Latest News
ਅਮਰੀਕੀ ਚੋਣਾਂ

Published on 08 Nov, 2020 10:28 AM.


ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਆ ਗਿਆ ਹੈ। ਜੋ ਬਾਇਡਨ ਡੋਨਾਲਡ ਟਰੰਪ ਨੂੰ ਹਰਾ ਕੇ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਵਿਸ਼ਵੀਕਰਨ ਦੇ ਇਸ ਦੌਰ ਵਿੱਚ ਅਮਰੀਕੀ ਚੋਣਾਂ ਦਾ ਸਮੁੱਚੇ ਸੰਸਾਰ ਦੇ ਦੇਸ਼ਾਂ 'ਤੇ ਪ੍ਰਭਾਵ ਪੈਣਾ ਸੁਭਾਵਕ ਹੈ। ਪਿਛਲੇ ਚਾਰ ਸਾਲਾਂ ਦੌਰਾਨ ਟਰੰਪ ਦੇ ਕਾਰਜਕਾਲ ਵਿੱਚ ਅਮਰੀਕਾ ਦੀ ਰਾਜਨੀਤਕ ਸਥਿਤੀ ਲੱਗਭੱਗ ਭਾਰਤ ਵਰਗੀ ਰਹੀ ਹੈ। ਡੋਨਾਲਡ ਟਰੰਪ ਨੇ ਅਮਰੀਕੀ ਸਮਾਜ ਨੂੰ ਵੰਡਣ ਤੇ ਗੋਰੀ ਨਸਲ ਦੇ ਲੋਕਾਂ ਦੇ ਧਰੁਵੀਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਮੋਦੀ ਰਾਜ ਵਿੱਚ ਸਾਡੇ ਹਾਕਮ ਧਰਮ ਤੇ ਜਾਤਪਾਤ ਦੇ ਨਾਂਅ ਉੱਤੇ ਭਾਰਤ ਵਿੱਚ ਕਰਦੇ ਆ ਰਹੇ ਹਨ। ਅਮਰੀਕਾ ਵਿੱਚ ਇਸ ਸਮੇਂ ਫਿਰਕਿਆਂ ਵਿੱਚ ਵੈਰ-ਭਾਵ ਤੇ ਨਫ਼ਰਤ ਸਿਖਰ ਉੱਤੇ ਹੈ। ਮਸ਼ਹੂਰ ਵਿਗਿਆਨਕ ਪੱਤਰਕਾ 'ਸਾਇੰਸ' ਵਿੱਚ ਅਮਰੀਕਾ ਦੀਆਂ 11 ਯੂਨੀਵਰਸਿਟੀਆਂ ਦੇ ਸਮਾਜਿਕ ਵਿਗਿਆਨੀਆਂ ਨੇ ਲਿਖਿਆ ਹੈ ਕਿ ਇਸ ਸਮੇਂ ਅਮਰੀਕਾ ਵਿੱਚ ਲੋਕ ਇੱਕ-ਦੂਜੇ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਹਨ, ਜਿਸ ਨਾਲ ਸਮਾਜ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਭਾਰਤ ਵਾਂਗ ਹੀ ਅਮਰੀਕਾ ਵਿੱਚ ਵੀ ਸੋਸ਼ਲ ਮੀਡੀਆ ਉੱਤੇ ਇੱਕ-ਦੂਜੇ ਫਿਰਕੇ ਵਿਰੁੱਧ ਜ਼ਹਿਰ ਉਗਲਿਆ ਜਾ ਰਿਹਾ ਹੈ। ਇੱਕ ਪਾਸੇ ਗੋਰੇ ਲੋਕ ਆਪਣੇ ਉੱਤਮ ਨਸਲ ਦੇ ਹੋਣ ਦੇ ਘੁਮੰਡ ਵਿੱਚ ਚੂਰ ਹਨ ਤੇ ਦੂਜੇ ਪਾਸੇ ਪ੍ਰਵਾਸੀ, ਅਫ਼ਰੀਕੀ-ਅਮਰੀਕੀ ਤੇ ਧਾਰਮਕ ਘੱਟ ਗਿਣਤੀਆਂ ਦੇ ਲੋਕ ਨਫ਼ਰਤ ਦੇ ਪਾਤਰ ਬਣਨ ਲਈ ਮਜਬੂਰ ਹਨ।
ਅਮਰੀਕਾ ਦੇ ਕੁਝ ਸਿਆਸੀ ਵਿਸ਼ਲੇਸ਼ਕ ਡੋਨਾਲਡ ਟਰੰਪ ਦੇ ਕਾਰਜਕਾਲ ਨੂੰ ਇੱਕ ਹਾਦਸਾ ਮੰਨਦੇ ਹਨ, ਪਰ ਅਜਿਹਾ ਨਹੀਂ ਹੈ। ਇਨ੍ਹਾਂ ਚੋਣਾਂ ਨੇ ਦਿਖਾ ਦਿੱਤਾ ਹੈ ਕਿ ਅਮਰੀਕਾ ਦੀ ਲੱਗਭੱਗ ਅੱਧੀ ਅਬਾਦੀ ਟਰੰਪ ਦੀ ਸੋਚ ਦੇ ਪਿੱਛੇ ਖੜ੍ਹੀ ਹੈ। ਜਦੋਂ ਜੋ ਬਾਇਡਨ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ ਤਾਂ ਉਨ੍ਹਾ ਨੂੰ ਇੱਕ ਅਜਿਹਾ ਖੇਰੂੰ-ਖੇਰੂੰ ਹੋ ਚੁੱਕਿਆ ਅਮਰੀਕਾ ਮਿਲੇਗਾ, ਜਿਹੜਾ ਟਰੰਪ ਉਸ ਨੂੰ ਵਿਰਾਸਤ ਦੇ ਕੇ ਜਾਵੇਗਾ। ਇਹ ਗੱਲ ਜੋ ਬਾਇਡਨ ਨੂੰ ਵੀ ਪਤਾ ਹੈ। ਇਸੇ ਲਈ ਉਨ੍ਹਾ ਨੇ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਹੈ, ''ਮੈਂ ਅਜਿਹਾ ਰਾਸ਼ਟਰਪਤੀ ਬਣਨ ਦੀ ਪ੍ਰਤਿਗਿਆ ਲੈਂਦਾ ਹਾਂ, ਜੋ ਅਮਰੀਕਾ ਨੂੰ ਇੱਕ ਸੂਤਰ ਵਿੱਚ ਬੰਨ੍ਹੇ, ਨਾ ਕਿ ਵੰਡੀਆਂ ਪਾਵੇ। ਅਜਿਹਾ ਰਾਸ਼ਟਰਪਤੀ, ਜੋ ਰਾਜਾਂ ਨੂੰ ਲਾਲ (ਰਿਪਬਲਿਕਨ ਸਮਰੱਥਕ) ਅਤੇ ਨੀਲੇ (ਡੈਮੋਕ੍ਰੇਟਿਕ ਸਮਰੱਥਕ) ਦੇ ਤੌਰ ਉੱਤੇ ਨਾ ਦੇਖੇ। ਅਜਿਹਾ ਰਾਸ਼ਟਰਪਤੀ, ਜੋ ਸਾਰੇ ਲੋਕਾਂ ਦਾ ਭਰੋਸਾ ਜਿੱਤਣ ਲਈ ਦਿਲ ਲਾ ਕੇ ਕੰਮ ਕਰੇ। ਹੁਣ ਸਮਾਂ ਆ ਗਿਆ ਹੈ ਕਿ ਸਖ਼ਤ ਬਿਆਨਬਾਜ਼ੀ ਬੰਦ ਕੀਤੀ ਜਾਵੇ। ਇੱਕ-ਦੂਜੇ ਨੂੰ ਮਿਲੀਏ ਤੇ ਇੱਕ-ਦੂਜੇ ਨੂੰ ਸੁਣੀਏ। ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ, ਉਸਾਰੀ ਲਈ, ਫਸਲ ਕੱਟਣ ਲਈ, ਫਸਲ ਬੀਜਣ ਲਈ ਅਤੇ ਆਪਣੇ ਜ਼ਖ਼ਮ ਭਰਨ ਲਈ। ਹੁਣ ਇਹ ਸਮਾਂ ਅਮਰੀਕਾ ਲਈ ਆਪਣੇ ਜ਼ਖ਼ਮ ਭਰਨ ਦਾ ਹੈ।''
ਇਹ ਵੀ ਇੱਕ ਸੱਚਾਈ ਹੈ ਕਿ ਇਸ ਔਖੇ ਸਮੇਂ ਵਿੱਚ ਵੀ ਅਮਰੀਕਾ ਵਿੱਚ ਭਾਈਚਾਰਕ ਸਾਂਝ ਨੂੰ ਪ੍ਰਣਾਏ ਲੋਕਾਂ ਨੇ ਟਰੰਪ ਨੂੰ ਹਰਾ ਕੇ ਕਈ ਨਵੇਂ ਰਿਕਾਰਡ ਬਣਾਏ ਹਨ। ਇਨ੍ਹਾਂ ਚੋਣਾਂ ਵਿੱਚ ਜੋ ਬਾਇਡਨ ਨੂੰ ਜਿੰਨੀਆਂ ਵੋਟਾਂ ਮਿਲੀਆਂ ਹਨ, ਪਹਿਲਾਂ ਕਿਸੇ ਵੀ ਡੈਮੋਕ੍ਰੇਟਿਕ ਉਮੀਦਵਾਰ ਨੂੰ ਨਹੀਂ ਸੀ ਮਿਲੀਆਂ। ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਵਿੱਚ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ ਬਣ ਗਈ ਹੈ। ਕਮਲਾ ਹੈਰਿਸ ਗਰੀਬਾਂ, ਕਾਲਿਆਂ, ਘੱਟ ਗਿਣਤੀਆਂ ਤੇ ਪ੍ਰਵਾਸੀਆਂ ਵਿੱਚ ਬਹੁਤ ਹੀ ਹਰਮਨ-ਪਿਆਰੀ ਹੈ। ਅਮਰੀਕੀ ਮੀਡੀਆ ਦੀ ਰਿਪੋਰਟ ਅਨੁਸਾਰ ਇਨ੍ਹਾਂ ਤਬਕਿਆਂ ਦੇ ਲੋਕਾਂ ਨੂੰ ਭਰੋਸਾ ਹੈ ਕਿ ਹੈਰਿਸ ਉਨ੍ਹਾਂ ਦੇ ਹੱਕਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਅਮਰੀਕਾ ਵਿੱਚ ਸੱਤਾ ਬਦਲੀ ਤੋਂ ਬਾਅਦ ਨੌਕਰੀਆਂ ਤੇ ਸਥਾਈ ਨਾਗਰਿਕਤਾ ਦੀ ਉਮੀਦ ਲਾਈ ਬੈਠੇ ਭਾਰਤੀਆਂ ਨੂੰ ਰਾਹਤ ਮਿਲ ਸਕਦੀ ਹੈ। ਨਵੇਂ ਰਾਸ਼ਟਰਪਤੀ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਦੇ ਲਾਗੂ ਹੋਣ ਕਾਰਨ ਹਜ਼ਾਰਾਂ ਭਾਰਤੀਆਂ ਨੂੰ ਗਰੀਨ ਕਾਰਡ ਮਿਲ ਸਕਦਾ ਹੈ। ਭਾਰਤੀ ਮੂਲ ਦੇ ਲੋਕਾਂ ਨੂੰ ਆਸ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਐੱਚ-1 ਬੀ ਵੀਜ਼ਾ ਧਾਰਕਾਂ ਲਈ ਪਤੀ-ਪਤਨੀ ਦੇ ਵਰਕ ਪਰਮਿਟ ਉੱਤੇ ਲਾਈ ਰੋਕ ਨੂੰ ਬਾਇਡਨ ਤੇ ਕਮਲਾ ਦੀ ਜੋੜੀ ਖ਼ਤਮ ਕਰ ਦੇਵੇਗੀ। ਇਸ ਤੋਂ ਬਿਨਾਂ ਵੀ ਬਾਇਡਨ ਪ੍ਰਵਾਸੀਆਂ ਲਈ ਨਵੇਂ ਰਾਹ ਖੋਲ੍ਹ ਸਕਦੇ ਹਨ।
ਇੱਕ ਗੱਲ ਸਾਨੂੰ ਹੋਰ ਚੇਤੇ ਰੱਖਣੀ ਚਾਹੀਦੀ ਹੈ ਕਿ ਟਰੰਪ ਦੇ ਦੌਰ ਵਿੱਚ ਅਮਰੀਕਾ ਵੱਲੋਂ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਪ੍ਰਤੀ ਅੱਖਾਂ ਮੀਟੀ ਰੱਖਣ ਵਾਲੀ ਨੀਤੀ ਅਪਣਾਈ ਗਈ। ਜਿਹੜੇ ਅਮਰੀਕਾ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਦੇ ਅਮਰੀਕਾ ਵੜਨ ਉੱਤੇ ਪਾਬੰਦੀ ਲਾ ਦਿੱਤੀ ਸੀ, ਉਸੇ ਅਮਰੀਕਾ ਨੇ ਦਿੱਲੀ ਦੰਗਿਆਂ ਵਿਰੁੱਧ ਮੂੰਹ ਤੱਕ ਨਾ ਖੋਲ੍ਹਿਆ। ਕਸ਼ਮੀਰੀਆਂ ਨੂੰ 6 ਮਹੀਨੇ ਤੋਂ ਵੱਧ ਸਮੇਂ ਤੱਕ ਘਰਾਂ ਵਿੱਚ ਕੈਦ ਰੱਖਿਆ ਗਿਆ, ਪਰ ਅਮਰੀਕਾ ਨੂੰ ਮਨੁੱਖੀ ਅਧਿਕਾਰਾਂ ਦੀ ਚਿੰਤਾ ਨਾ ਹੋਈ। ਬਾਇਡਨ ਨੇ ਧਾਰਾ 370 ਹਟਾਏ ਜਾਣ ਤੇ ਨਾਗਰਿਕਤਾ ਸੋਧ ਕਾਨੂੰਨਾਂ ਦੀ ਅਲੋਚਨਾ ਕੀਤੀ ਸੀ। ਇਸ ਲਈ ਇਹ ਆਸ ਰੱਖਣੀ ਬਣਦੀ ਹੈ ਕਿ ਬਾਇਡਨ ਟਰੰਪ ਵਾਂਗ ਅੱਖਾਂ ਮੀਚ ਕੇ ਮੋਦੀ ਦੀ ਮਦਦ ਨਹੀਂ ਕਰਨਗੇ। ਆਖਰੀ ਗੱਲ ਕਿ ਅਮਰੀਕੀਆਂ ਨੇ ਇੱਕ ਫਾਸ਼ੀ ਰੁਚੀਆਂ ਵਾਲੇ ਨੂੰ ਸੱਤਾ ਤੋਂ ਬਾਹਰ ਦਾ ਰਾਸਤਾ ਦਿਖਾ ਕੇ ਸਾਨੂੰ ਚੇਤਾਵਨੀ ਦੇ ਦਿੱਤੀ ਹੈ, ਕਿਉਂਕਿ ਅਸੀਂ ਵੀ ਇੱਕ ਖੇਰੂੰ-ਖੇਰੂੰ ਹੋ ਚੁੱਕੇ ਸਮਾਜਕ ਢਾਂਚੇ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ।
-ਚੰਦ ਫਤਿਹਪੁਰੀ

799 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper