲਾ ਵੱਟਦੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੋਵੇ। ਮੋਦੀ ਸਰਕਾਰ 'ਤੇ ਇਹ ਵੀ ਦੋਸ਼ ਲੱਗਦੇ ਹਨ ਕਿ ਉਹ ਡਿਜੀਟਲ ਇੰਡੀਆ ਦੇ ਨਾਂਅ ਉਤੇ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਦੀ ਹੈ। ਆਰੋਗਿਆ ਸੇਤੂ ਐਪ ਬਾਰੇ ਸਹੀ ਜਾਣਕਾਰੀ ਨਾ ਦੇਣੀ ਅਜਿਹੇ ਦੋਸ਼ਾਂ ਨੂੰ ਬਲ ਬਖਸ਼ਦੇ ਹਨ।

750 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper