Latest News
ਕੇਜਰੀਵਾਲ ਦਾ ਪ੍ਰਪੰਚ

Published on 15 Nov, 2020 10:23 AM.

ਦੀਵਾਲੀ ਤੋਂ ਪਹਿਲਾਂ ਲੱਗਭੱਗ ਪੂਰਾ ਹਫ਼ਤਾ ਟੀ ਵੀ ਚੈਨਲਾਂ ਤੇ ਹੋਰ ਮੀਡੀਆ ਪਲੇਟਫਾਰਮਾਂ 'ਤੇ ਇੱਕ ਅਵਾਜ਼ ਗੂੰਜਦੀ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਦੇ 'ਤੇ ਪ੍ਰਗਟ ਹੁੰਦੇ ਹਨ ਤੇ ਨਰਮ ਲਹਿਜ਼ੇ 'ਚ ਦਿੱਲੀ ਦੀ ਜਨਤਾ ਨੂੰ ਸੰਬੋਧਨ ਕਰਦੇ ਹਨ। ''ਸ਼ਨੀਵਾਰ 14 ਨਵੰਬਰ ਨੂੰ ਦੀਵਾਲੀ ਹੈ। ਪ੍ਰਭੂ ਸ੍ਰੀ ਰਾਮ 14 ਸਾਲਾਂ ਦੇ ਬਨਵਾਸ ਤੋਂ ਬਾਅਦ ਘਰ ਵਾਪਸ ਆਏ ਸਨ। ਆਓ, ਦਿੱਲੀ ਪਰਵਾਰ ਦੇ ਦੋ ਕਰੋੜ ਲੋਕ ਇੱਕ ਸਾਥ ਮਿਲ ਕੇ ਦੀਵਾਲੀ ਪੂਜਨ ਕਰੀਏ। 14 ਤਰੀਕ ਸ਼ਾਮ 7 ਵੱਜ ਕੇ 39 ਮਿੰਟ 'ਤੇ ਪੂਜਾ ਦਾ ਸ਼ੁਭ ਮਹੂਰਤ ਹੈ। ਮੈਂ ਆਪਣੇ ਸਾਰੇ ਮੰਤਰੀਆਂ ਸਮੇਤ ਅਕਸ਼ਰਧਾਮ ਮੰਦਰ ਪੁੱਜ ਕੇ ਸ਼ਾਮ 7 ਵੱਜ ਕੇ 39 ਮਿੰਟ 'ਤੇ ਪੂਜਾ ਕਰਾਂਗਾ। ਪੂਜਾ ਤੇ ਮੰਤਰਾਂ ਦੇ ਉਚਾਰਣ ਦਾ ਲਾਈਵ ਟੈਲੀਕਾਸਟ ਹੋਵੇਗਾ। ਆਪ ਵੀ ਆਪਣਾ ਟੀ ਵੀ ਲਗਾ ਕੇ ਉਸੇ ਸਮੇਂ ਆਪਣੇ ਪਰਵਾਰ ਸਮੇਤ ਮੇਰੇ ਨਾਲ ਪੂਜਾ 'ਚ ਸ਼ਾਮਲ ਹੋਣਾ। ਦਿੱਲੀ ਦੇ ਦੋ ਕਰੋੜ ਲੋਕ ਜਦੋਂ ਇੱਕ ਸਾਥ ਮਿਲ ਕੇ ਦੀਵਾਲੀ ਪੂਜਨ ਕਰਨਗੇ ਤਾਂ ਦਿੱਲੀ 'ਚ ਚਾਰੇ ਪਾਸੇ ਅਦਭੁੱਤ ਤਰੰਗਾਂ ਪੈਦਾ ਹੋਣਗੀਆਂ। ਸਾਰੀਆਂ ਦਿੱਖ ਤੇ ਅਦਿੱਖ ਸ਼ਕਤੀਆਂ ਦਿੱਲੀ ਵਾਸੀਆਂ ਨੂੰ ਆਪਣਾ ਅਸ਼ੀਰਵਾਦ ਦੇਣਗੀਆਂ। ਸਭ ਦਿੱਲੀ ਵਾਸੀ ਮੰਗਲਮਈ ਹੋ ਜਾਣਗੇ।'' ਕੇਜਰੀਵਾਲ ਦੇ ਇਸ ਸੰਦੇਸ਼ ਤੇ ਦੀਵਾਲੀ ਪੂਜਾ ਨੇ ਦਿੱਲੀ ਵਾਸੀਆਂ ਦੇ ਜੀਵਨ 'ਚ ਕਿੰਨੀ ਖੁਸ਼ਹਾਲੀ ਲੈ ਆਂਦੀ ਹੈ, ਇਸ ਦਾ ਪਤਾ ਤਾਂ ਸਮੇਂ ਦੇ ਨਾਲ-ਨਾਲ ਹੀ ਲੱਗੇਗਾ, ਪਰ ਇਨ੍ਹਾਂ ਸ਼ਬਦਾਂ ਨੇ ਕੇਜਰੀਵਾਲ ਦਾ ਧਰਮ-ਨਿਰਪੱਖਤਾ ਦਾ ਮੁਖੌਟਾ ਉਤਾਰ ਕੇ ਰੱਖ ਦਿੱਤਾ ਹੈ। ਸ਼ੁਰੂਆਤ ਤਾਂ ਇਸ ਦੀ ਪੰਜ ਅਗਸਤ ਨੂੰ ਹੀ ਹੋ ਗਈ ਸੀ, ਜਦੋਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਨੀਂਹ ਰੱਖਣ ਮੌਕੇ ਕੇਜਰੀਵਾਲ ਨੇ ਇਸ ਦਾ ਜਨਤਕ ਜਸ਼ਨ ਮਨਾ ਕੇ ਆਪਣੀ ਹਿੰਦੂਤਵੀ ਸੋਚ ਦਾ ਪ੍ਰਗਟਾਵਾ ਕਰ ਦਿੱਤਾ ਸੀ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਵੀ ਕੇਜਰੀਵਾਲ ਨੇ ਭਾਜਪਾ ਦੇ ਰਾਮ ਦੇ ਮੁਕਾਬਲੇ ਹਨੂੰਮਾਨ ਨੂੰ ਖੜ੍ਹਾ ਕਰ ਦਿੱਤਾ ਸੀ। ਚੋਣ ਪ੍ਰਚਾਰ ਦੌਰਾਨ ਇੱਕ ਟੀ ਵੀ ਚੈਨਲ 'ਤੇ ਉਹ ਹਨੂੰਮਾਨ ਚਾਲੀਸਾ ਪੜ੍ਹਦੇ ਦਿਖਾਈ ਦੇ ਰਹੇ ਸਨ। ਚੋਣ ਜਿੱਤਣ ਤੋਂ ਬਾਅਦ ਉਹ ਹਨੂੰਮਾਨ ਦਾ ਧੰਨਵਾਦ ਕਰਨ ਲਈ ਹਨੂੰਮਾਨ ਮੰਦਰ ਵੀ ਗਏ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤਾਂ ਇਸ ਨੂੰ ਆਰ ਐੱਸ ਐੱਸ ਦੀ ਹਿੰਦੂਤਵੀ ਵਿਚਾਰਧਾਰਾ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਸੀ ਕਿ ਹੁਣ ਤਾਂ ਕੇਜਰੀਵਾਲ ਨੇ ਵੀ ਹਨੂੰਮਾਨ ਚਾਲੀਸਾ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ, ਆਉਣ ਵਾਲੇ ਦਿਨੀਂ ਤੁਸੀਂ ਓਵੈਸੀ ਨੂੰ ਵੀ ਪੜ੍ਹਦੇ ਦੇਖੋਗੇ। 20 ਜਨਵਰੀ ਨੂੰ ਇੱਕ ਚੋਣ ਰੋਡ ਸ਼ੋਅ ਵਿੱਚ ਕੇਜਰੀਵਾਲ ਤਿਲਕ ਲਾ ਕੇ ਆਏ ਸਨ ਤੇ ਉਨ੍ਹਾ ਆਪਣੇ ਭਾਸ਼ਣ ਵਿੱਚ ਕਿਹਾ ਸੀ, ''ਮੈਂ ਸਭ ਤੋਂ ਪਹਿਲਾਂ ਸਵੇਰੇ ਉਠ ਕੇ ਸ਼ਿਵ ਮੰਦਰ ਗਿਆ, ਸ਼ਿਵਜੀ ਮਹਾਰਾਜ ਤੋਂ ਅਸ਼ੀਰਵਾਦ ਲਿਆ, ਫਿਰ ਵਾਲਮੀਕ ਮੰਦਰ ਗਿਆ, ਵਾਲਮੀਕ ਭਗਵਾਨ ਤੋਂ ਅਸ਼ੀਰਵਾਦ ਲਿਆ, ਫਿਰ ਹਨੂੰਮਾਨ ਮੰਦਰ ਗਿਆ ਤੇ ਹਨੂੰਮਾਨ ਜੀ ਤੋਂ ਅਸ਼ੀਰਵਾਦ ਲਿਆ।'' ਇਹ ਉਹ ਦਿਨ ਸਨ, ਜਦੋਂ ਪੂਰੀ ਦਿੱਲੀ ਵਿੱਚ ਨਾਗਰਿਕ ਸੋਧ ਕਾਨੂੰਨਾਂ ਵਿਰੁੱਧ ਲੋਕ ਧਰਨੇ ਦੇ ਰਹੇ ਸਨ, ਪਰ ਕੇਜਰੀਵਾਲ ਨੇ ਇਨ੍ਹਾਂ ਧਰਨਿਆਂ ਪ੍ਰਤੀ ਇੱਕ ਸ਼ਬਦ ਤੱਕ ਵੀ ਬੋਲਣ ਦੀ ਖੇਚਲ ਨਾ ਕੀਤੀ। ਇਹੋ ਨਹੀਂ ਦਿੱਲੀ ਵਿੱਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਦੌਰਾਨ ਵੀ ਕੇਜਰੀਵਾਲ ਨੇ ਇਨ੍ਹਾਂ ਇਕਪਾਸੜ ਦੰਗਿਆਂ ਨੂੰ ਵੀ ਸੀ ਏ ਏ ਸਮੱਰਥਕਾਂ ਤੇ ਵਿਰੋਧੀਆਂ ਵਿੱਚ ਹੋਈ ਹਿੰਸਾ ਹੀ ਕਿਹਾ। ਸੱਚਾਈ ਇਹ ਹੈ ਕਿ ਇਹ ਆਰ ਐੱਸ ਐੱਸ ਹੀ ਸੀ, ਜਿਸ ਦੇ ਸਵੈਮ ਸੇਵਕਾਂ ਨੇ ਦਿੱਲੀ ਦੀਆਂ ਇਸ ਤੋਂ ਪਹਿਲਾਂ ਹੋਈਆਂ ਚੋਣਾਂ ਵਿੱਚ ਹੇਠਾਂ ਕੇਜਰੀਵਾਲ ਤੇ ਉਪਰ ਮੋਦੀ ਦਾ ਨਾਅਰਾ ਦਿੱਤਾ ਸੀ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ, ''ਇੱਕ ਖੁਦਮੁਖਤਿਆਰ ਸਮਾਜਵਾਦੀ, ਧਰਮ-ਨਿਰਪੱਖ ਲੋਕਤੰਤਰ ਗਣਰਾਜ'' ਐਲਾਨਿਆ ਗਿਆ ਹੈ। ਦੇਸ਼ ਦੇ ਸੰਵਿਧਾਨ ਅਨੁਸਾਰ ਸੰਵਿਧਾਨਕ ਅਹੁਦੇ 'ਤੇ ਬੈਠੇ ਹਰ ਵਿਅਕਤੀ ਲਈ ਉਸ ਦਾ ਧਰਮ ਤੇ ਭਾਸ਼ਾ ਉਸ ਦਾ ਨਿੱਜੀ ਮਾਮਲਾ ਹੈ। ਇਸ ਦਾ ਉਸ ਦੇ ਸੰਵਿਧਾਨਕ ਫ਼ਰਜ਼ਾਂ 'ਤੇ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ 1952 ਵਿੱਚ ਇੱਕ ਈਸਾਈ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਕਿਸੇ ਧਾਰਮਿਕ ਜਲਸੇ ਵਿੱਚ ਸ਼ਾਮਲ ਹੋਣ ਤੋਂ ਬਚਣਾ ਚਾਹੀਦਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਨਵੇਂ ਪੈਂਤੜੇ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਨਰਿੰਦਰ ਮੋਦੀ ਦੇ ਮੁਕਾਬਲੇ ਵਿੱਚ ਇੱਕ ਨਵੇਂ ਹਿੰਦੂਤਵ ਦੇ ਅਵਤਾਰ ਵਜੋਂ ਪ੍ਰਗਟ ਹੋਣ ਦੀ ਪੂਰੀ ਤਿਆਰੀ ਵਿੱਚ ਹੈ। ਇਸੇ ਕਰਕੇ ਉਹ ਜਨਤਾ ਦੇ ਖ਼ਜ਼ਾਨੇ ਨੂੰ ਲੋਕ ਹਿੱਤ ਦੇ ਕੰਮਾਂ ਵਿੱਚ ਖਰਚ ਕਰਨ ਦੀ ਥਾਂ ਆਪਣੇ ਹਿੰਦੂਤਵੀ ਅਕਸ ਨੂੰ ਉਭਾਰਨ ਲਈ ਖਰਚ ਕਰ ਰਿਹਾ ਹੈ। ਦੀਵਾਲੀ ਪੂਜਾ ਦੇ ਇਸ਼ਤਿਹਾਰਾਂ ਤੇ ਪ੍ਰੋਗਰਾਮ ਦੇ ਆਯੋਜਨ ਲਈ ਲੋਕਾਂ ਦੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਇਹ ਸਿੱਧੇ ਤੌਰ ਉਤੇ ਸਾਡੇ ਸੰਵਿਧਾਨ ਦੀ ਭਾਵਨਾ ਤੇ ਲੋਕਤੰਤਰੀ ਕਦਰਾਂ 'ਤੇ ਹਮਲਾ ਹੈ।

741 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper