ਮੁੰਬਈ : ਨਾਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਦੇ ਮੁੰਬਈ ਸਥਿਤ ਫਲੈਟ 'ਤੇ ਸ਼ਨੀਵਾਰ ਨੂੰ ਛਾਪਾ ਮਾਰ ਕੇ ਗਾਂਜਾ ਜ਼ਬਤ ਕੀਤਾ। ਇਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ 'ਚ ਲਿਆ ਗਿਆ। ਜਾਂਚ ਏਜੰਸੀ ਵੱਲੋਂ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਸਮੇਤ ਤਿੰਨ ਵੱਖ-ਵੱਖ ਸਥਾਨਾਂ 'ਤੇ ਛਾਪੇ ਮਾਰੇ ਗਏ। ਐੱਨ ਸੀ ਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ ਕਿ ਭਾਰਤੀ ਅਤੇ ਉਸ ਦੇ ਪਤੀ ਨੂੰ ਐੱਨ ਸੀ ਬੀ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਬਾਰੇ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਦੋਵਾਂ ਨੂੰ ਅੱਗੇ ਦੀ ਜਾਂਚ ਲਈ ਐੱਨ ਸੀ ਬੀ ਆਪਣੇ ਜ਼ੋਨਲ ਦਫ਼ਤਰ ਲੈ ਕੇ ਗਈ ਹੈ। ਐੱਨ ਸੀ ਬੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਡਰੱਗ ਪੈਡਲਰ ਦੀ ਨਿਸ਼ਾਨਦੇਹੀ 'ਤੇ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚਿਆ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੇ ਘਰੋਂ ਛਾਪੇਮਾਰੀ 'ਚ ਸ਼ੱਕੀ ਪਦਾਰਥ ਮਿਲਿਆ ਹੈ, ਜੋ ਗਾਂਜਾ ਮੰਨਿਆ ਜਾ ਰਿਹਾ ਹੈ। ਬਾਲੀਵੁੱਡ ਅਭਿਨੇਤਾ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਡਰੱਗ ਐਂਗਲ ਤੋਂ ਬਾਅਦ ਹੀ ਐੱਨ ਸੀ ਬੀ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਡਰੱਗ ਨੂੰ ਲੈ ਕੇ ਐੱਨ ਸੀ ਬੀ ਦਾ ਸ਼ਿਕੰਜਾ ਬਾਲੀਵੁੱਡ ਸਿਤਾਰਿਆਂ 'ਤੇ ਕੱਸਦਾ ਜਾ ਰਿਹਾ ਹੈ। ਭਾਰਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਐਨ ਸੀ ਬੀ ਨੇ ਇੱਕ ਬਿਆਨ ਜਾਰੀ ਕਰਕੇ ਕੀਤੀ। ਜਾਂਚ ਏਜੰਸੀ ਨੇ ਦੱਸਿਆ ਕਿ ਭਾਰਤੀ ਸਿੰਘ ਦੇ ਪ੍ਰੋਡਕਸ਼ਨ ਦਫ਼ਤਰ ਅਤੇ ਘਰ 'ਤੇ ਛਾਪੇਮਾਰੀ ਕੀਤੀ ਸੀ। ਇਸ 'ਚ 86.5 ਗ੍ਰਾਮ ਗਾਜ਼ਾ ਬਰਾਮਦ ਕੀਤਾ ਗਿਆ ਸੀ। ਭਾਰਤੀ ਅਤੇ ਉਸ ਦੇ ਪਤੀ ਹਰਸ਼ ਦੋਵਾਂ ਨੇ ਗਾਜ਼ੇ ਦੇ ਸੇਵਨ ਦੀ ਗੱਲ ਸਵੀਕਾਰ ਕੀਤੀ ਹੈ। ਭਾਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੇ ਹਰਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।