Latest News
26 ਦੀ ਹੜਤਾਲ ਲਾਮਿਸਾਲ ਹੋਵੇਗੀ : ਬਰਾੜ, ਧਾਲੀਵਾਲ

Published on 21 Nov, 2020 11:14 AM.


ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ 26 ਨਵੰਬਰ ਨੂੰ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਦੇ ਸੱਦੇ 'ਤੇ ਹੋਣ ਜਾ ਰਹੀ ਦੇਸ਼-ਵਿਆਪੀ ਇੱਕ ਰੋਜ਼ਾ ਹੜਤਾਲ ਇੱਕ ਲਾਮਿਸਾਲ ਹੜਤਾਲ ਹੋਵੇਗੀ, ਜਿਸ ਵਿੱਚ ਦੇਸ਼ ਦੇ 35 ਕਰੋੜ ਤੋਂ ਵੱਧ ਮਿਹਨਤਕਸ਼ ਲੋਕ ਅਤੇ ਮੁਲਾਜ਼ਮ-ਮਜ਼ਦੂਰ ਹਿੱਸਾ ਲੈਣਗੇ। ਹੜਤਾਲ ਦੀਆਂ ਤਿਆਰੀਆਂ ਅਤੇ ਵਿਆਪਕ ਹੁੰਗਾਰੇ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਕੇਂਦਰ ਦੀ ਤਾਨਾਸ਼ਾਹ ਅਤੇ ਲੋਕ-ਵਿਰੋਧੀ ਮੋਦੀ ਸਰਕਾਰ ਦੇ ਵਿਰੁੱਧ ਕਾਰਪੋਰੇਟ ਘਰਾਣੇ ਅਤੇ ਉਨ੍ਹਾਂ ਦੇ ਪਿੱਠੂਆਂ ਤੋਂ ਬਿਨਾਂ ਬਾਕੀ ਹਰ ਵਰਗ ਦੇ ਲੋਕ ਇਸ ਸਰਕਾਰ ਵਿਰੁੱਧ ਆਪਣਾ ਗੁੱਸਾ ਪ੍ਰਗਟਾਉਣ ਲਈ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ। ਬੰਤ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਦੀਆਂ ਏਟਕ ਨਾਲ ਸੰਬੰਧਤ ਅਤੇ ਹਮਖਿਆਲੀ ਜਥੇਬੰਦੀਆਂ ਨੂੰ ਜ਼ੋਰਦਾਰ ਸੱਦਾ ਦਿੰਦਿਆਂ ਕਿਹਾ ਕਿ 26 ਨਵੰਬਰ ਦੀ ਹੜਤਾਲ ਨੂੰ ਸਫਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਹਰ ਪੱਧਰ 'ਤੇ ਕੇਂਦਰੀ ਟਰੇਡ ਯੂਨੀਅਨਾਂ ਨਾਲ ਸੰਬੰਧਤ ਜਥੇਬੰਦੀਆਂ ਨਾਲ ਤਾਲਮੇਲ ਬਣਾ ਕੇ ਵਿਊਂਤਬੰਦੀ ਕੀਤੀ ਜਾਵੇ। ਇਨ੍ਹਾਂ ਆਗੂਆਂ ਦੱਸਿਆ ਕਿ ਪੰਜਾਬ ਵਿੱਚ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਦੋ ਮਹੱਤਵਪੂਰਨ ਟਰਾਂਸਪੋਰਟ ਅਦਾਰਿਆਂ ਦੇ ਕਰਮਚਾਰੀ ਮੁਕੰਮਲ ਹੜਤਾਲ ਕਰਨਗੇ। ਬਿਜਲੀ ਮੁਲਾਜ਼ਮਾਂ ਦੀ ਲਾਮਿਸਾਲ ਹੜਤਾਲ ਹੋਵੇਗੀ। ਬੈਂਕ, ਬੀਮਾ, ਬੀ ਬੀ ਐੱਸ ਬੀ ਅਤੇ ਟੈਲੀਕਾਮ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ, ਸਨਅਤੀ ਖੇਤਰ ਦੇ ਵੱਡੇ ਕੇਂਦਰਾਂ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਜ਼ਬਰਦਸਤ ਮਜ਼ਦੂਰ ਹੜਤਾਲ ਹੋਵੇਗੀ। ਇਸ ਤੋਂ ਇਲਾਵਾ ਪੱਲੇਦਾਰ, ਖੇਤੀ ਮਜ਼ਦੂਰ, ਆਂਗਣਵਾੜੀ, ਆਸ਼ਾ ਕਰਮੀ, ਉਸਾਰੀ ਕਿਰਤੀ ਆਦਿ ਦੇ ਮਜ਼ਦੂਰ ਵੱਡੇ ਪੱਧਰ 'ਤੇ ਹੜਤਾਲ ਵਿੱਚ ਸ਼ਾਮਲ ਹੋਣਗੇ। ਭਾਰਤ ਪੱਧਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਅਤੇ ਖਾਸ ਕਰਕੇ ਪੰਜਾਬ ਦੇ ਸਮੁੱਚੇ ਕਿਸਾਨ ਆਗੂਆਂ ਨੇ 26 ਨਵੰਬਰ ਦੀ ਹੜਤਾਲ ਦੀ ਸਰਗਰਮ ਹਮਾਇਤ ਕਰਕੇ ਸਫਲ ਬਣਾਉਣ ਦਾ ਸੱਦਾ ਦਿੱਤਾ ਹੈ। ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਹੜਤਾਲ ਹੋ ਰਹੀ ਹੈ, ਉਨ੍ਹਾਂ ਵਿੱਚ ਲੇਬਰ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣ, ਕੰਟਰੈਕਟ ਕਾਮੇ ਪੱਕੇ ਕਰਨੇ, ਪਬਲਿਕ ਸੈਕਟਰਾਂ ਦਾ ਨਿੱਜੀਕਰਨ ਰੋਕਣਾ, ਖੇਤੀ ਕਾਨੂੰਨ ਰੱਦ ਕਰਾਉਣੇ, ਘੱਟੋ-ਘੱਟ ਉਜਰਤਾਂ 21000/-ਮਹੀਨਾ ਤਹਿ ਕਰਾਉਣਾ, ਸਕੀਮ ਵਰਕਰਾਂ ਨੂੰ ਪੱਕੇ ਕਰਾਉਣਾ ਤੇ ਕਾਲੇ ਕਾਨੂੰਨ ਵਾਪਸ ਕਰਾਉਣਾ ਆਦਿ ਸ਼ਾਮਲ ਹਨ।

57 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper