Latest News
ਕਾਂਗਰਸ ਨੂੰ ਆਤਮ ਮੰਥਨ ਦੀ ਲੋੜ

Published on 17 Nov, 2020 11:38 AM.

ਹਾਲੀਆ ਬਿਹਾਰ ਵਿਧਾਨ ਸਭਾ ਤੇ ਵੱਖ-ਵੱਖ ਰਾਜਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਪਾਰਟੀ ਸਫ਼ਾਂ ਵਿੱਚ ਨਿਰਾਸ਼ਤਾ ਪੈਦਾ ਕਰਨ ਵਾਲੀ ਰਹੀ ਹੈ। ਬਿਹਾਰ ਵਿੱਚ ਤਾਂ ਕਾਂਗਰਸ ਆਪਣੇ ਹਿੱਸੇ ਆਈਆਂ 70 ਸੀਟਾਂ ਵਿੱਚੋਂ ਸਿਰਫ਼ 19 ਜਿੱਤ ਕੇ ਆਪਣੀਆਂ ਪਹਿਲਾਂ ਜਿੱਤੀਆਂ ਸੀਟਾਂ ਦੀ ਗਿਣਤੀ ਤੱਕ ਵੀ ਨਹੀਂ ਪਹੁੰਚ ਸਕੀ। ਬਾਕੀ ਰਾਜਾਂ ਵਿੱਚ ਵੀ ਉਹ ਕੁਝ ਖਾਸ ਨਹੀਂ ਕਰ ਸਕੀ। ਮੱਧ ਪ੍ਰਦੇਸ਼ ਵਿੱਚ 28 ਸੀਟਾਂ ਵਿੱਚੋਂ ਭਾਜਪਾ ਨੇ 19 ਜਿੱਤ ਕੇ ਉਸ ਦੇ ਸਭ ਦਾਅਵਿਆਂ ਨੂੰ ਰੋਲ ਕੇ ਰੱਖ ਦਿੱਤਾ ਹੈ। ਸਭ ਤੋਂ ਬੁਰਾ ਹਾਲ ਗੁਜਰਾਤ ਵਿੱਚ ਹੋਇਆ ਹੈ, ਜਿੱਥੇ ਹੋਰ ਕੋਈ ਧਿਰ ਉਸ ਦੇ ਰਾਹ ਵਿੱਚ ਰੋੜਾ ਨਹੀਂ ਸੀ। ਗੁਜਰਾਤ ਦੀਆਂ ਸਾਰੀਆਂ 8 ਸੀਟਾਂ ਭਾਜਪਾ ਨੇ ਕਾਂਗਰਸ ਤੋਂ ਵੱਡੇ ਫਰਕ ਨਾਲ ਜਿੱਤੀਆਂ ਤੇ ਤਿੰਨ ਸੀਟਾਂ ਉੱਤੇ ਤਾਂ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਕਰਾ ਦਿੱਤੀਆਂ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀਆਂ ਸੱਤ ਸੀਟਾਂ ਵਿੱਚੋਂ ਭਾਵੇਂ ਉਹ ਦੋ ਸੀਟਾਂ ਉਤੇ ਦੂਜੇ ਨੰਬਰ ਉੱਤੇ ਰਹਿਣ ਦੀ ਖੁਸ਼ਫਹਿਮੀ ਪਾਲ ਰਹੀ ਹੈ, ਪਰ ਵੋਟਾਂ ਦੇ ਹਿਸਾਬ ਨਾਲ ਉਹ ਇਨ੍ਹਾਂ ਸੀਟਾਂ ਉੱਤੇ ਭਾਜਪਾ ਦੇ ਨੇੜੇ-ਤੇੜੇ ਵੀ ਨਹੀਂ ਹੈ। ਘਾਟਮਪੁਰ ਵਿੱਚ ਉਸ ਦੀਆਂ ਭਾਜਪਾ ਦੇ 60 ਹਜ਼ਾਰ ਦੇ ਮੁਕਾਬਲੇ 36 ਹਜ਼ਾਰ ਤੇ ਬੰਗਰਮਊ ਵਿੱਚ 71 ਹਜ਼ਾਰ ਦੇ ਮੁਕਾਬਲੇ 40 ਹਜ਼ਾਰ ਵੋਟਾਂ ਹਨ। ਬਾਕੀ ਦੀਆਂ 4 ਸੀਟਾਂ ਉੱਤੇ ਕਾਂਗਰਸ ਨੂੰ 3 ਹਜ਼ਾਰ ਤੋਂ 5 ਹਜ਼ਾਰ ਤੱਕ ਹੀ ਵੋਟਾਂ ਮਿਲੀਆਂ ਹਨ। ਇੱਕ ਸੀਟ ਉੱਤੇ ਉਸ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ ਸਨ। ਕਰਨਾਟਕ ਦੀਆਂ ਦੋ ਸੀਟਾਂ ਤੇ ਤਿਲੰਗਾਨਾ ਦੀ ਇੱਕ ਸੀਟ ਵੀ ਭਾਜਪਾ ਲੈ ਗਈ ਹੈ। ਮਣੀਪੁਰ 'ਚ ਵੀ ਭਾਜਪਾ ਪੰਜ ਵਿੱਚੋਂ ਚਾਰ ਸੀਟਾਂ ਜਿੱਤ ਗਈ। ਉੜੀਸਾ ਦੀਆਂ ਦੋਵੇਂ ਸੀਟਾਂ ਭਾਵੇਂ ਬੀ ਜੇ ਪੀ ਨੇ ਜਿੱਤ ਲਈਆਂ ਹਨ, ਪਰ ਭਾਜਪਾ ਨੇ ਉੱਥੇ ਵੀ ਕਾਂਗਰਸ ਨੂੰ ਤੀਜੇ ਥਾਂ ਧੱਕ ਦਿੱਤਾ ਹੈ। ਕਾਂਗਰਸ ਛੱਤੀਸਗੜ੍ਹ, ਝਾਰਖੰਡ ਤੇ ਹਰਿਆਣਾ ਵਿੱਚੋਂ ਇੱਕ-ਇੱਕ ਸੀਟ ਜਿੱਤਣ ਵਿੱਚ ਜ਼ਰੂਰ ਕਾਮਯਾਬ ਰਹੀ ਹੈ।
ਅਜਿਹੀ ਸਥਿਤੀ ਵਿੱਚ ਕਾਂਗਰਸ ਅੰਦਰ ਵਿਰੋਧ ਦੇ ਸੁਰ ਉੱਠਣੇ ਸੁਭਾਵਕ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਤੇ ਤਾਮਿਲਨਾਡੂ ਤੋਂ ਪਾਰਟੀ ਦੇ ਸਾਂਸਦ ਕਾਰਤੀ ਚਿਦੰਬਰਮ ਨੇ ਇਸ ਮੁੱਦੇ ਉੱਤੇ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕੀਤੀ ਹੈ। ਇੱਕ ਅਖਬਾਰ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਕਪਿਲ ਸਿੱਬਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਪਾਰਟੀ ਦੀ ਕਾਰਗੁਜ਼ਾਰੀ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਲੋਕ ਕਾਂਗਰਸ ਨੂੰ ਭਾਜਪਾ ਦਾ ਬਦਲ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਮੱਸਿਆਵਾਂ ਦਾ ਪਤਾ ਹੈ ਤੇ ਉਸ ਦੇ ਹੱਲ ਦੀ ਵੀ ਜਾਣਕਾਰੀ ਹੈ, ਪਰ ਉਹ ਹੱਲ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾ ਪਿਛਲੇ ਸਮੇਂ 23 ਆਗੂਆਂ ਵੱਲੋਂ ਕਾਂਗਰਸ ਪ੍ਰਧਾਨ ਨੂੰ ਲਿਖੀ ਚਿੱਠੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਸਹੀ ਰਾਹ ਉੱਤੇ ਲਿਆਉਣ ਲਈ ਅਵਾਜ਼ ਉਠਾਈ ਸੀ, ਪਰ ਸਾਡੀ ਗੱਲ ਨੂੰ ਅਣਸੁਣੀ ਕਰ ਦਿੱਤਾ ਗਿਆ। ਸਾਨੂੰ ਕਾਂਗਰਸ ਦੀਆਂ ਘਾਟਾਂ ਦਾ ਪਤਾ ਹੈ, ਪਾਰਟੀ ਦੀਆਂ ਜਥੇਬੰਦਕ ਕਮਜ਼ੋਰੀਆਂ ਬਾਰੇ ਵੀ ਜਾਣਦੇ ਹਾਂ, ਪਰ ਅਸੀਂ ਇਸ ਦੇ ਹੱਲ ਤੋਂ ਕੰਨੀ ਕਤਰਾ ਰਹੇ ਹਾਂ। ਜੇਕਰ ਇਸੇ ਤਰ੍ਹਾਂ ਹੀ ਹਾਲਤ ਰਹੀ ਤਾਂ ਪਾਰਟੀ ਦਾ ਗਰਾਫ ਇਸੇ ਤਰ੍ਹਾਂ ਡਿਗਦਾ ਜਾਵੇਗਾ।
ਉਨ੍ਹਾ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਬਾਰੇ ਗੱਲ ਕਰਦਿਆਂ ਕਿਹਾ ਕਿ ਕੇਂਦਰੀ ਕਾਰਜਕਾਰਨੀ ਇੱਕ ਨਾਮਜ਼ਦ ਸੰਸਥਾ ਬਣ ਚੁੱਕੀ ਹੈ। ਇਸ ਦੀ ਲੋਕਤੰਤਰਿਕ ਤਰੀਕੇ ਨਾਲ ਚੋਣ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਚੁਣੇ ਮੈਂਬਰ ਹੀ ਘਾਟਾਂ-ਕਮਜ਼ੋਰੀਆਂ ਦੇ ਮੁੱਦਿਆਂ ਨੂੰ ਉਠਾ ਸਕਦੇ ਹਨ। ਉਨ੍ਹਾ ਕਿਹਾ ਕਿ ਹੁਣ ਤੱਕ ਹਾਲੀਆ ਚੋਣਾਂ ਦੇ ਨਤੀਜਿਆਂ ਉੱਤੇ ਕੇਂਦਰੀ ਲੀਡਰਸ਼ਿਪ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ, ਇਸ ਤੋਂ ਲੱਗ ਰਿਹਾ ਹੈ ਕਿ ਉਹ ਇਸ ਸਥਿਤੀ ਨੂੰ ਇੱਕ ਆਮ ਘਟਨਾ ਵਜੋਂ ਲੈ ਰਹੇ ਹਨ। ਉਨ੍ਹਾ ਕਿਹਾ ਕਿ ਹਰ ਸੰਗਠਨ ਲਈ ਦੇਸ਼ ਦੀ ਰਾਜਨੀਤਕ ਅਸਲੀਅਤ ਸਮਝਣੀ ਜ਼ਰੂਰੀ ਹੈ। ਇਹ ਤਦ ਹੀ ਹੋ ਸਕਦਾ ਹੈ ਜਦੋਂ ਅਸੀਂ ਇਸ ਸੰਬੰਧੀ ਤਜਰਬਾ ਰੱਖਣ ਵਾਲੇ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕਰਾਂਗੇ। ਸਾਨੂੰ ਆਪਣੀ ਭਰੋਸੇਯੋਗਤਾ ਤੇ ਲੋਕਾਂ ਵਿਚਕਾਰ ਆਪਣੀ ਵਿਚਾਰਧਾਰਾ ਦੀ ਸਵੀਕਾਰਤਾ ਲਈ ਸੰਘਰਸ਼ ਕਰਨਾ ਪਵੇਗਾ। ਸਿੱਬਲ ਨੇ ਇਹ ਵੀ ਕਿਹਾ ਕਿ ਉਨ੍ਹਾ ਕੋਲ ਉਨ੍ਹਾ ਦੀ ਗੱਲ ਰੱਖਣ ਦਾ ਕੋਈ ਮੰਚ ਨਹੀਂ, ਇਸ ਲਈ ਉਹ ਇਸ ਨੂੰ ਜਨਤਕ ਤੌਰ ਉੱਤੇ ਰੱਖਣ ਲਈ ਮਜਬੂਰ ਹਨ। ਉਨ੍ਹਾ ਕਿਹਾ ਕਿ ਉਹ ਕਾਂਗਰਸੀ ਹਨ ਤੇ ਕਾਂਗਰਸੀ ਰਹਿਣਗੇ ਤੇ ਉਨ੍ਹਾ ਨੂੰ ਉਮੀਦ ਹੈ ਕਿ ਕਾਂਗਰਸ ਉਸ ਸੱਤਾ ਦਾ ਬਦਲ ਜ਼ਰੂਰ ਬਣੇਗੀ, ਜਿਸ ਨੇ ਦੇਸ਼ ਦੀਆਂ ਸਭ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ।
ਇਸੇ ਦੌਰਾਨ ਪਾਰਟੀ ਦੇ ਸਾਂਸਦ ਕਾਰਤੀ ਚਿਦੰਬਰਮ ਨੇ ਕਪਿਲ ਸਿੱਬਲ ਦੇ ਇੰਟਰਵਿਊ ਉਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਲਈ ਆਤਮ ਮੰਥਨ, ਚਿੰਤਨ ਤੇ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਆ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਤਾਰਿਕ ਅਨਵਰ ਨੇ ਵੀ ਬਿਹਾਰ ਨਤੀਜਿਆਂ ਬਾਰੇ ਅਜਿਹਾ ਹੀ ਬਿਆਨ ਦਿੱਤਾ ਸੀ। ਕਾਂਗਰਸ ਅੰਦਰ ਉੱਠ ਰਹੀਆਂ ਇਹ ਆਵਾਜ਼ਾਂ ਮੰਗ ਕਰਦੀਆਂ ਹਨ ਕਿ ਪਾਰਟੀ ਨੂੰ ਰਾਜਨੀਤਕ ਸਮੇਂ ਦੇ ਹਾਣ ਦਾ ਬਣਾਉਣ ਲਈ ਹੇਠਾਂ ਤੋਂ ਉੱਪਰ ਤੱਕ ਲੋਕਤੰਤਰੀ ਪ੍ਰੀਕ੍ਰਿਆ ਰਾਹੀਂ ਜਥੇਬੰਦਕ ਸੁਧਾਈ ਦੀ ਜ਼ਰੂਰਤ ਹੈ। ਸਵਾਲ ਹੈ ਕਿ ਕੀ ਮੌਜੂਦਾ ਲੀਡਰਸ਼ਿਪ ਇਨ੍ਹਾਂ ਆਵਾਜ਼ਾਂ ਨੂੰ ਸੁਣ ਸਕੇਗੀ? ਹੁਣ ਤੱਕ ਦਾ ਤਜਰਬਾ ਤਾਂ ਨਾਂਹ-ਪੱਖੀ ਹੀ ਰਿਹਾ ਹੈ।
-ਚੰਦ ਫਤਿਹਪੁਰੀ

484 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper