Latest News
ਦੇਸ਼ ਦੇ ਮਾਸੂਮ ਖਤਰੇ 'ਚ

Published on 16 Nov, 2020 10:24 AM.


ਕੋਵਿਡ-19 ਦੀ ਵੈਕਸੀਨ ਬਣਾਉਣ ਲਈ ਦੁਨੀਆ-ਭਰ ਦੀਆਂ ਲੈਬਾਟਰੀਆਂ ਦਿਨ-ਰਾਤ ਇਕ ਕਰ ਰਹੀਆਂ ਹਨ, ਪਰ ਅਜੇ ਤੱਕ ਪੂਰੀ ਸਫਲਤਾ ਨਹੀਂ ਮਿਲ ਸਕੀ, ਪਰ ਖਸਰਾ ਉਨ੍ਹਾਂ ਬਿਮਾਰੀਆਂ ਵਿਚ ਆਉਂਦਾ ਹੈ, ਜਿਸ ਨੂੰ ਅਗਾਊਂ ਰੋਕਣ ਦੀ ਵੈਕਸੀਨ ਤਿਆਰ ਕੀਤੀ ਜਾ ਚੁੱਕੀ ਹੈ ਤੇ ਨਿਆਣਿਆਂ ਨੂੰ ਨਿੱਕੀ ਉਮਰੇ ਹੀ ਲਾ ਦਿੱਤੀ ਜਾਂਦੀ ਹੈ। ਸੰਸਾਰ ਸਿਹਤ ਜਥੇਬੰਦੀ ਦੀ ਅਗਵਾਈ ਵਿਚ ਦੁਨੀਆ-ਭਰ ਵਿਚ ਖਸਰੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਹਾਂ-ਪੱਖੀ ਨਤੀਜੇ ਨਿਕਲਦੇ ਆ ਰਹੇ ਸਨ, ਪਰ 2019 ਵਿਚ ਖਸਰਾ-ਪੀੜਤਾਂ ਦੀ ਗਿਣਤੀ ਅਚਾਨਕ ਵਧ ਜਾਣ ਨੇ ਗੰਭੀਰ ਚਿੰਤਾ ਲਾ ਦਿੱਤੀ ਹੈ। ਇਹ ਏਨੀ ਵਧ ਗਈ ਹੈ ਕਿ 23 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੰਸਾਰ ਸਿਹਤ ਜਥੇਬੰਦੀ ਤੇ ਯੂ ਐੱਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੀ ਨਵੀਂ ਰਿਪੋਰਟ ਮੁਤਾਬਕ ਭਾਰਤ ਵਿਚ 2019 ਵਿਚ 12 ਲੱਖ ਨੌਨਿਹਾਲਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਹੀ ਨਹੀਂ ਦਿੱਤੀ ਗਈ, ਨਾਈਜੇਰੀਆ ਦੇ 33 ਲੱਖ ਮਾਸੂਮਾਂ, ਈਥੋਪੀਆ ਦੇ 15 ਲੱਖ, ਡੈਮੋਕਰੇਟਿਕ ਰਿਪਬਲਿਕ ਆਫ ਦੀ ਕਾਂਗੋ ਦੇ 14 ਲੱਖ, ਪਾਕਿਸਤਾਨ ਦੇ 14 ਲੱਖ ਤੇ ਫਿਲਪਾਈਨ ਦੇ 70 ਹਜ਼ਾਰ ਮਾਸੂਮਾਂ ਨੂੰ ਵੈਕਸੀਨ ਦੇ ਕੇ ਬੇਮੌਤ ਮੌਤ ਤੋਂ ਬਚਾਉਣ ਦੀ ਹੁਕਮਰਾਨਾਂ ਨੇ ਲੋੜ ਨਹੀਂ ਸਮਝੀ। '2000-2019 ਦੌਰਾਨ ਖਸਰਾ ਖਤਮ ਕਰਨ ਲਈ ਖੇਤਰੀ ਪੱਧਰ 'ਤੇ ਪ੍ਰਗਤੀ' ਨਾਂਅ ਦੀ ਰਿਪੋਰਟ ਮੁਤਾਬਕ 2019 ਵਿਚ ਖਸਰਾ ਪੀੜਤਾਂ ਵਿਚ 869770 ਦਾ ਵਾਧਾ ਹੋਇਆ। ਮੌਤਾਂ 2016 ਤੋਂ ਵਧ ਕੇ 2019 ਵਿਚ ਦੋ ਕਰੋੜ 7 ਹਜ਼ਾਰ 500 ਹੋ ਗਈਆਂ। ਇਹ ਕਰੀਬ 50 ਫੀਸਦੀ ਦਾ ਵਾਧਾ ਹੈ। ਰਿਪੋਰਟ ਦੇ ਲੇਖਕਾਂ ਮੁਤਾਬਕ ਐੱਮ ਸੀ ਵੀ 1 ਤੇ ਐੱਮ ਸੀ ਵੀ 2 ਦੀਆਂ ਦੋ ਖੁਰਾਕਾਂ ਨਾ ਦੇਣ ਕਾਰਨ ਬੱਚਿਆਂ ਦੀਆਂ ਮੌਤਾਂ ਵਿਚ ਏਨਾ ਵਾਧਾ ਹੋਇਆ। ਸੰਸਾਰ ਸਿਹਤ ਜਥੇਬੰਦੀ ਦੇ ਡਾਇਰੈਕਟਰ ਜਨਰਲ ਡਾ. ਟੀ ਏ ਗੇਬਰੇਸਸ ਮੁਤਾਬਕ ਅੰਕੜੇ ਦੱਸਦੇ ਹਨ ਕਿ ਖਸਰੇ ਵਿਰੁੱਧ ਲੜਾਈ ਸ਼ਿੱਦਤ ਨਾਲ ਨਹੀਂ ਲੜੀ ਜਾ ਰਹੀ, ਇਸ ਨੂੰ ਫੈਲਣ ਤੋਂ ਰੋਕਣ ਤੇ ਮੌਤਾਂ ਤੋਂ ਬਚਾਅ ਲਈ ਵੈਕਸੀਨ ਲਾਉਣ ਲਈ ਲੋੜਵੰਦ ਦੇਸ਼ਾਂ ਨੂੰ ਖੁੱਲ੍ਹ ਕੇ ਮਦਦ ਕੀਤੇ ਜਾਣ ਦੀ ਲੋੜ ਹੈ। ਡਾ. ਗੇਬਰੇਸਸ ਦੀ ਇਹ ਅਪੀਲ ਇਸ ਕਰਕੇ ਅਹਿਮ ਹੋ ਜਾਂਦੀ ਹੈ ਕਿ ਐੱਮ ਸੀ ਵੀ 1 ਤੇ ਐੱਮ ਸੀ ਵੀ 2 ਦੀਆਂ ਖੁਰਾਕਾਂ ਕਿਸੇ ਵੀ ਦੇਸ਼ ਵਿਚ 95 ਫੀਸਦੀ ਜੋਗੀਆਂ ਹੋਣੀਆਂ ਚਾਹੀਦੀਆਂ ਹਨ। ਐਮ ਸੀ ਵੀ 1 ਦੀ ਸਪਲਾਈ ਇਕ ਦਹਾਕੇ ਤੋਂ 83-84 ਫੀਸਦੀ ਹੀ ਚਲੀ ਆ ਰਹੀ ਹੈ। ਇਸੇ ਤਰ੍ਹਾਂ ਐੱਮ ਸੀ ਵੀ 2 ਦੀ ਸਪਲਾਈ ਅਜੇ 71 ਫੀਸਦੀ ਹੈ। ਗਰੀਬ ਲੋਕਾਂ ਵਾਲੇ ਦੇਸ਼ਾਂ ਵਿਚ ਹੀ ਖਸਰਾ ਮਾਰ ਕਰਦਾ ਹੈ। ਇਸ ਕਰਕੇ ਭਾਰਤ ਸਰਕਾਰ ਨੂੰ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਬੰਧ ਕਰਨ ਦੇ ਨਾਲ-ਨਾਲ ਹੋਰਨਾਂ ਮੁਹਿੰਮਾਂ ਵਾਂਗ ਹੀ ਇਸ ਵੈਕਸੀਨ ਦੀਆਂ ਖੁਰਾਕਾਂ ਹਰ ਬੱਚੇ ਨੂੰ ਦੇਣ ਲਈ ਕੰਮ ਕਰਨਾ ਚਾਹੀਦਾ ਹੈ। ਭਾਰਤ ਨੇ ਪਲੇਗ ਸਮੇਤ ਕਈ ਹੋਰ ਬਿਮਾਰੀਆਂ ਖਿਲਾਫ ਕਾਫੀ ਕੰਮ ਕੀਤਾ ਹੈ। ਗੈਰ-ਸਰਕਾਰੀ ਜਥੇਬੰਦੀਆਂ ਦੀ ਮਦਦ ਨਾਲ ਇਹ ਮੁਹਿੰਮ ਵੀ ਸ਼ਿੱਦਤ ਨਾਲ ਚਲਾਉਣੀ ਚਾਹੀਦੀ ਹੈ।

550 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper