ਮੁੰਬਈ : ਸ਼ਿਵ ਸੈਨਾ ਨੇ ਕਿਸਾਨਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਕੇਂਦਰ ਉੱਤੇ ਵਰ੍ਹਦਿਆਂ ਕਿਹਾ ਕਿ ਇਹ ਦੁਖਦਾਇਕ ਹੈ ਕਿ ਕਿਸਾਨਾਂ ਨੂੰ ਦਹਿਸ਼ਤਗਰਦ ਗਰਦਾਨਿਆ ਜਾ ਰਿਹਾ ਹੈ। ਪਾਰਟੀ ਦੇ ਤਰਜਮਾਨ ਸੰਜੇ ਰਾਉਤ ਨੇ ਐਤਵਾਰ ਕਿਹਾ—ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਜਿਸ ਤਰ੍ਹਾਂ ਰੋਕਿਆ ਗਿਆ, ਉਸ ਤੋਂ ਜਾਪਦਾ ਹੈ ਕਿ ਜਿਵੇਂ ਉਹ ਦੇਸ਼ ਦੇ ਬੰਦੇ ਨਹੀਂ। ਉਨ੍ਹਾਂ ਨਾਲ ਦਹਿਸ਼ਤਗਰਦਾਂ ਵਰਗਾ ਸਲੂਕ ਕੀਤਾ ਗਿਆ, ਕਿਉਂਕਿ ਉਹ ਸਿੱਖ ਹਨ ਤੇ ਪੰਜਾਬ ਤੇ ਹਰਿਆਣਾ ਤੋਂ ਆਏ ਹਨ, ਉਨ੍ਹਾਂ ਨੂੰ ਖਾਲਿਸਤਾਨੀ ਗਰਦਾਨਿਆ ਜਾ ਰਿਹਾ ਹੈ। ਇਹ ਕਿਸਾਨਾਂ ਦੀ ਬੇਇੱਜ਼ਤੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਕਿਸਾਨਾਂ ਨੂੰ ਦਹਿਸ਼ਤਗਰਦ ਗਰਦਾਨ ਕੇ ਉਨ੍ਹਾਂ ਦੀ ਬੇਇੱਜ਼ਤੀ ਕਰਨਾ ਭਾਜਪਾ ਦੀ ਭੈੜੀ ਸੋਚ ਨੂੰ ਦਰਸਾਉਂਦਾ ਹੈ। ਇਹ ਅਮੀਰਾਂ ਦੀ ਹਮਾਇਤੀ ਭਾਜਪਾ ਦੀ ਛੋਟੇ ਬਿਜ਼ਨੈੱਸਮੈਨਾਂ, ਦੁਕਾਨਦਾਰਾਂ, ਰੋਡ ਟਰਾਂਸਪੋਰਟ ਸਮੇਤ ਸਭ ਕੁਝ ਵੱਡੇ ਕਾਰਪੋਰੇਟਾਂ ਕੋਲ ਗਹਿਣੇ ਪਾਉਣ ਦੀ ਸਾਜ਼ਿਸ਼ ਹੈ। ਜੇ ਭਾਜਪਾ ਵਾਲੇ ਸਮਝਦੇ ਹਨ ਕਿ ਕਿਸਾਨ ਦਹਿਸ਼ਤਗਰਦ ਹਨ ਤਾਂ ਉਨ੍ਹਾਂ ਨੂੰ ਸਹੁੰ ਖਾਣੀ ਚਾਹੀਦੀ ਹੈ ਕਿ ਉਹ ਕਿਸਾਨਾਂ ਵੱਲੋਂ ਉਗਾਈ ਚੀਜ਼ ਨਹੀਂ ਖਾਣਗੇ।