Latest News
ਮੋਦੀ ਸਰਕਾਰ ਨੇ ਕਾਰਪੋਰੇਟ ਜਗਤ ਦੇ ਇਸ਼ਾਰੇ 'ਤੇ ਕੀਤੀ ਪੰਜਾਬ ਦੀ ਆਰਥਿਕ ਨਾਕਾਬੰਦੀ : ਅਰਸ਼ੀ

Published on 20 Nov, 2020 11:27 AM.

ਬੋਹਾ (ਨਿਰੰਜਣ ਬੋਹਾ)
ਸੂਬਾਈ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਕਰਕੇ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਸੰਬੰਧੀ ਠੋਸੇ ਗਏ ਪੰਜ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਤੇ ਖੇਤੀ 'ਤੇ ਨਿਰਭਰ ਹੋਰ ਲੋਕਾਂ ਵਿੱਚ ਗੁੱਸੇ ਦੀ ਭਾਵਨਾ ਦਿਨ ਪ੍ਰਤੀ ਦਿਨ ਪ੍ਰਚੰਡ ਹੁੰਦੀ ਜਾ ਰਹੀ ਹੈ ਤੇ ਦੇਸ਼ ਦੇ ਲੋਕ ਹੁਣ ਇਸ ਤਾਨਾਸ਼ਾਹ ਕੇਂਦਰੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣ ਚੁੱਕੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਸਾਨ ਜੱਥੇਬੰਦੀਆਂ ਵੱਲੋਂ 26 ਨਵੰਬਰ ਦੇ ਦਿੱਤੇ ਦਿੱਲੀ ਕੂਚ ਦੇ ਸੱਦੇ ਨੂੰ ਸਫਲ ਬਣਾਉਣ ਲਈ ਬੋਹਾ ਖੇਤਰ ਦੇ ਪਿੰਡ ਦਲੇਲਵਾਲਾ, ਆਲਮਪੁਰ ਮੰਦਰਾਂ, ਟਾਹਲੀਆਂ ਤੇ ਅੱਕਾਂਵਾਲੀ ਵਿਖੇ ਕਿਸਾਨ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਨੂੰ ਘੇਰਨ ਲਈ ਪੰਜ ਕੌਮੀ ਮੁੱਖ ਮਾਰਗਾਂ ਰਾਹੀਂ ਦਿੱਲੀ ਵੱਲ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਇਹ ਕਾਲੇ ਕਾਨੂੰਨ ਕਿਸਾਨਾਂ ਦੇ ਮੂੰਹ ਵਿੱਚੋਂ ਰੋਟੀ ਤੇ ਬੱਚਿਆਂ ਕੋਲੋਂ ਦੁੱਧ ਖੋਹ ਕੇ ਉਨ੍ਹਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਵਾਲੇ ਹਨ, ਇਸੇ ਲਈ ਦੇਸ਼ ਦੇ ਕਿਸਾਨ ਕਰੋ ਜਾਂ ਮਰੋ ਦੇ ਜਜ਼ਬੇ ਨਾਲ ਕੇਂਦਰ ਸਰਕਾਰ ਵਿਰੁੱਧ ਸੜਕਾਂ 'ਤੇ ਉੱਤਰੇ ਹੋਏ ਹਨ। ਉਨ੍ਹਾ ਕਿਹਾ ਕਿ ਅੰਬਾਨੀਆਂ-ਅਡਾਨੀਆਂ ਨੂੰ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਾਰਪੋਰੇਟ ਜਗਤ ਦੇ ਇਸ਼ਾਰਿਆਂ 'ਤੇ ਮੋਦੀ ਸਰਕਾਰ ਨੇ ਨਿੰਦਣਯੋਗ ਢੰਗ ਨਾਲ ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ।
ਮਾਲ ਗੱਡੀਆਂ ਨਾ ਚਲਾਉਣਾ ਤੇ ਪੇਂਡੂ ਵਿਕਾਸ ਤੇ ਜੀ ਐੱਸ ਟੀ ਫੰਡ ਨੂੰ ਰੋਕਣਾ ਇਸ ਦੀ ਵੱਡੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਕੇਂਦਰ ਸਰਕਾਰ ਦੇ ਅਜਿਹੇ ਘਟੀਆ ਹੱਥਕੰਡਿਆਂ ਨੂੰ ਪਛਾੜ ਕੇ ਰੱਖ ਦੇਣਗੇ। ਇਸ ਮੌਕੇ ਜ਼ਿਲ੍ਹਾ ਕਿਸਾਨ ਸਭਾ ਦੇ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਨੇ ਕਿਹਾ ਕਿ ਵਿਧਾਨ ਸਭਾ ਖੇਤਰ ਬੁਢਲਾਡਾ ਤੋਂ ਕਿਸਾਨ ਸਭਾ ਦੇ ਸੈਂਕੜੇ ਵਰਕਰ ਦਿੱਲੀ ਵੱਲ ਕੂਚ ਕਰਨਗੇ। ਇਹਨਾਂ ਮੀਟਿੰਗਾਂ ਨੂੰ ਹੋਰਨਾਂ ਤੋਂ ਇਲਾਵਾ ਪਤਲਾ ਸਿੰਘ, ਗੁਰਬਚਨ ਸਿੰਘ, ਅਮਰੀਕ ਸਿੰਘ ਮੰਦਰਾਂ, ਗੁਰਦਾਸ ਸਿੰਘ ਜੱਗਾ ਸਿੰਘ ਟਾਹਲੀਆਂ, ਲੱਖਾ ਸਿੰਘ ਤੇ ਤੇਜ ਸਿੰਘ ਲਖਮੀਰ ਵਾਲਾ ਨੇ ਵੀ ਸੰਬੋਧਨ ਕੀਤਾ।

115 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper