Latest News
ਕੇਂਦਰ ਵੱਲੋਂ ਪੰਜਾਬ ਦੀ ਆਰਥਕ ਘੇਰਾਬੰਦੀ ਸਮੁੱਚੇ ਦੇਸ ਲਈ ਤਬਾਹਕੁਨ ਹੋਵੇਗੀ : ਸੀ ਪੀ ਆਈ

Published on 21 Nov, 2020 11:13 AM.


ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸ਼ਨੀਵਾਰ ਇੱਥੇ ਕਿਸਾਨਾਂ ਵੱਲੋਂ 26-27 ਨਵੰਬਰ ਨੂੰ ਦਿੱਲੀ ਵਿਖੇ ਧਰਨੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਦੇ ਭਾਰਤ ਬੰਦ ਦਾ ਸੰਪੂਰਨ ਸਮਰਥਨ ਕਰਦਿਆਂ ਹੋਇਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਦੇਸ਼ ਨੂੰ ਹਰ ਪੱਧਰ 'ਤੇ ਤਬਾਹ ਕਰਨ ਦਾ ਦੋਸ਼ੀ ਠਹਿਰਾਇਆ ਹੈ। ਉਹਨਾ ਕਿਹਾ ਕਿ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਦੇਸ਼ ਦੀ ਸਨਅਤ ਅਤੇ ਜ਼ਮੀਨ ਦੋਨਾਂ ਨੂੰ ਹੀ ਭਾਰਤੀ ਅਤੇ ਬਦੇਸ਼ੀ ਪੂੰਜੀਪਤੀਆਂ ਦੇ ਹਵਾਲੇ ਕਰਨ 'ਤੇ ਤੁਲੀ ਹੋਈ ਹੈ। ਉਹਨਾ ਆਖਿਆ ਕਿ ਕਿਸਾਨ ਜਥੇਬੰਦੀਆਂ ਅਤੇ ਭਾਰਤੀ ਟਰੇਡ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਰਾਹੀਂ ਮਸਲੇ ਨੂੰ ਸੁਲਝਾਉਣ ਦੀ ਬਜਾਏ ਮੋਦੀ ਸਰਕਾਰ ਤਾਨਾਸ਼ਾਹੀ ਰੁਖ ਅਖਤਿਆਰ ਕਰਕੇ ਮਸਲਿਆਂ ਨੂੰ ਜਾਣ-ਬੁੱਝ ਕੇ ਉਲਝਾ ਰਹੀ ਹੈ।
ਸ੍ਰੀ ਬਰਾੜ ਨੇ ਆਖਿਆ ਕਿ ਵਿਸ਼ੇਸ਼ ਕਰਕੇ ਪੰਜਾਬ, ਜਿਥੇ ਕਿਸਾਨੀ ਅੰਦੋਲਨ ਵਿਸ਼ਾਲ ਰੁਖ ਅਖਤਿਆਰ ਕਰ ਗਿਆ ਹੈ, ਵੱਲ ਕੇਂਦਰ ਅੜੀਅਲ ਰੁਖ ਅਖਤਿਆਰ ਕਰਕੇ ਮਾਲ ਗੱਡੀਆਂ ਨਾ ਚਲਾ ਕੇ ਪੇਂਡੂ ਵਿਕਾਸ ਫੰਡ ਅਤੇ ਜੀ ਐੱਸ ਟੀ ਆਦਿ ਫੰਡਾਂ ਨੂੰ ਰੋਕ ਕੇ ਪੰਜਾਬ ਦੀ ਆਰਥਿਕ ਘੇਰਾਬੰਦੀ ਕਰ ਰਹੀ ਹੈ, ਜੋ ਪਹਿਲਾਂ ਤੋਂ ਹੀ ਸੰਕਟਾਂ ਮਾਰੇ ਪੰਜਾਬ ਲਈ ਤਾਂ ਤਬਾਹਕੁਨ ਹੋਵੇਗਾ ਹੀ, ਇਸ ਦਾ ਸਮੁੱਚੇ ਭਾਰਤ ਦੇ ਸੰਘੀ ਢਾਂਚੇ 'ਤੇ ਹੀ ਬੁਰਾ ਪ੍ਰਭਾਵ ਪਵੇਗਾ। ਉਹਨਾ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ ਇਸ ਅੰਦੋਲਨ ਦੀ ਸਫਲਤਾ ਲਈ ਆਪਣੀ ਪੂਰੀ ਸ਼ਕਤੀ ਲਾ ਰਹੀਆਂ ਹਨ। ਉਹਨਾ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਕ ਪਾਰਟੀਆਂ, ਜਿਹੜੀਆਂ ਇਹਨਾਂ ਅੰਦੋਲਨਾਂ ਦੀ ਹਮਾਇਤ ਕਰ ਰਹੀਆਂ ਹਨ, ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਸਿਆਸੀ ਮੱਤਭੇਦਾਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਕੇਂਦਰ ਦੀ ਸਰਕਾਰ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

64 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper