Latest News
ਕੋਰੋਨਾ ਕਾਰਨ 2021 'ਚ ਤੇਜ਼ੀ ਨਾਲ ਫੈਲ ਸਕਦੀ ਭੁੱਖਮਰੀ : ਸੰਯੁਕਤ ਰਾਸ਼ਟਰ

Published on 21 Nov, 2020 11:13 AM.


ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਹਜ਼ਾਰਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲੈ ਕੇ ਆਈ ਹੈ। ਵਿਕਾਸਸ਼ੀਲ ਦੇਸ਼ਾਂ ਤੋਂ ਲੈ ਕੇ ਵਿਕਸਤ ਦੇਸ਼ਾਂ ਨੂੰ ਅਰਥ ਵਿਵਸਥਾ ਨੂੰ ਦੋਬਾਰਾ ਪਟੜੀ 'ਤੇ ਲਿਆਉਣ ਲਈ ਬਹੁਤ ਮੁਸ਼ੱਕਤ ਕਰਨੀ ਪੈ ਰਹੀ ਹੈ। ਕੋਰੋਨਾ ਮਹਾਂਮਾਰੀ ਨੇ ਕਾਫ਼ੀ ਹੱਦ ਤੱਕ ਦੁਨੀਆ ਭਰ 'ਚ ਦੇਸ਼ਾਂ ਨੂੰ ਪ੍ਰਭਾਵਤ ਕੀਤਾ ਹੈ। ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਪੈਸੇ ਦੀ ਕਮੀ ਹੋਵੇਗੀ ਅਤੇ ਭੁੱਖਮਰੀ ਤੇਜ਼ੀ ਨਾਲ ਫੈਲੇਗੀ।
ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬਿਸਲੇ ਨੇ ਦੁਨੀਆ ਨੂੰ ਚੌਕਸ ਕੀਤਾ ਹੈ। ਉਨ੍ਹਾ ਕਿਹਾ ਕਿ ਦੁਨੀਆ ਭੁੱਖਮਰੀ ਦੇ ਕਿਨਾਰੇ 'ਤੇ ਖੜੀ ਹੈ। ਸਮੇਂ ਰਹਿੰਦੇ ਜ਼ਰੂਰੀ ਕਦਮ ਚੁੱਕਣੇ ਹੋਣਗੇ ਨਹੀਂ ਤਾਂ ਨਤੀਜੇ ਬਹੁਤ ਖ਼ਤਰਨਾਕ ਹੋ ਸਕਦੇ ਹਨ।
ਬਿਸਲੇ ਨੇ ਕੋਰੋਨਾ ਦੀ ਸ਼ੁਰੂਆਤ 'ਚ ਹੀ ਚੌਕਸ ਕੀਤਾ ਸੀ ਕਿ ਕੋਰੋਨਾ ਮਹਾਂਮਾਰੀ ਦੀ ਤਰ੍ਹਾਂ ਹੀ ਭੁੱਖਮਰੀ ਵੀ ਇੱਕ ਮਹਾਂਮਾਰੀ ਬਣਨ ਜਾ ਰਹੀ ਹੈ। ਇਸ ਨੂੰ ਰੋਕਣ ਲਈ ਜਲਦ ਪ੍ਰਭਾਵਸ਼ਾਲੀ ਕਦਮ ਚੁੱਕਣੇ ਹੋਣਗੇ। ਨਾਲ ਹੀ ਕਿਹਾ ਕਿ ਕੁਝ ਦੇਸ਼ਾਂ ਨੇ ਰਾਹਤ ਪੈਕੇਜ ਦੇ ਕੇ ਇਸ ਮਹਾਂਮਾਰੀ ਨੂੰ ਰੋਕਣ 'ਚ ਸਫ਼ਲਤਾ ਦਿਖਾਈ ਹੈ, ਪਰ 2021 'ਚ ਇਹ ਸੰਕਟ ਬਹੁਤ ਤੇਜ਼ੀ ਨਾਲ ਵਧੇਗਾ।
ਕੋਰੋਨਾ ਮਹਾਂਮਾਰੀ ਨੇ ਦੇਸ਼ਾਂ ਦੀ ਅਰਥ ਵਿਵਸਥਾ ਤੋੜ ਕੇ ਰੱਖ ਦਿੱਤੀ ਹੈ। ਇਸ ਪ੍ਰਕੋਪ ਨਾਲ ਖਜ਼ਾਨਿਆਂ 'ਚ ਜਮ੍ਹਾਂ ਰਕਮ ਖ਼ਤਮ ਹੋ ਗਈ, ਜਿਸ ਕਾਰਨ ਅਰਥ ਵਿਵਸਥਾ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਲੋਕਾਂ ਦੀਆਂ ਨੌਕਰੀਆਂ ਗਈਆਂ ਅਤੇ ਛੋਟੇ-ਮੋਟੇ ਕੰਮ ਕਰਨ ਵਾਲੇ ਲੋਕਾਂ ਦਾ ਧੰਦਾ ਬੰਦ ਹੋ ਗਿਆ ਹੈ। ਕੁਝ ਦੇਸ਼ਾਂ 'ਚ ਫਿਰ ਤੋਂ ਲਾਕਡਾਊਨ ਲੱਗਾ ਹੈ ਜਾਂ ਭਵਿੱਖ 'ਚ ਲੱਗਣ ਦੇ ਅਸਾਰ ਹਨ। ਇਸ ਤੋਂ ਸਾਫ਼ ਹੈ ਕਿ ਲੋਕਾਂ ਦੇ ਕੋਲ ਕੰਮ ਨਹੀਂ ਹੋਵੇਗਾ ਤਾਂ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

63 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper