Latest News
ਬਿਹਾਰ ਦੇ ਕਮਿਊਨਿਸਟ ਵਧਾਈ ਦੇ ਹੱਕਦਾਰ

Published on 11 Nov, 2020 10:29 AM.

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇੱਕ ਵਾਰ ਫਿਰ ਭਾਜਪਾ-ਜੇ ਡੀ ਯੂ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਨੇ 125 ਸੀਟਾਂ ਹਾਸਲ ਕਰ ਲਈਆਂ ਹਨ। ਰਾਜਦ ਦੀ ਅਗਵਾਈ ਵਾਲਾ ਗਠਜੋੜ 110 ਸੀਟਾਂ ਲੈ ਕੇ ਸਰਕਾਰ ਬਣਾਉਣ ਤੋਂ ਦੋ ਕਦਮ ਪਿੱਛੇ ਰਹਿ ਗਿਆ ਹੈ। ਬਿਹਾਰ ਦੀਆਂ ਇਨ੍ਹਾਂ ਚੋਣਾਂ ਵਿੱਚ ਦੋਹਾਂ ਮੁੱਖ ਗੱਠਜੋੜਾਂ ਵਿੱਚ ਜਿੰਨੀ ਫਸਵੀਂ ਟੱਕਰ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ। ਰਾਜਦ ਵੱਲੋਂ ਇਹ ਇਲਜ਼ਾਮ ਲੱਗ ਰਹੇ ਹਨ ਕਿ ਗਿਣਤੀ ਸਮੇਂ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਦੇ ਕੁਝ ਜੇਤੂ ਉਮੀਦਵਾਰਾਂ ਨੂੰ ਆਖ਼ਰੀ ਸਮੇਂ 'ਤੇ ਹਾਰਿਆ ਐਲਾਨ ਦਿੱਤਾ ਗਿਆ। ਇਸ ਬਾਰੇ ਇੱਕ-ਦੋ ਦਿਨਾਂ ਵਿੱਚ ਸੱਚਾਈ ਸਾਹਮਣੇ ਆ ਜਾਵੇਗੀ। ਇਨ੍ਹਾਂ ਚੋਣਾਂ ਵਿੱਚ ਸਭ ਤੋਂ ਸਫ਼ਲ ਯੁੱਧਨੀਤੀ ਭਾਜਪਾ ਦੀ ਰਹੀ ਹੈ। ਉਸ ਨੇ ਆਪਣੀ ਤਾਕਤ ਨੂੰ ਵਧਾਉਣ, ਗੱਠਜੋੜ ਨੂੰ ਜਿਤਾਉਣ ਤੇ ਨਿਤੀਸ਼ ਕੁਮਾਰ ਨੂੰ ਉਸ ਦੀ ਔਕਾਤ ਦਿਖਾਉਣ ਲਈ ਸਫ਼ਲ ਖਿਡਾਰੀ ਵਾਲੇ ਦਾਅਪੇਚ ਕਾਮਯਾਬੀ ਨਾਲ ਵਰਤੇ। ਮਹਾਂਗੱਠਜੋੜ ਨੂੰ ਕਮਜ਼ੋਰ ਕਰਨ ਲਈ ਉਸ ਦੇ ਭਾਈਵਾਲਾਂ ਵਿੱਚ ਸੰਨ੍ਹ ਲਾਈ। ਜੀਤਨ ਰਾਮ ਮਾਂਝੀ ਨੂੰ ਤੋੜ ਕੇ ਆਪਣੇ ਗੱਠਜੋੜ ਵਿੱਚ ਲਿਆਂਦਾ। ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਓਪੇਂਦਰ ਕੁਸ਼ਵਾਹਾ ਨੂੰ ਪਹਿਲਾਂ ਉਂਗਲ ਲਾ ਕੇ ਮਹਾਂਗੱਠਜੋੜ ਤੋਂ ਵੱਖਰੇ ਕੀਤਾ ਤੇ ਫਿਰ ਐਨ ਮੌਕੇ 'ਤੇ ਅੰਗੂਠਾ ਦਿਖਾ ਕੇ ਨਾ ਘਰ ਦਾ ਨਾ ਘਾਟ ਦਾ ਰਹਿਣ ਦਿੱਤਾ। ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮੁਕੇਸ਼ ਸਾਹਨੀ ਨੂੰ ਮਹਾਂਗੱਠਜੋੜ ਵਿੱਚ ਸੀਟਾਂ ਦੀ ਵੰਡ 'ਚ ਹਿੱਸਾ ਹਾਸਲ ਕਰ ਲੈਣ ਦੇ ਬਾਵਜੂਦ ਆਖਰੀ ਸਮੇਂ ਉੱਤੇ ਆਪਣੇ ਹਿੱਸੇ ਦੀਆਂ ਸੀਟਾਂ ਵਿੱਚੋਂ 11 ਸੀਟਾਂ ਦੇ ਕੇ ਆਪਣੇ ਨਾਲ ਰਲਾ ਲਿਆ, ਹਾਲਾਂਕਿ ਮਹਾਂਗੱਠਜੋੜ ਵਿੱਚ ਉਸ ਨੂੰ ਵੱਧ ਸੀਟਾਂ ਮਿਲਦੀਆਂ ਸਨ। ਇਸ ਤਰ੍ਹਾਂ ਭਾਜਪਾ ਦੇ ਨੀਤੀ ਘਾੜਿਆਂ ਨੇ ਅਜਿਹੇ ਜਾਤੀਵਾਦੀ ਸਮੀਕਰਣ ਪੈਦਾ ਕਰ ਦਿੱਤੇ, ਜਿਹੜੇ ਮਹਾਂਗੱਠਜੋੜ ਦੀਆਂ ਵੋਟਾਂ ਤੋੜ ਸਕਦੇ ਸਨ। ਕੁਸ਼ਵਾਹਾ ਦੀ ਅਗਵਾਈ ਵਾਲਾ ਬਸਪਾ ਤੇ ਓਵੈਸੀ ਵਾਲਾ ਗਠਜੋੜ ਤੇ ਪੱਪੂ ਯਾਦਵ ਤੇ ਚੰਦਰ ਸ਼ੇਖਰ ਦੀ ਅਜ਼ਾਦ ਸਮਾਜ ਪਾਰਟੀ ਦਾ ਗੱਠਜੋੜ ਬਹੁਤ ਸਾਰੀਆਂ ਸੀਟਾਂ ਉੱਤੇ ਮਹਾਂਗੱਠਜੋੜ ਦੇ ਜੜ੍ਹੀਂ ਬੈਠ ਗਿਆ। ਇਨ੍ਹਾਂ ਗੱਠਜੋੜਾਂ ਵਿੱਚ ਭਾਵੇਂ ਹੋਰਾਂ ਦੇ ਪੱਲੇ ਕੱਖ ਨਹੀਂ ਪਿਆ, ਪਰ ਓਵੈਸੀ ਨੇ 5 ਸੀਟਾਂ ਜਿੱਤ ਕੇ ਆਪਣੀ ਹੋਂਦ ਦਾ ਅਹਿਸਾਸ ਕਰਾ ਦਿੱਤਾ ਹੈ। ਭਾਜਪਾ ਨੇ ਨਿਤੀਸ਼ ਨੂੰ ਨਸੀਹਤ ਦੇਣ ਲਈ ਚਿਰਾਗ ਪਾਸਵਾਨ ਨੂੰ ਉਸ ਦੇ ਮੱਥੇ ਮੜ੍ਹ ਦਿੱਤਾ। ਚਿਰਾਗ ਪਾਸਵਾਨ ਦੀ ਪਾਰਟੀ ਭਾਵੇਂ ਸਿਰਫ਼ ਇੱਕ ਸੀਟ ਜਿੱਤ ਸਕੀ ਹੈ, ਪਰ ਨਿਤੀਸ਼ ਦੀ ਪਾਰਟੀ ਨੂੰ ਭਾਜਪਾ ਦੇ ਲੱਗਭੱਗ ਅੱਧ ਵਿੱਚ ਪੁਚਾ ਦਿੱਤਾ ਹੈ। ਹੁਣ ਭਾਵੇਂ ਭਾਜਪਾ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਬਣਾ ਦੇਵੇ, ਜਿਸ ਦੀ ਪੱਕੀ ਸੰਭਾਵਨਾ ਨਹੀਂ, ਜੋੜੇ ਉਸ ਨੂੰ ਭਾਜਪਾ ਦੇ ਹੀ ਸਾਫ਼ ਕਰਨੇ ਪੈਣਗੇ। ਜਿੱਥੋਂ ਤੱਕ ਮਹਾਂਗੱਠਜੋੜ ਦਾ ਸੰਬੰਧ ਹੈ, ਉਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਜਪਾ-ਜੇ ਡੀ ਯੂ ਵਾਲੇ ਗੱਠਜੋੜ ਨੂੰ ਸਖ਼ਤ ਟੱਕਰ ਦਿੱਤੀ ਹੈ। ਇਹ ਪਹਿਲੀ ਵਾਰ ਸੀ, ਜਦੋਂ ਤੇਜਸਵੀ ਯਾਦਵ ਦੀ ਅਗਵਾਈ ਵਿੱਚ ਇਸ ਗੱਠਜੋੜ ਨੇ ਜਾਤੀਵਾਦੀ ਪਹੁੰਚ ਨੂੰ ਤੱਜ ਕੇ ਸਮੁੱਚੇ ਬਿਹਾਰੀਆਂ ਨੂੰ ਸਿਆਸੀ ਤੇ ਆਰਥਿਕ ਮੋਰਚੇ ਉਤੇ ਇਕਜੁੱਟ ਕਰਨ ਵਿੱਚ ਵੱਡੀ ਹੱਦ ਤੱਕ ਸਫ਼ਲਤਾ ਹਾਸਲ ਕੀਤੀ। ਰਾਜ ਸੱਤਾ ਤੱਕ ਨਾ ਪਹੁੰਚਣ ਦੇ ਬਾਵਜੂਦ ਰਾਜਦ ਇਕੱਲਿਆਂ ਸਭ ਤੋਂ ਵੱਧ ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ। ਆਮ ਵਾਂਗ ਇਨ੍ਹਾਂ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਬਿਹਾਰੀਆਂ ਦਾ ਦਿਲ ਜਿੱਤਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ। ਉਸ ਦਾ ਜਿੱਤ ਪ੍ਰਤੀਸ਼ਤ ਆਪਣੇ ਦੂਜੇ ਭਾਈਵਾਲਾਂ ਦੇ ਮੁਕਾਬਲੇ ਬਹੁਤ ਘੱਟ ਰਿਹਾ, ਜੋ ਮਹਾਂਗੱਠਜੋੜ ਲਈ ਨੁਕਸਾਨਦੇਹ ਸਾਬਤ ਹੋਇਆ। ਇਨ੍ਹਾਂ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਪੱਖ ਖੱਬੇ-ਪੱਖੀ ਪਾਰਟੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ ਹੈ। ਆਖਰੀ ਸਮੇਂ ਤੱਕ 18 ਸੀਟਾਂ ਉੱਤੇ ਅੱਗੇ ਰਹਿੰਦਿਆਂ ਅੰਤ ਨੂੰ ਇਹ ਪਾਰਟੀਆਂ ਉਨ੍ਹਾਂ ਦੇ ਹਿੱਸੇ ਆਈਆਂ 29 ਵਿੱਚੋਂ 16 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀਆਂ। ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਕੁਝ ਸੀਟਾਂ ਉੱਤੇ ਫਸਵੀਂ ਟੱਕਰ ਦਿੱਤੀ, ਪਰ ਕਾਮਯਾਬ ਨਹੀਂ ਹੋ ਸਕੇ। ਪਿਛਲੀਆਂ ਚੋਣਾਂ 'ਚ ਸਿਰਫ਼ ਸੀ ਪੀ ਆਈ (ਐੱਮ ਐੱਲ) ਨੇ ਤਿੰਨ ਸੀਟਾਂ ਜਿੱਤੀਆਂ ਸਨ। ਐਤਕੀਂ ਮਹਾਂਗੱਠਜੋੜ ਦਾ ਹਿੱਸਾ ਬਣ ਕੇ ਸੀ ਪੀ ਆਈ (ਐੱਮ ਐੱਲ) ਨੇ 12 ਅਤੇ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਨੇ ਦੋ-ਦੋ ਸੀਟਾਂ ਜਿੱਤੀਆਂ। ਤਿੰਨ ਸੀਟਾਂ ਤੋਂ 16 ਉੱਤੇ ਪੁੱਜ ਜਾਣਾ, ਇਨ੍ਹਾਂ ਦੇ ਕਾਡਰ ਨੂੰ ਹੁਲਾਰਾ ਦੇਵੇਗਾ। ਇਹ ਸਫ਼ਲਤਾ ਲੰਮੀ ਛਾਲ ਹੈ। ਅੱਜ ਜਦੋਂ ਸਰਮਾਏਦਾਰ ਪਾਰਟੀਆਂ ਚੋਣਾਂ ਵਿੱਚ ਕਰੋੜਾਂ ਰੁਪਏ ਪਾਣੀ ਵਾਂਗ ਵਹਾਉਂਦੀਆਂ ਹਨ, ਲੋਕਾਂ ਕੋਲੋਂ ਮਿਲੇ ਚੰਦੇ ਨਾਲ ਧਨ-ਕੁਬੇਰਾਂ ਨੂੰ ਮੂਧੇ ਮੂੰਹ ਸੁੱਟ ਦੇਣਾ ਕੋਈ ਸੌਖਾ ਨਹੀਂ ਹੁੰਦਾ। ਇਸ ਲਈ ਬਿਹਾਰ ਦੇ ਕਮਿਊਨਿਸਟ ਵਧਾਈ ਦੇ ਪਾਤਰ ਹਨ। - ਚੰਦ ਫਤਿਹਪੁਰੀ

700 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper