Latest News
ਸਿੱਖਿਆ 'ਤੇ ਭਗਵਾਂ ਹਮਲਾ

Published on 19 Nov, 2020 11:12 AM.

ਕੁਝ ਸਮੇਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਲਾਗੂ ਹੋਣ ਤੋਂ ਬਾਅਦ ਇਸ ਦੇ ਕੀ ਸਿੱਟੇ ਨਿਕਲਦੇ ਹਨ, ਇਹ ਤਾਂ ਸਮਾਂ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਇਸ ਸਮੇਂ ਮੁੱਖ ਮੁੱਦਾ ਸਾਡੇ ਸਿੱਖਿਆ ਪਾਠਕ੍ਰਮ ਦਾ ਬਣਿਆ ਹੋਇਆ ਹੈ, ਜਿਸ ਨੂੰ ਬਦਲਣ ਲਈ ਸੰਘ ਪਰਵਾਰ ਪੱਬਾਂ ਭਾਰ ਹੋਇਆ ਲਭਦਾ ਹੈ। ਭਾਰਤ ਭੂਗੋਲ ਸੱਭਿਆਚਾਰ ਤੇ ਇਤਿਹਾਸਕ ਪੱਖੋਂ ਇੱਕ ਵੰਨ-ਸੁਵੰਨਤਾ ਵਾਲਾ ਦੇਸ ਰਿਹਾ ਹੈ। ਵੱਖ-ਵੱਖ ਸਮਿਆਂ ਉੱਤੇ ਹਾਕਮ ਜਮਾਤਾਂ ਵਿਰੁੱਧ ਜਨ ਸੰਘਰਸ਼ਾਂ ਦਾ ਇਤਿਹਾਸ ਇਸ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਬਿਖਰਿਆ ਹੋਇਆ ਹੈ। ਇਸੇ ਅਨੇਕਤਾ ਵਿੱਚ ਸਾਡੀ ਏਕਤਾ ਸਮਾਈ ਹੋਈ ਹੈ। ਮੌਜੂਦਾ ਦੌਰ ਵਿੱਚ ਜਦੋਂ ਕੇਂਦਰ ਦੇ ਸੱਤਾ ਹਿੰਦੂਤਵੀ ਕੱਟੜਵਾਦੀਆਂ ਦੇ ਹੱਥ ਆਈ ਹੈ, ਉਹ ਸਾਡੀ ਸਾਰੀ ਇਤਿਹਾਸਕ ਵਿਰਾਸਤ ਨੂੰ ਭਗਵਾਂਕਰਨ ਦੇ ਰੰਗ ਵਿੱਚ ਰੰਗ ਦੇਣਾ ਚਾਹੁੰਦੇ ਹਨ। ਇਸ ਲਈ ਉਹ ਸਾਡੇ ਗੌਰਵਮਈ ਇਤਿਹਾਸ ਉੱਤੇ ਪੋਚਾ ਫੇਰਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਲਈ ਉਨ੍ਹਾਂ ਵੱਲੋਂ ਸਿੱਖਿਆ ਦੇ ਪਾਠਕ੍ਰਮ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਸੰਘ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਿਰੋਧ ਕਾਰਨ ਤਾਮਿਲਨਾਡੂ ਦੀ ਮਲੋਨਮਨੀਅਮ ਸੁੰਦਰਮ ਯੂਨੀਵਰਸਿਟੀ ਨੇ ਅਰੁੰਧਤੀ ਰਾਏ ਦੀ ਕਿਤਾਬ, 'ਵਾਕਿੰਗ ਵਿਦ ਕਾਮਰੇਡਜ਼'' ਨੂੰ ਪੋਸਟ ਗਰੈਜੂਏਟਸ ਇੰਗਲਿਸ਼ ਦੇ ਸਿਲੇਬਸ ਵਿੱਚੋਂ ਕੱਢ ਦਿੱਤਾ ਹੈ। ਇਹ ਕਿਤਾਬ 1917 ਤੋਂ ਸਿਲੇਬਸ ਦਾ ਹਿੱਸਾ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੰਨਿਆ ਹੈ ਕਿ ਇਸ ਕਿਤਾਬ ਬਾਰੇ ਏ ਬੀ ਵੀ ਪੀ ਤੇ ਕੁਝ ਹੋਰ ਲੋਕਾਂ ਨੇ ਸ਼ਿਕਾਇਤ ਕੀਤੀ ਸੀ। ਸਵਾਲ ਪੈਦਾ ਹੁੰਦਾ ਹੈ ਕਿ ਏ ਬੀ ਵੀ ਪੀ ਨਾ ਤਾਂ ਕੋਈ ਸਿੱਖਿਆ ਮਾਹਰਾਂ ਦੀ ਜਥੇਬੰਦੀ ਹੈ ਤੇ ਨਾ ਹੀ ਇਤਿਹਾਸਕਾਰਾਂ ਦੀ, ਫਿਰ ਉਸ ਦਾ ਆਦੇਸ਼ ਮੰਨ ਲੈਣਾ ਕਿੱਥੋਂ ਤੱਕ ਸਹੀ ਹੈ? ਇਹ ਇੱਕੋ-ਇੱਕ ਘਟਨਾ ਨਹੀਂ ਜਦੋਂ ਕਿਸੇ ਲੇਖਕ ਦੀ ਕਿਤਾਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਹ ਤਾਂ ਇੱਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ, ਜਿਸ ਅਧੀਨ ਉਨ੍ਹਾਂ ਸਭ ਲੇਖਕਾਂ ਦੀਆਂ ਕਿਤਾਬਾਂ ਨੂੰ ਸਿਲੇਬਸ ਵਿੱਚੋਂ ਕੱਢਿਆ ਜਾ ਰਿਹਾ ਹੈ, ਜਿਹੜੀਆਂ ਮਨੂੰਵਾਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ। ਸੰਨ 2019 ਵਿੱਚ ਦਿੱਲੀ ਯੂਨੀਵਰਸਿਟੀ ਦੀ ਇੱਕ ਕਮੇਟੀ ਵੱਲੋਂ ਕਾਂਚਾ ਇਲੈਯਾ ਦੀਆਂ ਤਿੰਨ ਕਿਤਾਬਾਂ ''ਵਹਾਈ ਆਈ ਐਮ ਨਾਟ ਹਿੰਦੂ'', ''ਬੈਫੈਲੋ ਨੈਸ਼ਨਲਿਜ਼ਮ'' ਤੇ ''ਪੋਸਟ ਹਿੰਦੂ ਇੰਡੀਆ'' ਨੂੰ ਹਿੰਦੂ ਵਿਰੋਧੀ ਐਲਾਨਦਿਆਂ ਹਟਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਕਮੇਟੀ ਨੇ ਕਿਸੇ ਵੀ ਕਿਤਾਬ ਵਿੱਚ 'ਦਲਿਤ' ਸ਼ਬਦ ਵਰਤਣ ਉੱਤੇ ਵੀ ਇਤਰਾਜ਼ ਕੀਤਾ ਸੀ। ਇਸੇ ਤਰ੍ਹਾਂ ਹੀ ਉਤਰਾਖੰਡ ਯੂਨੀਵਰਸਿਟੀ ਨੇ ਓਮ ਪ੍ਰਕਾਸ਼ ਵਾਲਮੀਕੀ ਦੀ ਆਤਮਕਥਾ 'ਜੂਠਨ' ਉਤੇ ਬੈਨ ਲਾ ਦਿੱਤਾ ਸੀ। ਇਸ ਤੋਂ ਬਾਅਦ ਹਿਮਾਚਲ ਯੂਨੀਵਰਸਿਟੀ ਵਿੱਚ ਵੀ ਇਹ ਮੰਗ ਉਠ ਖੜੀ ਹੋਈ ਕਿ ''ਜੂਠਨ'' ਨੂੰ ਸਿਲੇਬਸ ਵਿੱਚੋਂ ਕੱਢ ਦਿੱਤਾ ਜਾਵੇ। ਇਸ ਸੰਬੰਧੀ ਜਦੋਂ ਏ ਬੀ ਵੀ ਪੀ ਨੇ ਰੌਲਾ ਪਾਇਆ ਤਾਂ ਉੱਚ ਸਿੱਖਿਆ ਨਿਰਦੇਸ਼ਕ ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾ ਦਿੱਤੀ। ਯਾਦ ਰਹੇ ਕਿ ਦੇਸ਼ ਦੀਆਂ 13 ਦੇ ਕਰੀਬ ਯੂਨੀਵਰਸਿਟੀਆਂ ਵਿੱਚੋਂ ਓਮ ਪ੍ਰਕਾਸ਼ ਵਾਲਮੀਕੀ ਦੀ 'ਜੂਠਨ' ਨੂੰ ਪੜ੍ਹਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਪ੍ਰਸਿੱਧ ਲੇਖਕ ਪ੍ਰੇਮ ਚੰਦ ਦੀ ਕਹਾਣੀ 'ਦੂਧ ਕਾ ਦਾਮ' ਨੂੰ ਵੀ ਉਤਰਾਖੰਡ ਯੂਨੀਵਰਸਿਟੀ ਵੱਲੋਂ ਪਾਠਕ੍ਰਮ ਵਿੱਚੋਂ ਹਟਾ ਦਿੱਤਾ ਗਿਆ ਸੀ। ਪਿਛਲੇ ਸਾਲ ਆਰ ਐੱਸ ਐੱਸ ਦੀ 'ਸਿੱਖਿਆ ਸੰਸਕ੍ਰਿਤੀ ਉਥਾਨ ਨਿਆਸ' ਨਾਂਅ ਦੀ ਸੰਸਥਾ ਨੇ ਐੱਨ ਸੀ ਈ ਆਰ ਟੀ ਨੂੰ ਪੱਤਰ ਲਿਖ ਕੇ ਸਕੂਲੀ ਕਿਤਾਬਾਂ ਵਿੱਚੋਂ ਮਿਰਜਾ ਗਾਲਿਬ, ਰਾਬਿੰਦਰ ਨਾਥ ਟੈਗੋਰ ਤੇ ਪ੍ਰੇਮ ਚੰਦ ਨਾਲ ਸੰਬੰਧਤ ਰਚਨਾਵਾਂ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਭਾਰਤ ਦਾ ਇਤਿਹਾਸ ਹਿੰਦੂ ਇਤਿਹਾਸ ਹੈ, ਜੋ ਹਿੰਦੂ ਨਹੀਂ ਜਾਂ ਹਿੰਦੂ ਧਰਮ ਪ੍ਰਤੀ ਕੱਟੜ ਨਹੀਂ, ਉਹ ਭਾਰਤ ਦੇ ਇਤਿਹਾਸ ਦਾ ਹਿੱਸਾ ਨਹੀਂ ਹੋ ਸਕਦਾ। ਇਸ ਸੰਸਥਾ ਨੇ ਇਹ ਸੁਝਾਅ ਵੀ ਦਿੱਤਾ ਸੀ ਕਿ ਕਿਤਾਬਾਂ ਵਿੱਚ ਅੰਗਰੇਜ਼ੀ, ਅਰਬੀ ਤੇ ਉਰਦੂ ਦੇ ਸ਼ਬਦ ਨਾ ਹੋਣ, ਭਾਈਚਾਰਕ ਏਕਤਾ ਲਈ ਸ਼ਹੀਦ ਹੋਣ ਵਾਲੇ ਅਵਤਾਰ ਸਿੰਘ ਪਾਸ਼ ਦੀ ਕਵਿਤਾ ਨਾ ਹੋਵੇ, ਗਾਲਿਬ ਦੀ ਰਚਨਾ ਤੇ ਟੈਗੋਰ ਦੇ ਵਿਚਾਰ ਨਾ ਹੋਣ। ਗੁਜਰਾਤ ਦੰਗਿਆਂ ਦਾ ਵੇਰਵਾ, ਭਾਜਪਾ ਦੀ ਹਿੰਦੂਤਵੀ ਨੀਤੀ ਦਾ ਉਲੇਖ ਤੇ ਐਮ ਐਫ ਹੁਸੈਨ ਦੀ ਜੀਵਨੀ ਨੂੰ ਪਾਠਕ੍ਰਮ ਵਿੱਚੋਂ ਕੱਢ ਦੇਣ ਦੀ ਮੰਗ ਕੀਤੀ ਗਈ ਸੀ। ਇਤਿਹਾਸ ਨੂੰ ਹਿੰਦੂਤਵੀ ਪੁੱਠ ਦੇਣ ਲਈ ਇੱਥੋਂ ਤੱਕ ਮੰਗ ਕੀਤੀ ਗਈ ਕਿ ਕਿਤਾਬਾਂ ਵਿੱਚ ਇਹ ਲਿਖਿਆ ਜਾਵੇ ਕਿ ਹਲਦੀ ਘਾਟੀ ਦੇ ਯੁੱਧ ਵਿੱਚ ਅਕਬਰ ਦੀ ਨਹੀਂ ਰਾਣਾ ਪ੍ਰਤਾਪ ਦੀ ਜਿੱਤ ਹੋਈ ਸੀ। ਕੁਝ ਸਾਲ ਪਹਿਲਾਂ ਸੰਘ ਦੇ ਇਸੇ ਸੰਗਠਨ ਵੱਲੋਂ ਛੇੜੀ ਇੱਕ ਮੁਹਿੰਮ ਕਾਰਨ ਪ੍ਰਸਿੱਧ ਬੁੱਧੀਜੀਵੀ ਏ ਕੇ ਰਾਮਾਨੁਜਨ ਦੇ ਲੇਖ 'ਤਿੰਨ ਸੌ ਰਮਾਇਣ' ਨੂੰ ਦਿੱਲੀ ਯੂਨੀਵਰਸਿਟੀ ਦੇ ਹਿਸਟਰੀ ਆਨਰਜ਼ ਦੇ ਪਾਠਕ੍ਰਮ ਵਿੱਚੋਂ ਹਟਾ ਦਿੱਤਾ ਗਿਆ ਸੀ। ਇਸ ਲਈ ਇਸ ਸਮੇਂ ਮਸਲਾ ਇਹ ਨਹੀਂ ਕਿ ਕਿਵੇਂ ਪੜ੍ਹਾਇਆ ਜਾਵੇ, ਸਗੋਂ ਇਹ ਕਿ ਕੀ ਪੜ੍ਹਾਇਆ ਜਾਵੇ। ਮੌਜੂਦਾ ਹਾਕਮਾਂ ਨੇ ਜਦੋਂ ਸਭ ਲੋਕਤੰਤਰੀ ਸੰਸਥਾਵਾਂ ਨੂੰ ਆਪਣੀਆਂ ਬਾਦੀਆਂ ਬਣਾ ਲਿਆ ਹੈ ਤਾਂ ਉਸ ਨੇ ਸਿੱਖਿਆ ਪਾਠਕ੍ਰਮ ਉੱਤੇ ਹੱਲਾ ਬੋਲ ਦਿੱਤਾ ਹੈ। ਇਸ ਹਮਲੇ ਨੂੰ ਰੋਕਣ ਲਈ ਸਭ ਅਗਾਂਹਵਧੂ ਧਿਰਾਂ ਤੇ ਖਾਸਕਰ ਸਿੱਖਿਆ ਨਾਲ ਜੁੜੇ ਮਾਹਰਾਂ ਨੂੰ ਆਵਾਜ਼ ਬੁਲੰਦ ਕਰਨੀ ਪਵੇਗੀ। -ਚੰਦ ਫਤਿਹਪੁਰੀ

475 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper